ਦੇਸ਼ ਵਿੱਚ ਕਤਲਾਂ ਦੀ ਕਾਂਗ

ਬਿਹਾਰ ਵਿੱਚ ਇਸ ਵੇਲੇ ਇੱਕੋ ਗੱਲ ਦਾ ਰੌਲਾ ਪੈ ਰਿਹਾ ਹੈ ਕਿ ਓਥੇ ਕਤਲ ਬਹੁਤ ਹੋ ਰਹੇ ਹਨ। ਪਿਛਲਾ ਹਫਤਾ ਜਿਸ ਤਰ੍ਹਾਂ ਦਾ ਬੀਤਿਆ ਹੈ, ਉਸ ਤੋਂ ਬਾਅਦ ਇਹ ਗੱਲ ਕਹਿਣ ਦਾ ਆਧਾਰ ਵੀ ਬਣਦਾ ਹੈ। ਪਹਿਲਾਂ ਤਾਂ ਇੱਕ ਨੌਜਵਾਨ ਦਾ ਕਤਲ ਇਸ ਗੱਲ ਲਈ ਕਰ ਦਿੱਤਾ ਗਿਆ ਕਿ ਉਸ ਨੇ ਇੱਕ ਲੀਡਰ ਬੀਬੀ ਦੇ ਕਾਕੇ ਨੂੰ ਰਾਹ ਦੇਣ ਵਿੱਚ ਕੁਝ ਦੇਰੀ ਕਰ ਦਿੱਤੀ ਸੀ। ਦੂਸਰਾ ਕਤਲ ਇੱਕ ਪੱਤਰਕਾਰ ਦਾ ਹੋਇਆ ਹੈ। ਇਹ ਦੋਵੇਂ ਕਤਲ ਜਿਸ ਤਰ੍ਹਾਂ ਕੀਤੇ ਗਏ ਹਨ, ਉਸ ਤੋਂ ਬਾਅਦ ਓਥੋਂ ਦੀ ਰਾਜਨੀਤੀ ਵਿੱਚ ਕਾਫ਼ੀ ਜ਼ੋਰਦਾਰ ਹੰਗਾਮੇ ਹੋ ਰਹੇ ਹਨ ਤੇ ਇਸ ਮਾਮਲੇ ਵਿੱਚ ਪੱਤਰਕਾਰ ਭਾਈਚਾਰਾ ਵੀ ਆਪਣੇ ਇੱਕ ਭਾਈਬੰਦ ਦੇ ਕਤਲ ਤੋਂ ਬਹੁਤ ਗੁੱਸੇ ਵਿੱਚ ਹੈ।
ਜਿਸ ਆਗੂ ਬੀਬੀ ਦੇ ਪੁੱਤਰ ਨੇ ਕਤਲ ਕੀਤਾ ਹੈ, ਉਹ ਬਿਹਾਰ ਵਿਚਲੇ ਹੇਠਲੇ ਸਦਨ ਵਿਧਾਨ ਪ੍ਰੀਸ਼ਦ ਦੀ ਮੈਂਬਰ ਹੈ। ਬੀਬੀ ਧੜੱਲੇਦਾਰ ਗਿਣੀ ਜਾਂਦੀ ਹੈ। ਉਸ ਦੇ ਆਪਣੇ ਨਾਂਅ ਵੀ ਤਿੰਨ ਹਥਿਆਰਾਂ ਦੇ ਲਾਇਸੈਂਸ ਹਨ ਤੇ ਉਸ ਦੇ ਪਤੀ ਦੇ ਨਾਂਅ ਹੀ ਨਹੀਂ, ਪੁੱਤਰ ਦੇ ਨਾਂਅ ਵੀ ਹਨ। ਬੀਬੀ ਦਾ ਪਤੀ ਵੀ ਧੱਕੜਸ਼ਾਹ ਗਿਣਿਆ ਜਾਣ ਲਈ ਬਿਹਾਰ ਵਰਗੇ ਰਾਜ ਵਿੱਚ ਬਦਨਾਮੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਦੱਸਿਆ ਜਾਂਦਾ ਹੈ। ਉਨ੍ਹਾਂ ਦੇ ਮੁੰਡੇ ਨੇ ਰਾਜ ਸੱਤਾ ਦੇ ਨਸ਼ੇ ਵਿੱਚ ਜਿਸ ਤਰ੍ਹਾਂ ਦਾ ਇਹ ਕਾਰਾ ਕਰ ਦਿੱਤਾ, ਇਸ ਤੋਂ ਬਾਅਦ ਰਾਜ ਸਰਕਾਰ ਨੂੰ ਨਮੋਸ਼ੀ ਮਹਿਸੂਸ ਹੋਈ ਅਤੇ ਇਸ ਕੇਸ ਵਿੱਚ ਕਾਰਵਾਈ ਵੀ ਕੀਤੀ ਗਈ, ਪਰ ਕਾਫ਼ੀ ਪਛੜ ਕੇ ਕੀਤੀ ਗਈ ਹੈ। ਕਤਲ ਹੁੰਦੇ ਸਾਰ ਸਖ਼ਤੀ ਕੀਤੀ ਹੁੰਦੀ ਤਾਂ ਬਿਹਾਰ ਸਰਕਾਰ ਨੂੰ ਉਹ ਬਦਨਾਮੀ ਨਹੀਂ ਸੀ ਝੱਲਣੀ ਪੈਣੀ, ਜਿਹੜੀ ਝੱਲਣੀ ਪੈ ਰਹੀ ਹੈ। ਹੁਣ ਮੁੱਖ ਮੰਤਰੀ ਆਪਣਾ ਅਕਸ ਧੁੰਦਲਾ ਹੋਣ ਤੋਂ ਰੋਕਣ ਲਈ ਯਤਨ ਕਰ ਰਿਹਾ ਹੈ।
ਹਾਲੇ ਇਹ ਮੁੱਦਾ ਤਾਜ਼ਾ ਸੀ ਕਿ ਓਥੇ ਇੱਕ ਪੱਤਰਕਾਰ ਦਾ ਕਤਲ ਹੋ ਗਿਆ। ਭਾਰਤ ਦੇ ਕੌਮੀ ਪੱਧਰ ਦੇ ਅੰਗਰੇਜ਼ੀ ਅਖ਼ਬਾਰ ਹਿੰਦੁਸਤਾਨ ਟਾਈਮਜ਼ ਦੇ ਹਿੰਦੀ ਅਖ਼ਬਾਰ 'ਹਿੰਦੁਸਤਾਨ'’ਦੇ ਬਿਊਰੋ ਚੀਫ ਦਾ ਕਤਲ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਇਹ ਕਤਲ ਸੁਪਾਰੀ ਦੇ ਕੇ ਕਰਵਾਇਆ ਗਿਆ ਹੈ। ਸਾਫ਼ ਹੈ ਕਿ ਚੋਰਾਂ-ਠੱਗਾਂ ਨਾਲ ਜੁੜੇ ਹੋਏ ਗੈਂਗ ਹੁਣ ਮੀਡੀਏ ਦੀ ਜ਼ਬਾਨ ਬੰਦ ਕਰਵਾਉਣ ਤੱਕ ਵੀ ਜਾ ਰਹੇ ਹਨ।
ਅਸੀਂ ਇਸ ਗੱਲੋਂ ਦੁਖੀ ਹਾਂ ਕਿ ਸਾਡਾ ਇੱਕ ਭਾਈਬੰਦ ਪੱਤਰਕਾਰ ਉਸ ਰਾਜ ਵਿੱਚ ਮਾਰ ਦਿੱਤਾ ਗਿਆ ਹੈ ਤੇ ਇਸ ਮਾਮਲੇ ਵਿੱਚ ਅਸੀਂ ਬਿਹਾਰ ਦੇ ਪੱਤਰਕਾਰ ਭਾਈਚਾਰੇ ਦੇ ਨਾਲ ਖੜੇ ਹਾਂ। ਬਿਹਾਰ ਦੀ ਸਰਕਾਰ ਨੂੰ ਇਸ ਮਾਮਲੇ ਵਿੱਚ ਵੀ ਅਤੇ ਹੋਰ ਕਤਲਾਂ ਦੇ ਕੇਸਾਂ ਬਾਰੇ ਵੀ ਕਾਨੂੰਨ ਦੀਆਂ ਵਿਵਸਥਾਵਾਂ ਮੁਤਾਬਕ ਦੇਰੀ ਤੋਂ ਬਿਨਾਂ ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਦੇਸ਼ ਦੇ ਮੀਡੀਏ ਨੂੰ ਇਸ ਦੇ ਲਈ ਦਬਾਅ ਪਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਮੀਡੀਏ ਨੂੰ ਉਸ ਸਰਕਾਰ ਉੱਤੇ ਇਸ ਗੱਲ ਲਈ ਵੀ ਜ਼ੋਰ ਦੇਣਾ ਚਾਹੀਦਾ ਹੈ ਕਿ ਉਹ ਅੱਗੋਂ ਕਿਸੇ ਹੋਰ ਪੱਤਰਕਾਰ ਨਾਲ ਇਹੋ ਜਿਹਾ ਕੋਈ ਹਾਦਸਾ ਨਾ ਹੋਣ ਦੇਣ ਦੇ ਲਈ ਜ਼ਰੂਰੀ ਕਦਮ ਵੀ ਉਠਾਵੇ।
ਅਗਲੀ ਗੱਲ ਇਹ ਹੈ ਕਿ ਸਿਰਫ਼ ਬਿਹਾਰ ਬਾਰੇ ਹੀ ਸਿਆਸੀ ਧਿਰਾਂ, ਅਤੇ ਖ਼ਾਸ ਤੌਰ ਉੱਤੇ ਭਾਜਪਾ ਵਾਲੇ ਸਾਰਾ ਹੰਗਾਮਾ ਕਿਉਂ ਕਰਦੇ ਹਨ, ਨਾਲ ਲੱਗਦੇ ਝਾਰਖੰਡ ਰਾਜ ਵਿੱਚ ਉਨ੍ਹਾਂ ਦੀ ਆਪਣੀ ਸਰਕਾਰ ਦੇ ਹੁੰਦਿਆਂ ਵੀ ਇੱਕ ਪੱਤਰਕਾਰ ਦਾ ਕਤਲ ਪਿਛਲੇ ਹਫਤੇ ਦੌਰਾਨ ਹੋਇਆ ਹੈ, ਉਸ ਬਾਰੇ ਵੀ ਮੀਡੀਏ ਨੂੰ ਇਨਸਾਫ ਚਾਹੀਦਾ ਹੈ। ਰਾਜ ਕਿਸੇ ਵੀ ਪਾਰਟੀ ਦਾ ਹੋਵੇ, ਮੀਡੀਏ ਉੱਤੇ ਹਮਲੇ ਇਸ ਤਰ੍ਹਾਂ ਹੋਈ ਜਾਣ ਤਾਂ ਮੀਡੀਆ ਆਪਣੇ ਲੋਕਾਂ ਵੱਲ ਬਣਦੇ ਫਰਜ਼ ਨਹੀਂ ਨਿਭਾ ਸਕਦਾ। ਮੀਡੀਏ ਉੱਤੇ ਉੱਤਰ ਪ੍ਰਦੇਸ਼ ਵਿੱਚ ਵੀ ਹਮਲੇ ਹੋਏ ਹਨ। ਓਥੇ ਇੱਕ ਵਾਰ ਇੱਕ ਪੱਤਰਕਾਰ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ। ਨਿੰਦਾ ਯੋਗ ਤਾਂ ਉਸ ਪੱਤਰਕਾਰ ਦਾ ਕਤਲ ਵੀ ਸੀ।
ਰਹੀ ਗੱਲ ਕਤਲਾਂ ਦੀ, ਇਹ ਇਸ ਵਕਤ ਸਾਰੇ ਭਾਰਤ ਵਿੱਚ ਬਿਨਾਂ ਰੁਕੇ ਹੋਈ ਜਾ ਰਹੇ ਹਨ ਤੇ ਦੇਸ਼ ਦੀ ਇਸ ਹਾਲਤ ਵਿੱਚ ਸਾਡਾ ਪੰਜਾਬ ਵੀ ਸ਼ਾਮਲ ਹੈ। ਬਿਹਾਰ ਵਿੱਚ ਇੱਕ ਨੌਜਵਾਨ ਦਾ ਕਤਲ ਹੋਣਾ ਦੁਖਦਾਈ ਹੈ ਤੇ ਕਾਤਲਾਂ ਨੂੰ ਕੋਈ ਢਿੱਲ ਨਹੀਂ ਦਿੱਤੀ ਜਾਣੀ ਚਾਹੀਦੀ, ਪਰ ਉਸ ਦੇ ਇੱਕ ਦਿਨ ਬਾਅਦ ਰਾਜਸਥਾਨ ਵਿੱਚ ਜਿਹੜਾ ਕਤਲ ਹੋ ਗਿਆ ਹੈ, ਉਹ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਓਥੇ ਬਿਹਾਰ ਦਾ ਇੱਕ ਵਿਦਿਆਰਥੀ ਜਿੱਦਾਂ ਘੇਰ ਕੇ ਇੱਕ ਵੱਡੇ ਗੈਂਗ ਵੱਲੋਂ ਕਤਲ ਕੀਤਾ ਗਿਆ, ਨਿੰਦਾ ਉਸ ਦੀ ਵੀ ਕਰਨੀ ਬਣਦੀ ਹੈ, ਪਰ ਉਸ ਦੇ ਪਿੱਛੋਂ ਜਿਹੜੀ ਬੇਹੂਦਗੀ ਓਥੇ ਕੋਟਾ ਹਲਕੇ ਦੇ ਭਾਜਪਾ ਵਿਧਾਇਕ ਨੇ ਕੀਤੀ ਹੈ, ਉਸ ਦਾ ਜਵਾਬ ਵੀ ਭਾਜਪਾ ਨੂੰ ਦੇਣਾ ਚਾਹੀਦਾ ਹੈ। ਰਾਜਸਥਾਨ ਦੇ ਉਸ ਭਾਜਪਾ ਵਿਧਾਇਕ ਨੇ ਬਿਹਾਰ ਦੇ ਨੌਜਵਾਨ ਵਿਦਿਆਰਥੀ ਦੇ ਕਤਲ ਦੀ ਨਿੰਦਾ ਵੀ ਨਹੀਂ ਕੀਤੀ, ਸਿਰਫ਼ ਇਹ ਕਹਿਣ ਉੱਤੇ ਸਾਰਾ ਜ਼ੋਰ ਲਾਈ ਗਿਆ ਹੈ ਕਿ ਬਿਹਾਰ ਦੇ ਲੋਕ ਤਾਂ ਗੁੰਡੇ ਹਨ ਅਤੇ ਏਥੇ ਜਿਹੜੇ ਬਿਹਾਰੀ ਨੌਜਵਾਨ ਪੜ੍ਹਨ ਲਈ ਆਉਂਦੇ ਹਨ, ਪਹਿਲਾਂ ਉਨ੍ਹਾਂ ਦੇ ਪਿਛੋਕੜ ਦੀ ਪੁਲਸ ਜਾਂਚ ਕਰਾਈ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਉਹ ਉਸ ਕਤਲ ਲਈ ਜ਼ਿੰਮੇਵਾਰ ਗੈਂਗ ਦੀ ਢਾਲ ਬਣ ਖੜੋਤਾ ਹੈ।
ਅਸੀਂ ਪਿਛਲੇ ਦਿਨਾਂ ਵਿੱਚ ਪੰਜਾਬ ਵਿੱਚ ਵੀ ਕੁਝ ਕਤਲ ਹੋਏ ਵੇਖੇ ਤੇ ਸੁਣੇ ਹਨ, ਜਿਨ੍ਹਾਂ ਲਈ ਜ਼ਿੰਮੇਵਾਰ ਮੰਨੇ ਗਏ ਦੋਸ਼ੀਆਂ ਦਾ ਸੰਬੰਧ ਇੱਕ ਜਾਂ ਦੂਸਰੀ ਰਾਜਸੀ ਧਿਰ ਨਾਲ ਜੁੜਦਾ ਸੁਣਿਆ ਹੈ। ਇਹੋ ਜਿਹੇ ਕਤਲਾਂ ਦੀ ਲੜੀ ਦਿੱਲੀ ਵਰਗੇ ਰਾਜਧਾਨੀ ਦੇ ਸ਼ਹਿਰ ਵਿੱਚ ਵੀ ਚੱਲੀ ਜਾਂਦੀ ਹੈ ਅਤੇ ਮੁੰਬਈ, ਚੇਨੱਈ ਤੇ ਹੋਰ ਵੱਡੇ ਸ਼ਹਿਰਾਂ ਵਿੱਚ ਵੀ ਹੋਈ ਜਾ ਰਹੇ ਹਨ। ਭਾਰਤ ਦੀ ਸਰਕਾਰ ਕਹਿ ਰਹੀ ਹੈ ਕਿ ਅਮਨ-ਕਾਨੂੰਨ ਉਸ ਦੇ ਕੰਟਰੋਲ ਹੇਠ ਹੈ। ਜਦੋਂ ਏਨੇ ਕਤਲ ਹਰ ਪਾਸੇ ਹੋਈ ਜਾਣ ਤਾਂ ਸਰਕਾਰ ਦੇ ਕੰਟਰੋਲ ਬਾਰੇ ਸ਼ੰਕੇ ਉੱਠਦੇ ਹਨ। ਕੇਂਦਰ ਦੀ ਸਰਕਾਰ ਹੋਵੇ ਜਾਂ ਕਿਸੇ ਵੀ ਰਾਜ ਦੀ, ਆਪਣੇ ਲੋਕਾਂ ਦੇ ਜਾਨ-ਮਾਲ ਦੀ ਰਾਖੀ ਦੀ ਗਾਰੰਟੀ ਉਸ ਨੂੰ ਦੇਣੀ ਹੀ ਪਵੇਗੀ।