ਬਾਬਾ ਹਰਦੇਵ ਸਿੰਘ ਦਾ ਅੰਤਮ ਸੰਸਕਾਰ-ਹਜ਼ਾਰਾਂ ਸੇਜਲ ਅੱਖਾਂ ਵੱਲੋਂ ਅੰਤਿਮ ਵਿਦਾਇਗੀ


ਨਵੀਂ ਦਿੱਲੀ (ਨ ਜ਼ ਸ)
ਨਿਰੰਕਾਰੀ ਬਾਬਾ ਹਰਦੇਵ ਸਿੰਘ ਦਾ ਅੰਤਮ ਸੰਸਕਾਰ ਨਿਗਮਬੋਧ ਘਾਟ 'ਤੇ ਅੱਜ ਕੀਤਾ ਗਿਆ। ਸੀ.ਐਨ.ਜੀ ਸਸਕਾਰ ਘਰ ਵਿੱਚ ਹਰ ਪਾਸੇ 'ਤੂ ਹੀ ਨਿਰੰਕਾਰ' ਦੇ ਜਾਪ ਦਰਮਿਆਨ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਜਵਾਈ ਦਾ ਅੰਤਮ ਸਸਕਾਰ ਵੀ ਉਥੇ ਹੀ ਕੀਤਾ ਗਿਆ।
ਬਾਬਾ ਹਰਦੇਵ ਸਿੰਘ ਦਾ ਮ੍ਰਿਤਕ ਸਰੀਰ ਦਿੱਲੀ ਲਿਆਂਦਾ ਜਾਣ ਮਗਰੋਂ ਬੁਰਾੜੀ ਬਾਈਪਾਸ ਦੇ ਗਰਾਊਂਡ ਨੰਬਰ 8 ਵਿੱਚ ਅੱਜ ਹਜ਼ਾਰਾਂ ਭਗਤ ਉਨ੍ਹਾਂ ਨੂੰ ਵਿਦਾਇਗੀ ਦੇਣ ਪਹੁੰਚੇ। ਉਨ੍ਹਾਂ ਦੇ ਸਸਕਾਰ ਦੌਰਾਨ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਸਨ। ਦੂਜੇ ਪਾਸੇ ਇਹ ਵੀ ਖ਼ਬਰ ਪ੍ਰਾਪਤ ਹੋਈ ਹੈ ਕਿ ਹੁਣ ਨਿਰੰਕਾਰੀ ਮਿਸ਼ਨ ਦੀ ਕਮਾਨ ਹਰਦੇਪ ਸਿੰਘ ਦੀ ਪਤਨੀ ਸਵਿੰਦਰ ਕੌਰ ਸੰਭਾਲੇਗੀ।
ਜ਼ਿਕਰਯੋਗ ਹੈ ਕਿ ਬਾਬਾ ਹਰਦੇਵ ਸਿੰਘ ਦਾ ਕਨੇਡਾ ਵਿੱਚ 13 ਮਈ ਨੂੰ ਸੜਕ ਦੁਰਘਟਨਾ ਵਿੱਚ ਦੇਹਾਂਤ ਹੋ ਗਿਆ ਸੀ। ਉਹ 62 ਵਰ੍ਹਿਆਂ ਦੇ ਸਨ। ਉਹ ਕਨੇਡਾ ਵਿੱਚ ਇੱਕ ਕਾਰ 'ਚ ਸਵਾਰ ਹੋ ਕੇ ਨਿਊਯਾਰਕ ਤੋਂ ਮੌਂਟਰੀਅਲ ਆ ਰਹੇ ਸਨ ਕਿ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਰਦੇਵ ਸਿੰਘ ਦਾ ਜਨਮ ਦਿੱਲੀ ਵਿੱਚ 23 ਫਰਵਰੀ 1954 ਨੂੰ ਗੁਰਬਚਨ ਸਿੰਘ ਅਤੇ ਕੁਲਵੰਤ ਕੌਰ ਦੇ ਘਰ ਹੋਇਆ। ਉਨ੍ਹਾਂ ਦੇ ਪਿਤਾ ਗੁਰਬਚਨ ਸਿੰਘ ਨਿਰੰਕਾਰੀ ਸਮਾਜ ਦੇ ਮੁਖੀ ਸਨ। ਗੁਰਬਚਨ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਪਿਤਾ ਦੀ ਮੌਤ ਤੋਂ ਬਾਅਦ ਹਰਦੇਵ ਸਿੰਘ ਨੇ ਨਿਰੰਕਾਰੀ ਮੁਖੀ ਦੀ ਕਮਾਨ ਸੰਭਾਲੀ ਸੀ। ਸੰਤ ਨਿਰੰਕਾਰੀ ਮਿਸ਼ਨ ਦੀ ਸਥਾਪਨਾ 1929 ਵਿੱਚ ਬੂਟਾ ਸਿੰਘ ਨੇ ਕੀਤੀ ਸੀ।