ਪੰਜਾਬ 'ਚ ਕੋਈ ਵੀ ਸੁਰੱਖਿਅਤ ਨਹੀਂ : ਹਰਦੇਵ ਅਰਸ਼ੀ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)-ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਨੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉਤੇ ਹੋਏ ਅਸਫਲ ਜਾਨਲੇਵਾ ਹਮਲੇ ਦੀ ਨਿਖੇਧੀ ਕਰਦਿਆਂ ਪੰਜਾਬ ਵਿਚ ਨਿਘਰ ਰਹੀ ਅਮਨ-ਕਾਨੂੰਨ ਦੀ ਹਾਲਤ ਉਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ।
ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਹਰਦੇਵ ਸਿੰਘ ਅਰਸ਼ੀ ਨੇ ਅੱਜ ਇਥੇ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਭਾਵੇਂ ਸਾਨੂੰ ਸੰਤ ਰਣਜੀਤ ਸਿੰਘ ਨਾਲ ਕਈ ਅਹਿਮ ਮੁੱਦਿਆਂ ਉਤੇ ਮਤਭੇਦ ਹਨ, ਪਰ ਉਹਨਾਂ ਉਤੇ ਜਨੂੰਨੀ ਅਨਸਰਾਂ ਵਲੋਂ ਹਮਲੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਉਤੇ ਕੀਤਾ ਗਿਆ ਯੋਜਨਾਬੱਧ ਹਮਲਾ ਨਾ ਕੇਵਲ ਧਾਰਮਿਕ ਅਤੇ ਵਿਚਾਰਾਂ ਦੀ ਆਜ਼ਾਦੀ ਉਤੇ ਹਮਲਾ ਹੈ, ਸਗੋਂ ਇਹ ਗੰਭੀਰ ਚਿੰਤਾ ਦਾ ਸੰਕੇਤ ਵੀ ਹੈ, ਜਦੋਂ ਇਸ ਸੰਬੰਧ ਵਿਚ ਖਾਲਿਸਤਾਨ ਦੇ ਨਾਅਰੇ ਲਾਏ ਜਾਣ।
ਉਹਨਾਂ ਕਿਹਾ ਕਿ ਅਜਿਹੇ ਮਾਮਲਿਆਂ ਬਾਰੇ ਅਕਸਰ 'ਨਸੀਹਤ' ਦਿੱਤੀ ਜਾਂਦੀ ਹੈ ਕਿ ਇਸ ਨੂੰ ਰਾਜਨੀਤਕ ਰੰਗ ਨਾ ਦਿੱਤਾ ਜਾਵੇ, ਪਰ ਜਦੋਂ ਇਕ ਧਾਰਮਿਕ ਫਿਰਕੇ ਦੇ ਮੁਖੀ ਉਤੇ ਜਾਨਲੇਵਾ ਹਮਲਾ ਕੀਤਾ ਜਾਵੇ, ਜਿਸ ਵਿਚ ਉਹ ਮੁਸਤੈਦੀ ਜਾਂ ਖੁਸ਼ਨਸੀਬੀ ਨਾਲ ਬਚ ਜਾਣ, ਪਰ ਨਾਲ ਹੀ ਉਹਨਾਂ ਦਾ ਸਾਥੀ ਬਾਬਾ ਭੂਪਿੰਦਰ ਸਿੰਘ ਮਾਰੇ ਗਏ ਹੋਣ, ਜਦੋਂ ਸੂਬੇ ਵਿਚ ਅਨੇਕਾਂ ਅਜਿਹੇ ਜਾਨ ਲੈਣ ਵਾਲੇ ਜਾਂ ਧੱਕੜਸ਼ਾਹੀ ਵਾਲੇ ਹਮਲੇ ਹੋ ਰਹੇ ਹੋਣ ਅਤੇ ਉਹਨਾਂ ਵਿਚ ਹੁਕਮਰਾਨ ਧਿਰ ਦੀ ਸਰਪ੍ਰਸਤੀ ਪ੍ਰਾਪਤ ਅੰਸ਼ਾਂ ਦਾ ਹੱਥ ਹੋਵੇ ਅਤੇ ਲੋਕ ਸਾਨੂੰ ਗੁਰੂਆਂ ਤੇ ਰਿਸ਼ੀਆਂ ਦੀ ਵਰੋਸਈ ਧਰਤੀ ਉਤੇ ਸੁਆਲੀਆ ਚਿੰਨ੍ਹ ਲਾਉਣ ਲੱਗ ਪਏ ਹੋਣ ਕਿ ਕਿਤੇ ਗੁੰਡਾ ਗਰੋਹਾਂ ਦੇ ਰਹਿਮੋ-ਕਰਮ 'ਤੇ ਚੱਲ ਰਹੀ ਧਰਤੀ ਨਾ ਬਣ ਜਾਵੇ ਤਾਂ ਸਾਧਾਰਨ ਲੋਕਾਂ ਵਲੋਂ ਸਰਕਾਰ ਦੀ ਨਾਕਾਮੀ ਉਤੇ ਉਂਗਲ ਚੁਕਣੀ ਕੁਦਰਤੀ ਪ੍ਰਤਿਕਰਮ ਹੈ।
ਸਿਰਫ ਇਹੋ ਨਹੀਂ ਕਿ ਇਸ ਵਾਰਦਾਤ ਦੇ ਸੰਬੰਧ ਵਿਚ ਖਾਲਿਸਤਾਨੀ ਨਾਹਰੇ ਲੱਗੇ, ਜੋ ਪੰਜਾਬ ਦੇ ਅਮਨ, ਸਦਭਾਵਨਾ ਅਤੇ ਅਖੰਡਤਾ ਲਈ ਖਤਰਾ ਅਤੇ ਸਰਕਾਰ ਦੀ ਨਾਕਾਮੀ ਦਾ ਸਬੂਤ ਹਨ, ਸਗੋਂ ਹਿੰਦੂ ਜਨੂੰਨੀਆਂ ਦੀਆਂ ਵਧ ਰਹੀਆਂ ਸਰਗਰਮੀਆਂ ਵੀ ਸਰਕਾਰ ਵਿਚਲੀ ਸ਼ਮੂਲੀਅਤ ਦਾ ਫਾਇਦਾ ਲੈ ਕੇ ਸੰਘ ਪਰਵਾਰ ਦੇ ਘੱਟ ਗਿਣਤੀਆਂ ਵਿਰੋਧੀ ਹਮਲੇ ਦਾ ਪੰਜਾਬ ਵਿਚ ਵੀ ਆਰੰਭ ਹੋਣ ਦੇ ਸੰਕੇਤ ਹਨ। ਜੋ ਨਾ ਕੇਵਲ ਪੰਜਾਬ ਸਗੋਂ ਸਾਰੇ ਭਾਰਤ ਲਈ ਖਤਰਨਾਕ ਖਦਸ਼ਿਆਂ ਦੇ ਪ੍ਰਤੀਕ ਹਨ। ਸਾਥੀ ਅਰਸ਼ੀ ਨੇ ਕਿਹਾ ਕਿ ਪਾਰਟੀ ਮੁੱਢ ਤੋਂ ਹੀ ਅਜਿਹੇ ਖਤਰਿਆਂ ਬਾਰੇ ਚੇਤਾਵਨੀ ਦਿੰਦੀ ਆ ਰਹੀ ਹੈ, ਜਿਸ ਨੂੰ ਸਮੇਂ ਦੀਆਂ ਸਰਕਾਰਾਂ ਉਹ ਚਾਹੇ ਕਾਂਗਰਸੀ ਹੋਣ ਜਾਂ ਅਕਾਲੀ-ਭਾਜਪਾ, ਮੁਜਰਮਾਨਾ ਲਾਪ੍ਰਵਾਹੀ ਨਾਲ ਅਣਡਿੱਠ ਕਰਦੀਆਂ ਆਈਆਂ ਹਨ। ਪੰਜਾਬ ਦੇ ਸਾਂਝੇ ਸੱਭਿਆਚਾਰ ਨੂੰ ਪ੍ਰਣਾਏ ਲੋਕ ਅਜਿਹੀਆਂ ਕੋਸ਼ਿਸ਼ਾਂ ਸਾਜ਼ਿਸ਼ਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਖੱਬੀਆਂ ਪਾਰਟੀਆਂ ਜਮਹੂਰੀ ਅਮਨ ਸਨੇਹੀ ਲੋਕਾਂ ਨਾਲ ਮਿਲ ਕੇ ਅਜਿਹੀਆਂ ਕਾਲੀਆਂ ਤਾਕਤਾਂ ਦੇ ਮਨਸੂਬਿਆਂ ਨੂੰ ਜਨਤਕ ਲਾਮਬੰਦੀ ਨਾਲ ਅਸਫਲ ਕਰ ਦੇਣਗੀਆਂ।