ਬਟਾਲਾ ਘਟਨਾ ਤੋਂ ਲੋਕ ਰੋਹ ਸਾਹਮਣੇ ਆਇਆ

ਚੰਡੀਗੜ੍ਹ (ਸ਼ੰਗਾਰਾ ਸਿੰਘ ਭੁੱਲਰ)
ਬਟਾਲਾ ਪੁਲਸ ਦੇ ਇੱਕ ਥਾਣੇਦਾਰ ਨੂੰ ਜਿਵੇਂ ਲੰਘੇ ਦਿਨ ਲੋਕਾਂ ਨੇ ਗੁੱਸੇ ਵਿੱਚ ਆ ਕੇ ਖੰਭੇ ਨਾਲ ਬੰਨ੍ਹ ਕੇ ਵਾਹਵਾ ਕੁੱਟਿਆ ਹੈ, ਉਸ ਤੋਂ ਪੰਜਾਬ ਪੁਲਸ ਨੂੰ ਸਬਕ ਸਿੱਖਣ ਦੀ ਲੋੜ ਹੈ। ਪੰਜਾਬ ਪੁਲਸ ਜਿੱਥੇ ਆਪਣੇ ਆਪ ਨੂੰ ਜਨਤਾ ਦੀ ਸੇਵਕ ਹੋਣ ਦਾ ਦਾਅਵਾ ਕਰਦੀ ਨਹੀਂ ਥੱਕਦੀ, ਉਥੇ ਇਸ ਘਟਨਾ ਨੇ ਇਸ ਦਾ ਸਾਰਾ ਹੀ ਹੀਜ ਪਿਆਜ਼ ਨੰਗਾ ਕਰ ਦਿੱਤਾ ਹੈ। ਕੌੜਾ ਸੱਚ ਤਾਂ ਵੈਸੇ ਇਹ ਮੰਨਿਆ ਜਾਂਦਾ ਹੈ ਕਿ ਪੁਲਸ ਦਾ ਅਕਸ ਬਜਾਏ ਇੱਕ ਮਦਦਗਾਰ ਜਾਂ ਸਹਾਇਕ ਏਜੰਸੀ ਵਾਲਾ ਬਣਨ ਦੇ ਉਲਟਾ ਖੌਫਨਾਕ ਬਣਨ ਦਾ ਹੈ। ਦੂਜੇ ਸ਼ਬਦਾਂ ਵਿੱਚ ਇਨ੍ਹਾਂ ਵੱਲੋਂ ਔਖੇ ਹਾਲਾਤ ਵਿੱਚ ਕਿਵੇਂ ਪੀੜਤਾਂ ਨੂੰ ਦਬਕੇ ਮਾਰੇ ਜਾਂਦੇ ਹਨ ਜਾਂ ਮਨਮਰਜ਼ੀ ਕੀਤੀ ਜਾਂਦੀ ਹੈ। ਉਸ ਤੋਂ ਹੌਲੀ-ਹੌਲੀ ਘੁੱਟੇ-ਵੱਟੇ ਲੋਕ ਬਗਾਵਤੀ ਰੁਖ ਅਪਣਾਉਣ ਲੱਗਦੇ ਹਨ। ਸਪੱਸ਼ਟ ਹੈ ਕਿ ਪੁਲਸ ਨੂੰ ਨੇੜ ਭਵਿੱਖ ਵਿੱਚ ਬਦਲਵੇਂ ਹਾਲਾਤ ਸਾਹਮਣੇ ਆਪਣਾ ਅਕਸ ਸੁਧਾਰਨਾ ਪਵੇਗਾ, ਨਹੀਂ ਤਾਂ ਲੋਕ ਹੌਲੀ-ਹੌਲੀ ਪੁਲਸ ਵਿਰੁੱਧ ਹੋਰ ਵੀ ਉਠਣਾ ਸ਼ੁਰੂ ਹੋ ਸਕਦੇ ਹਨ।
ਇਸ ਵਿੱਚ ਦੋ ਰਾਵਾਂ ਨਹੀਂ ਕਿ ਬਟਾਲੇ ਵਾਲਾ ਇਹ ਕਾਂਡ ਬੜਾ ਦੁਖਦਾਈ ਹੈ। ਖਾਸ ਕਰਕੇ ਉਸ ਪਰਵਾਰ ਦੇ, ਜਿਨ੍ਹਾਂ ਦਾ ਬੇਟਾ ਘਰੋਂ ਪੈਸੇ ਬੈਂਕ ਤੋਂ ਕਢਵਾਉਣ ਗਿਆ, ਪਰ ਥੋੜ੍ਹੇ ਚਿਰ ਪਿੱਛੋਂ ਹੀ ਉਸ ਦੀ ਲਾਸ਼ ਘਰ ਆ ਜਾਵੇ। ਇਹ ਦੇਖ ਕੇ ਮਾਪਿਆਂ ਅਤੇ ਆਂਢ ਗੁਆਂਢ ਵਿੱਚ ਰੋਹ ਫੈਲਣਾ ਸੁਭਾਵਿਕ ਹੀ ਸੀ। ਉਹ ਵੀ ਇਸ ਕਰਕੇ ਕਿ ਜਿਸ ਟਰੈਕਟਰ ਟਰਾਲੀ ਵਾਲੇ ਡਰਾਈਵਰ ਕਾਰਨ ਇਹ ਯੁਵਕ ਪਲਾਂ ਵਿਚ ਮੌਤ ਦੇ ਮੂੰਹ ਵਿੱਚ ਜਾ ਪਿਆ, ਉਹ ਪੁਲਸ ਦੇ ਮੌਕੇ 'ਤੇ ਪਹੁੰਚਣ ਦੇ ਬਾਵਜੂਦ ਉਥੋਂ ਖਿਸਕ ਗਿਆ ਸੀ। ਅਸਲ ਵਿੱਚ ਲੋਕਾਂ ਵਿੱਚ ਗੁੱਸੇ ਦਾ ਵੱਡਾ ਕਾਰਨ ਇਹ ਸੀ ਕਿ ਉਸ ਨੂੰ ਫੌਰਨ ਗ੍ਰਿਫਤਾਰ ਕੀਤਾ ਜਾਵੇ, ਇਹੀਓ ਸੀ ਕਿ ਬੱਸ ਇਸੇ ਗੁੱਸੇ ਵਿੱਚ ਹੀ ਲੋਕਾਂ ਨੇ ਮੌਕੇ 'ਤੇ ਪੁੱਜੀ ਪੁਲਸ ਟੀਮ ਦੇ ਇੱਕ ਥਾਣੇਦਾਰ ਨੂੰ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ। ਬਟਾਲੇ ਦੇ ਐਸ ਐੱਸ ਪੀ ਨੇ ਖੁਦ ਉਥੇ ਪਹੁੰਚ ਕੇ ਅਤੇ ਟਰੈਕਟਰ ਡਰਾਈਵਰ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਐਲਾਨ ਕਰਕੇ ਉਸ ਥਾਣੇਦਾਰ ਦੀ ਜਾਨ ਬਚਾਈ, ਪਰ ਇਹ ਘਟਨਾ ਪੰਜਾਬ ਪੁਲਸ ਲਈ ਅੱਖਾਂ ਖੋਲ੍ਹਣ ਵਾਲਾ ਇੱਕ ਸੰਦੇਸ਼ ਜ਼ਰੂਰ ਦਿੰਦੀ ਹੈ। ਵੈਸੇ ਪੁਲਸ ਦਾ ਤੌਰ-ਤਰੀਕਾ ਬੜਾ ਨਿਰਦਈ ਅਤੇ ਜ਼ਾਲਮਾਨਾ ਹੈ।
ਪੰਜਾਬ ਪੁਲਸ ਭਲੇ ਹੀ ਕਦੇ-ਕਦੇ ਕੁਝ ਮਸਲਿਆਂ 'ਤੇ ਆਪਣੀ ਪਿੱਠ ਥਾਪੜਦੀ ਹੋਵੇ, ਇਹ ਵੱਖਰੀ ਗੱਲ ਹੈ, ਪਰ ਪਿਛਲੇ ਛੇਆਂ-ਸੱਤਾਂ ਦਹਾਕਿਆਂ ਵਿੱਚ ਪੰਜਾਬ ਪੁਲਸ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੀ। ਬਹੁਤੇ ਲੋਕਾਂ ਨੂੰ ਮਜਬੂਰੀ ਦੀ ਹਾਲਤ ਵਿੱਚ ਥਾਣੇ ਦੀਆਂ ਬਰੂਹਾਂ 'ਤੇ ਦਸਤਕ ਦੇਣੀ ਪੈਂਦੀ ਹੈ। ਇਸ 'ਤੇ ਮੋਟੇ ਤੌਰ 'ਤੇ ਧੱਕੇਸ਼ਾਹੀ, ਪੀੜਤਾਂ ਨਾਲ ਅਨਿਆਂ, ਜ਼ਮੀਨਾਂ ਜਾਇਦਾਦਾਂ ਕੁਝ ਪ੍ਰਭਾਵਸ਼ਾਲੀ ਲੋਕਾਂ ਨਾਲ ਰਲ ਕੇ ਹਥਿਆਉਣ, ਭ੍ਰਿਸ਼ਟਾਚਾਰ ਦੇ ਦੋਸ਼ ਅਕਸਰ ਲੱਗਦੇ ਹਨ, ਫਿਰ ਵੀ ਪੁਲਸ ਵਿੱਚ ਭਾਵੇਂ ਕੁਝ ਚੰਗੇ ਲੋਕ ਵੀ ਹਨ, ਪਰ ਇੱਕ ਗੱਲ ਸਾਫ ਹੈ ਕਿ ਜਿਵੇਂ ਲੋਕ ਚੇਤੰਨ ਹੋ ਰਹੇ ਹਨ, ਉਸ ਦੀ ਰੋਸ਼ਨੀ ਵਿਚ ਇਸ ਨੂੰ ਲੋਕਾਂ ਦਾ ਸੇਵਕ ਬਣਨ ਦੀ ਪਹਿਲ ਦੇਣ ਦੀ ਜ਼ਰੂਰਤ ਹੈ। ਨਹੀਂ ਤਾਂ ਅੱਜ ਲੋਕਾਂ ਨੇ ਇੱਕ ਥਾਣੇਦਾਰ ਨੂੰ ਹੱਥ ਪਾਇਆ ਹੈ, ਕੱਲ੍ਹ ਨੂੰ ਵੱਡੇ ਅਫਸਰਾਂ ਨੂੰ ਵੀ ਪਾ ਸਕਦੇ ਹਨ।