ਪੱਤਰਕਾਰ ਹੱਤਿਆ ਕਾਂਡ; ਸਵਾਨ ਜੇਲ੍ਹ 'ਚ ਪੁਲਸ ਵੱਲੋਂ ਛਾਪੇਮਾਰੀ


ਸਿਵਾਨ (ਨਵਾਂ ਜ਼ਮਾਨਾ ਸਰਵਿਸ)-ਸਿਵਾਨ ਦੇ ਸੀਨੀਅਰ ਪੱਤਰਕਾਰ ਰਾਜਦੇਵ ਰੰਜਨ ਦੇ ਕਤਲ ਦੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਬਿਹਾਰ ਸਰਕਾਰ ਵੱਲੋਂ ਸਿਫਾਰਸ਼ ਕੀਤੇ ਜਾਣ ਤੋਂ ਬਾਅਦ ਪੁਲਸ ਨੇ ਸਿਵਾਨ ਜੇਲ੍ਹ ਵਿੱਚ ਛਾਪੇਮਾਰੀ ਕੀਤੀ ਹੈ। ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸੇ ਜੇਲ੍ਹ ਵਿੱਚ ਬੰਦ ਰਾਸ਼ਟਰੀ ਜਨਤਾ ਦਲ ਦੇ ਸਾਬਕਾ ਸਾਂਸਦ ਮੁਹੰਮਦ ਸ਼ਹਾਬੂਦੀਨ ਦੇ ਵਾਰਡ ਵਿੱਚ ਵੀ ਛਾਪੇਮਾਰੀ ਕੀਤੀ ਗਈ ਅਤੇ ਤਲਾਸ਼ੀ ਲਈ ਗਈ ਹੈ। ਜਾਣਕਾਰੀ ਮਿਲੀ ਹੈ ਕਿ ਛਾਪੇਮਾਰੀ ਦੌਰਾਨ ਪੁਲਸ ਨੂੰ ਜੇਲ੍ਹ ਵਿੱਚੋਂ 8 ਮੋਬਾਇਲ ਮਿਲੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਹਾਬੂਦੀਨ ਨੂੰ ਸਿਵਾਨ ਜੇਲ੍ਹ 'ਚੋਂ ਹੋਰ ਕਿਸੇ ਕੇਂਦਰੀ ਜੇਲ੍ਹ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਹਿੰਦਰ ਕੁਮਾਰ ਅਤੇ ਪੁਲਸ ਮੁਖੀ ਸੌਰਵ ਕੁਮਾਰ ਦੀ ਅਗਵਾਈ ਹੇਠ ਪੁਲਸ ਵੱਲੋਂ ਵੱਖ-ਵੱਖ ਵਾਰਡਾਂ ਵਿੱਚ ਇੱਕੋ ਵੇਲੇ ਛਾਪੇਮਾਰੀ ਕੀਤੀ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਜੇਲ੍ਹ ਵਿੱਚੋਂ 2 ਚਾਕੂ ਵੀ ਬਰਾਮਦ ਹੋਏ ਹਨ। ਓਧਰ ਬਿਹਾਰ ਪੁਲਸ ਨੇ ਜੇਲ੍ਹ ਵਿੱਚ ਬੰਦ ਸ਼ਹਾਬੂਦੀਨ ਨੂੰ ਮਿਲਣ ਵਾਲਿਆਂ ਦੀ ਸੂਚੀ ਤਿਆਰ ਕਰ ਲਈ ਹੈ ਅਤੇ ਇਨ੍ਹਾਂ 63 ਵਿਅਕਤੀਆਂ ਵਿਰੁੱਧ ਐੱਫ ਆਈ ਆਰ ਦਰਜ ਕੀਤੀ ਗਈ ਹੈ। ਪੁਲਸ ਇਸ ਗੱਲ ਤਾ ਪਤਾ ਲਾਉਣ ਵਿੱਚ ਲੱਗੀ ਹੋਈ ਹੈ। ਇਹ ਲੋਕ ਕਿਸ ਮਕਸਦ ਨਾਲ ਜੇਲ੍ਹ ਵਿੱਚ ਸ਼ਹਾਬੂਦੀਨ ਨੂੰ ਮਿਲਣ ਜਾਂਦੇ ਸਨ। ਰਾਜਦੇਵ ਰੰਜਨ ਦੇ ਕਤਲ ਦੇ ਮਾਮਲੇ 'ਚ ਸ਼ਹਾਬੂਦੀਨ ਦਾ ਨਾਂਅ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਹੈ ਕਿ ਬਿਹਾਰ ਵਿੱਚ ਮਹਾਂ ਜੰਗਲ ਰਾਜ ਦਾ ਦੌਰ ਆ ਗਿਆ ਹੈ। ਸ਼ਹਾਬੂਦੀਨ ਕਤਲ ਦੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੂੰ ਮੌਤ ਦੀ ਸਜ਼ਾ ਹੋਈ ਹੈ। ਹਾਲ ਹੀ ਵਿਚ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਬਿਹਾਰ ਦੀ ਵਿਗੜਦੀ ਕਾਨੂੰਨ ਵਿਵਸਥਾ ਦਾ ਮੁੱਦਾ ਉਠਾਉਂਦਿਆਂ ਦੋਸ਼ ਲਾਇਆ ਸੀ ਕਿ ਬਿਹਾਰ ਸਰਕਾਰ ਦੇ ਕਈ ਮੰਤਰੀ ਜੇਲ੍ਹ ਵਿੱਚ ਬੰਦ ਸ਼ਹਾਬੂਦੀਨ ਨੂੰ ਮਿਲਦੇ ਹਨ।