ਬਰਤਾਨੀਆ ਮਾਲਿਆ ਨੂੰ ਭਾਰਤ ਹਵਾਲੇ ਨਹੀਂ ਕੀਤਾ ਜਾ ਸਕਦਾ, ਦਾ ਦੋ ਟੁੱਕ ਜਵਾਬ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦੇਸ਼ ਦੀਆਂ 17 ਬੈਂਕਾਂ 'ਚੋਂ 9000 ਕਰੋੜ ਤੋਂ ਵੱਧ ਦਾ ਕਰਜ਼ਾ ਲੈ ਕੇ ਵਿਦੇਸ਼ ਜਾ ਚੁੱਕੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਜਲਦ ਵਾਪਸ ਲਿਆਉਣ ਦੀਆਂ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਦਿਸ ਰਹੀਆਂ ਹਨ। ਬਰਤਾਨੀਆ ਨੇ ਮਾਲਿਆ ਦੀ ਹਵਾਲਗੀ ਤੋਂ ਆਪਣੀ ਅਸਮਰੱਥਤਾ ਪ੍ਰਗਟ ਕੀਤੀ ਹੈ। ਹਾਈ ਕਮਿਸ਼ਨਰ ਨੂੰ ਦਿੱਤੇ ਗਏ ਇੱਕ ਨੋਟ ਰਾਹੀਂ ਬਰਤਾਨੀਆ ਨੇ ਜਾਂਚ ਏਜੰਸੀਆਂ ਨੂੰ ਦੱਸਿਆ ਹੈ ਕਿ ਉਹ ਵਿਜੇ ਮਾਲਿਆ ਦੀ ਹਵਾਲਗੀ ਕਰਾਉਣ ਵਿੱਚ ਅਸਮਰੱਥ ਹੈ। ਇਸ ਨੋਟ ਵਿੱਚ ਕਿਹਾ ਗਿਆ ਹੈ ਕਿ ਮਾਲਿਆ ਐੱਨ ਆਰ ਆਈ ਹੈ ਅਤੇ ਉਸ ਕੋਲ 1992 ਤੋਂ ਬਰਤਾਨੀਆ ਦਾ ਰੈਜ਼ੀਡੈਂਸੀ ਪਰਮਟ ਹੈ। ਭਾਰਤ ਸਰਕਾਰ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਹਾਲਾਂਕਿ ਵਿਜੇ ਮਾਲਿਆ ਦਾ ਪਾਸਪੋਰਟ ਰੱਦ ਹੋ ਗਿਆ ਹੈ, ਪਰ ਉਸ ਕੋਲ ਬਰਤਾਨੀਆ ਵਿੱਚ ਰਹਿਣ ਦਾ ਕਾਨੂੰਨੀ ਵੀਜ਼ਾ ਹੈ। ਮਾਲਿਆ ਦਾ ਕੂਟਨੀਤਕ ਪਾਸਪੋਰਟ 24 ਅਪ੍ਰੈਲ ਨੂੰ ਰੱਦ ਕਰ ਦਿੱਤਾ ਗਿਆ ਸੀ। ਕੇਂਦਰ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਬਰਤਾਨੀਆ ਸਰਕਾਰ ਭਾਰਤ ਨਾਲ 1994 ਹਵਾਲਗੀ ਸੰਧੀ ਤਹਿਤ ਮਾਲਿਆ ਦੀ ਹਵਾਲਗੀ 'ਤੇ ਵਿਚਾਰ ਕਰਨ ਲਈ ਰਾਜ਼ੀ ਹੋ ਗਈ ਹੈ। ਮਾਲਿਆ ਹੁਣ ਸਾਲ 1992 ਤੋਂ ਬਰਤਾਨੀਆ ਦਾ ਰੈਜ਼ੀਡੈਂਸੀ ਪਰਮਟ ਹੈ। ਬਰਤਾਨੀਆ ਸਰਕਾਰ ਨੇ ਦੱਸਿਆ ਕਿ ਪਾਸਪੋਰਟ ਰੱਦ ਹੋਣ ਦੇ ਬਾਅਦ ਵੀ ਮਾਲਿਆ ਕਾਨੂੰਨੀ ਵੀਜ਼ੇ 'ਤੇ ਬਰਤਾਨੀਆ ਰਹਿ ਰਿਹਾ ਹੈ। ਇੱਥੇ ਹੀ ਬੱਸ ਨਹੀਂ, ਬਰਤਾਨੀਆ ਵਿੱਚ ਮਾਲਿਆ ਦਾ ਨਾਂਅ ਉਥੋਂ ਦੀ ਵੋਟਰ ਸੂਚੀ ਵਿੱਚ ਵੀ ਦਰਜ ਹੈ। ਉਸ ਦੀ ਇਸ ਵੇਲੇ ਰਿਹਾਇਸ਼ ਲੰਡਨ ਦੇ ਕਾਫੀ ਨੇੜੇ ਹੈ।