ਰਿਓ ਉਲੰਪਿਕ; ਸੁਸ਼ੀਲ ਕੁਮਾਰ ਨੂੰ ਨਹੀਂ ਮਿਲੀ ਹਾਈ ਕੋਰਟ ਤੋਂ ਰਾਹਤ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਿਓ ਉਲੰਪਿਕ 'ਚ ਹਿੱਸਾ ਲੈਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣ ਵਾਲੇ ਸੁਸ਼ੀਲ ਕੁਮਾਰ ਨੂੰ ਦਿੱਲੀ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ, ਹਾਲਾਂਕਿ ਅਦਾਲਤ ਨੇ ਰੈਸਲਿੰਗ ਫੈਡਰੇਸ਼ਨ ਨੂੰ ਸੁਸ਼ੀਲ ਕੁਮਾਰ ਨੂੰ ਬੁਲਾ ਕੇ ਉਸ ਨਾਲ ਗੱਲਬਾਤ ਕਰਨ ਲਈ ਆਖਿਆ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਹੈ ਕਿ ਫੈਡਰੇਸ਼ਨ ਪੂਰੇ ਮਾਮਲੇ ਨੂੰ ਵਿਸਥਾਰਿਤ ਨਜ਼ਰੀਏ ਤੋਂ ਦੇਖੇ, ਤਾਂ ਕਿ ਭਵਿੱਖ 'ਚ ਅਜਿਹੀ ਕੋਈ ਸਮੱਸਿਆ ਨਾ ਆਏ।
ਹਾਈ ਕੋਰਟ ਨੇ ਕਿਹਾ ਹੈ ਕਿ ਸੁਸ਼ੀਲ ਕੁਮਾਰ ਰੈਸਲਿੰਗ ਫੈਡਰੇਸ਼ਨ ਲਈ ਸਨਮਾਨਿਤ ਵਿਅਕਤੀ ਹੋਣਾ ਚਾਹੀਦਾ ਹੈ ਅਤੇ ਫੈਡਰੇਸ਼ਨ ਬੁਲਾ ਕੇ ਉਸ ਨਾਲ ਗੱਲਬਾਤ ਕਰੇ। ਅਦਾਲਤ ਨੇ ਫ਼ੈਡਰੇਸ਼ਨ ਨੂੰ 5 ਦਿਨਾਂ ਅੰਦਰ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। ਸੁਸ਼ੀਲ ਕੁਮਾਰ ਨੇ ਅਦਾਲਤ 'ਚ ਕਿਹਾ ਸੀ ਕਿ ਉਹ ਰਿਓ ਉਲੰਪਿਕ 'ਚ ਜਾਣ ਤੋਂ ਪਹਿਲਾਂ ਨਰਸਿੰਘ ਯਾਦਵ ਨਾਲ ਇੱਕ ਕੁਸ਼ਤੀ ਲੜਨਾ ਚਾਹੁੰਦਾ ਹੈ। ਸੁਸ਼ੀਲ ਕੁਮਾਰ ਨੇ ਕਿਹਾ ਕਿ ਉਸ ਨੇ ਰਿਓ ਉਲੰਪਿਕ ਲਈ ਕਾਫ਼ੀ ਤਿਆਰੀ ਕੀਤੀ ਹੈ। ਇਸ ਬਾਰੇ ਫੈਡਰੇਸ਼ਨ ਨੇ ਕਿਹਾ ਕਿ ਤਿੰਨ ਵਾਰੀ ਸੁਸ਼ੀਲ ਕੁਮਾਰ ਨੇ ਨਰਸਿੰਘ ਯਾਦਵ ਨਾਲ ਕਿਸੇ ਵੀ ਤਰ੍ਹਾਂ ਦੇ ਮੁਕਾਬਲੇ ਨੂੰ ਟਾਲਿਆ ਹੈ। ਉਲੰਪਿਕ ਲਈ ਨਰਸਿੰਘ ਯਾਦਵ ਸੁਸ਼ੀਲ ਕੁਮਾਰ ਤੋਂ ਬਿਹਰਤ ਰੈਸਲਰ ਹੈ।
ਅਦਾਲਤ ਨੇ ਕਿਹਾ ਹੈ ਕਿ ਸੁਸ਼ੀਲ ਦੇਸ਼ ਲਈ ਖੇਡ ਚੁੱਕੇ ਹਨ, ਪਰ ਨਰਸਿੰਘ ਯਾਦਵ ਨੂੰ ਵੀ ਉਸ ਦੀ ਯੋਗਤਾ ਨੂੰ ਧਿਆਨ 'ਚ ਰੱਖ ਕੇ ਚੁਣਿਆ ਗਿਆ ਹੈ। ਅਦਾਲਤ ਨੇ ਪੁੱਛਿਆ ਹੈ ਕਿ ਫੈਡਰੇਸ਼ਨ ਨੇ ਸੁਸ਼ੀਲ ਨੂੰ ਬੁਲਾ ਕੇ ਸਾਰੀਆਂ ਗੱਲਾਂ ਕਿਓਂ ਨਹੀਂ ਦੱਸੀਆਂ। ਇਸ ਦੇ ਜਵਾਬ 'ਚ ਫੈਡਰੇਸ਼ਨ ਨੇ ਕਿਹਾ ਕਿ ਸੁਸ਼ੀਲ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ, ਪਰ ਉਹ ਗੱਲਾਂ ਸਮਝਣਾ ਨਹੀਂ ਚਾਹੁੰਦਾ। ਸੁਸ਼ੀਲ ਕੁਮਾਰ ਨੇ ਅਰਜ਼ੀ 'ਚ ਹਾਈ ਕੋਰਟ ਤੋਂ ਮੰਗ ਕੀਤੀ ਕਿ ਨਰਸਿੰਘ ਯਾਦਵ ਨਾਲ ਉਸ ਦਾ ਟ੍ਰਾਇਲ ਕਰਵਾਇਆ ਜਾਵੇ। ਜ਼ਿਕਰਯੋਗ ਹੈ ਕਿ ਸੁਸ਼ੀਲ ਕੁਮਾਰ 74 ਕਿਲੋਮੀਟਰ ਭਾਰ ਵਰਗ 'ਚ ਕੁਸ਼ਤੀ ਦੇ ਦਾਅਵੇਦਾਰ ਹਨ।