ਰੋਹਿਤ ਵੇਮੁੱਲਾ ਦੇ ਭਰਾ ਨੇ ਠੁਕਰਾਈ ਆਪ ਸਰਕਾਰ ਦੀ ਨੌਕਰੀ ਦੀ ਪੇਸ਼ਕਸ਼


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਕੇਜਰੀਵਾਲ ਸਰਕਾਰ ਨੇ ਅੱਜ ਦਿੱਲੀ ਹਾਈ ਕੋਰਟ 'ਚ ਦਸਿਆ ਕਿ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੇ ਸਵਰਗੀ ਵਿਦਿਆਰਥੀ ਰੋਹਿਤ ਵੇਮੁੱਲਾ ਦੇ ਭਰਾ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਸੀ, ਉਸ 'ਚ ਉਨ੍ਹਾ ਦਿਲਚਸਪੀ ਨਹੀਂ ਦਿਖਾਈ। ਜ਼ਿਕਰਯੋਗ ਹੈ ਕਿ ਰੋਹਿਤ ਵੇਮੁੱਲਾ ਨੇ ਯੂਨੀਵਰਸਿਟੀ 'ਚ ਖੁਦਕੁਸ਼ੀ ਕਰ ਲਈ ਸੀ।
ਦਿੱਲੀ ਸਰਕਾਰ ਨੇ ਹਾਈ ਕੋਰਟ ਦੇ ਚੀਫ਼ ਜੀ. ਰੋਹਿਣੀ ਅਤੇ ਜਸਟਿਸ ਜੈਅੰਤ ਨਾਥ 'ਤੇ ਅਧਾਰਤ ਬੈਂਚ ਨੂੰ ਦਸਿਆ ਕਿ ਰੋਹਿਤ ਦੇ ਭਰਾ ਨੇ ਸਰਕਾਰ ਵੱਲੋਂ ਦਿੱਤੀ ਨੌਕਰੀ 'ਚ ਦਿਲਚਸਪੀ ਨਹੀਂ ਦਿਖਾਈ। ਇਸ ਦੇ ਨਾਲ ਹੀ ਸਰਕਾਰ ਨੇ ਰੋਹਿਤ ਦੇ ਭਰਾ ਨੂੰ ਨੌਕਰੀ ਦੀ ਪੇਸ਼ਕਸ਼ ਕਰਨ ਦੇ ਫ਼ੈਸਲੇ ਵਿਰੁੱਧ ਦਾਇਰ ਜਨਹਿੱਤ ਪਟੀਸ਼ਨ ਨੂੰ ਰੱਦ ਕਰਨ ਦੀ ਵੀ ਅਦਾਲਤ ਨੂੰ ਅਪੀਲ ਕੀਤੀ।
ਵਕੀਲ ਅਵਧ ਕੌਸ਼ਿਕ ਨੇ ਰੋਹਿਤ ਦੇ ਭਰਾ ਰਾਜਾ ਚੈਤਨਿਆ ਕੁਮਾਰ ਨੂੰ ਗਰੁੱਪ ਸੀ ਦੀ ਨੌਕਰੀ ਅਤੇ ਸਰਕਾਰੀ ਘਰ ਦੇਣ ਦੇ ਆਪ ਸਰਕਾਰ ਦੇ 24 ਫ਼ਰਵਰੀ ਦੇ ਫ਼ੈਸਲੇ ਨੂੰ ਇਹ ਆਖਦਿਆਂ ਚੁਣੌਤੀ ਦਿੱਤੀ ਸੀ ਕਿ ਇਹ ਗਲਤ, ਮਨਮਰਜ਼ੀ ਦਾ ਅਤੇ ਸਿਆਸਤ ਤੋਂ ਪ੍ਰੇਰਿਤ ਫ਼ੈਸਲਾ ਹੈ। ਦਿੱਲੀ ਸਰਕਾਰ ਦੇ ਵਕੀਲ ਗੌਤਮ ਨਰਾਇਣ ਨੇ ਅਦਾਲਤ ਨੂੰ ਦਸਿਆ ਕਿ ਵੇਮੁੱਲਾ ਦੇ ਭਰਾ ਨੇ ਕਿਹਾ ਕਿ ਉਹ ਤਰਸ ਦੇ ਅਧਾਰ 'ਤੇ ਦਿੱਤੀ ਗਈ ਨੌਕਰੀ ਨਹੀਂ ਚਾਹੁੰਦਾ, ਇਸ ਲਈ ਇਹ ਪਟੀਸ਼ਨ ਬੇਮਤਲਬ ਜਾਂਦੀ ਹੈ।
ਇਸ ਦੇ ਨਾਲ ਹੀ ਅਦਾਲਤ ਨੇ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਪਟੀਸ਼ਨ 'ਚ ਲਾਏ ਗਏ ਦੋਸ਼ਾਂ 'ਤੇ ਅਦਾਲਤ ਸਾਹਮਣੇ ਪੇਸ਼ ਆਪਣੀਆਂ ਗੱਲਾਂ ਨੂੰ ਦੋ ਹਫ਼ਤਿਆਂ ਅੰਦਰ ਇੱਕ ਸੰਖੇਪ ਹਲਫਨਾਮੇ 'ਚ ਪੇਸ਼ ਕਰੇ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 13 ਜੁਲਾਈ 'ਤੇ ਪਾ ਦਿੱਤੀ ਹੈ।