ਦਿੱਲੀ ਨਗਰ ਨਿਗਮ ਉਪ ਚੋਣਾਂ; ਆਪ ਦਾ ਪਾਣੀ ਉੱਤਰਿਆ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਨਗਰ ਨਿਗਮ ਉਪ ਚੋਣਾਂ ਦੇ ਨਤੀਜਿਆਂ ਤੋਂ ਸਾਫ਼ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਦਾ ਜਾਦੂ ਉਤਰ ਗਿਆ ਹੈ, ਜਦਕਿ ਕਾਂਗਰਸ ਮੁੜ ਪੈਰੀਂ ਆ ਰਹੀ ਹੈ ਅਤੇ ਭਾਜਪਾ ਲਈ ਹਾਲਾਤ ਅਜੇ ਵੀ ਨਿਰਾਸ਼ਾਜਨਕ ਹਨ। ਨਗਰ ਨਿਗਮ ਦੇ 13 ਵਾਰਡਾਂ ਦੀਆਂ ਉਪ ਚੋਣਾਂ 'ਚ ਆਪ ਨੇ 5, ਕਾਂਗਰਸ ਨੇ 4 ਅਤੇ ਭਾਜਪਾ ਨੇ 3 ਵਾਰਡਾਂ 'ਚ ਜਿੱਤ ਹਾਸਲ ਕੀਤੀ ਹੈ, ਜਦਕਿ ਇਕ ਵਾਰਡ 'ਚ ਅਜ਼ਾਦ ਉਮੀਦਵਾਰ ਜੇਤੂ ਰਿਹਾ ਹੈ। ਆਮ ਆਦਮੀ ਪਾਰਟੀ ਨੇ ਆਪਣੇ ਨਿੱਜੀ ਸਰਵੇ ਰਾਹੀਂ ਸਾਰੀਆਂ 13 ਸੀਟਾਂ 'ਤੇ ਜਿੱਤ ਦਾ ਦਾਅਵਾ ਕੀਤਾ ਅਤੇ ਪਾਰਟੀ ਆਗੂ ਨਿੱਜੀ ਗੱਲਬਾਤ 'ਚ ਮੰਨਦੇ ਸਨ ਕਿ ਪਾਰਟੀ ਦੇ ਘੱਟੋ-ਘੱਟ 10 ਉਮੀਦਵਾਰ ਜਿੱਤਣਗੇ, ਪਰ ਪਾਰਟੀ ਦਾ ਵਿਧਾਨ ਸਭਾ ਚੋਣਾਂ 'ਚ ਚੱਲਿਆ ਜਾਦੂ ਹੁਣ ਖ਼ਤਮ ਹੋਣ ਲੱਗ ਪਿਆ ਹੈ। ਦਿੱਲੀ ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਦੇ ਹਲਕਿਆਂ 'ਚ ਪੈਂਦੇ ਵਾਰਡਾਂ 'ਚ ਆਪ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਆਪ ਸਰਕਾਰ ਅਤੇ ਪਾਰਟੀ ਆਗੂ ਵਾਰ-ਵਾਰ ਆਖ ਰਹੇ ਸਨ ਕਿ ਉਹ ਦਿੱਲੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਮੁੱਦਾ ਬਣਾ ਕੇ ਚੋਣ ਲੜ ਰਹੀ ਹੈ, ਕਿਉਂਕਿ ਸਰਕਾਰ ਨੇ ਬਹੁਤ ਕੰਮ ਕੀਤੇ ਹਨ, ਇਸ ਲਈ ਉਸ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਹੈ।
ਕਾਂਗਰਸ ਲਈ ਇਹ ਚੋਣਾਂ ਤਸੱਲੀਬਖ਼ਸ਼ ਰਹੀਆਂ ਅਤੇ ਉਸ ਨੇ 4 ਸੀਟਾਂ ਲੈ ਕੇ ਆਪਣਾ ਜਨ ਅਧਾਰ ਪ੍ਰਾਪਤ ਕਰਨ ਵੱਲ ਕਦਮ ਵਧਾਇਆ ਅਤੇ ਜਿਹੜੇ 13 ਵਾਰਡਾਂ 'ਚ ਉਪ ਚੋਣਾਂ ਹੋਈਆਂ, ਉਥੇ ਪਹਿਲਾਂ ਉਸ ਕੋਲ ਕੋਈ ਸੀਟ ਨਹੀਂ ਸੀ। ਭਾਜਪਾ ਲਈ ਉਪ ਚੋਣਾਂ ਦੇ ਨਤੀਜੇ ਨਿਰਾਸ਼ਾਜਨਕ ਰਹੇ। ਜ਼ਿਕਰਯੋਗ ਹੈ ਕਿ ਤਿੰਨੇ ਨਗਰ ਨਿਗਮਾਂ 'ਤੇ ਭਾਜਪਾ ਦਾ ਕਬਜ਼ਾ ਹੈ ਅਤੇ ਪਾਰਟੀ ਆਗੂ ਦਾਅਵਾ ਕਰ ਰਹੇ ਸਨ ਕਿ ਕਾਰਪੋਰੇਸ਼ਨ 'ਚ ਉਸ ਦੀ ਕਾਰਗੁਜ਼ਾਰੀ ਇਸ ਚੋਣਾਂ 'ਚ ਉਸ ਦੀ ਜਿੱਤ ਯਕੀਨੀ ਕਰੇਗੀ। ਨਤੀਜਿਆਂ ਤੋਂ ਸਾਫ਼ ਹੈ ਕਿ ਲੋਕਾਂ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ।