ਢੱਡਰੀਆਂ ਵਾਲੇ 'ਤੇ ਹਮਲੇ ਦੇ ਸੰਬੰਧ 'ਚ ਚਾਰ ਹਿਰਾਸਤ 'ਚ


ਲੁਧਿਆਣਾ (ਨਵਾਂ ਜ਼ਮਾਨਾ ਸਰਵਿਸ) -ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਹਮਲੇ ਦੇ ਸੰਬੰਧ ਵਿੱਚ ਲੁਧਿਆਣਾ ਪੁਲਸ ਵੱਲੋਂ ਚਾਰ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ 'ਤੇ ਹਿਰਾਸਤ 'ਚ ਲਏ ਜਾਣ ਦੀ ਖ਼ਬਰ ਹੈ। ਜਿਨ੍ਹਾਂ ਕੋਲੋਂ ਇਸ ਹਮਲੇ ਦੇ ਸੰਬੰਧ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਢੱਡਰੀਆ ਵਾਲੇ 'ਤੇ ਹੋਏ ਇਸ ਹਮਲੇ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ ।ਹਮਲਾ ਬੜੇ ਯੋਜਨਾਬੱਧ ਢੰਗ ਨਾਲ ਕੀਤਾ ਗਿਆ, ਜਿਸ ਕਰਕੇ ਪੁਲਸ ਵੀ ਇਸ ਨੂੰ ਕਈ ਪੱਖਾਂ ਤੋਂ ਵਾਚ ਰਹੀ ਹੈ । ਮੁੱਢਲੀ ਜਾਣਕਾਰੀ ਮੁਤਾਬਕ ਹਮਲਾਵਰ 50 ਤੋਂ 60 ਸਨ ।ਉਹ ਸਿੱਖੀ ਬਾਣੇ ਵਿੱਚ ਸਨ ।ਉਹ ਜਿਸ ਢੰਗ ਨਾਲ ਫਾਇਰਿੰਗ ਕਰਕੇ ਫਰਾਰ ਹੋਏ, ਉਸ ਤੋਂ ਲੱਗਦਾ ਉਹ ਪੂਰੀ ਤਰ੍ਹਾਂ ਟ੍ਰੇਂਡ ਸਨ ।
ਹਮਲਾਵਰਾਂ ਨੇ ਪੂਰੀ ਪਲੈਨਿੰਗ ਕੀਤੀ ਹੋਈ ਸੀ । ਉਨ੍ਹਾਂ ਕੋਲ ਵੱਡੀ ਮਾਤਰਾ ਵਿੱਚ ਹਥਿਆਰ ਸਨ । ਉਨ੍ਹਾਂ ਨੇ 60 ਦੇ ਕਰੀਬ ਫਾਇਰ ਕੀਤੇ । ਉਨ੍ਹਾਂ ਨੂੰ ਪਤਾ ਸੀ ਕਿ ਬਾਬਾ ਢੱਡਰੀਆਂ ਵਾਲੇ ਦਾ ਕਾਫਲਾ ਇੱਥੋਂ ਹੀ ਲੰਘੇਗਾ ।ਉਨ੍ਹਾਂ ਨੇ ਅੱਠ ਘੰਟੇ ਤੱਕ ਉਡੀਕ ਕੀਤੀ ।ਸੜਕ 'ਤੇ ਟੈਂਟ ਲਗਾ ਕੇ 12 ਵਜੇ ਦੇ ਕਰੀਬ ਛਬੀਲ ਲਾਈ ।
ਸ਼ਾਮ ਅੱਠ ਵਜੇ ਜਦੋਂ ਕਾਫਲਾ ਪਹੁੰਚਿਆ ਤਾਂ ਉਨ੍ਹਾਂ ਨੇ ਬਾਬੇ ਦੀ ਗੱਡੀ ਬਾਰੇ ਪੁੱਛਦਿਆਂ ਹੀ ਫਾਇਰਿੰਗ ਕਰ ਦਿੱਤੀ ।ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਖਾਲਿਸਤਾਨ ਦੇ ਨਾਅਰੇ ਲਾਉਂਦੇ ਹੋਏ ਫਰਾਰ ਹੋ ਗਏ ।ਬੇਸ਼ੱਕ ਪਹਿਲੀ ਨਜ਼ਰੇ ਲੱਗ ਰਿਹਾ ਹੈ ਕਿ ਬਾਬੇ ਨੂੰ ਖਾਲਿਸਤਾਨ ਪੱਖੀਆਂ ਨੇ ਨਿਸ਼ਾਨਾ ਬਣਾਇਆ, ਪਰ ਪੁਲਸ ਅਜੇ ਕਿਸੇ ਗੱਲ਼ ਦੀ ਪੁਸ਼ਟੀ ਨਹੀਂ ਕਰ ਰਹੀ, ਕਿਉਂਕਿ ਇਸ ਮਾਮਲੇ ਨਾਲ ਕਈ ਹੋਰ ਪਹਿਲੂ ਵੀ ਜੁੜੇ ਹੋਏ ਹਨ ।ਲੁਧਿਆਣਾ ਦੇ ਪੁਲਸ ਕਮਿਸ਼ਨਰ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਇਲਾਕੇ ਵਿੱਚੋਂ ਸੀ ਸੀ ਟੀ ਵੀ ਫੁਟੇਜ ਇਕੱਠੀ ਕੀਤੀ ਜਾ ਰਹੀ ਹੈ । ਪੁਲਸ ਮੁਤਾਬਕ ਛਬੀਲ ਲਾਉਣ ਵਾਲਿਆਂ ਨੇ ਨੇੜੇ ਦੀਆਂ ਦੁਕਾਨਾਂ ਤੋਂ ਹੀ ਸਾਮਾਨ ਖਰੀਦਿਆ ਸੀ । ਇਸ ਲਈ ਮੁਲਜ਼ਮਾਂ ਤੱਕ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ ।
ਕਾਬਲੇ ਗੌਰ ਹੈ ਕਿ ਬਾਬਾ ਰਣਜੀਤ ਸਿੰਘ ਕਈ ਵਿਵਾਦਾਂ ਵਿੱਚ ਘਿਰੇ ਰਹੇ ਹਨ । ਉਨ੍ਹਾਂ ਦਾ ਵਿਦੇਸ਼ਾਂ ਵਿੱਚ ਵੀ ਕਾਫੀ ਵਿਰੋਧ ਹੋਇਆ ਸੀ । ਬਾਬੇ ਨੇ ਫੇਸਬੁੱਕ ਪੋਸਟ ਜ਼ਰੀਏ ਕਈ ਡੇਰਾ ਮੁਖੀਆਂ ਤੇ ਪੰਜਾਬ ਦੇ ਕੁਝ ਸਿੰਗਰਾਂ ਦੀ ਅਲੋਚਨਾ ਵੀ ਕੀਤੀ ਸੀ । ਪਿਛਲੇ ਦਿਨੀਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਨੂੰ ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਰਕਾਰ ਦਾ ਏਜੰਟ ਕਰਾਰ ਦੇ ਦਿੱਤਾ ਸੀ । ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਤਾਂ ਹਮੇਸ਼ਾਂ ਉਨ੍ਹਾਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ ।