'ਧੁੰਮਾ ਦੇ ਖਿਲਾਫ ਹਾਂ, ਟਕਸਾਲ ਦੇ ਨਹੀਂ'

ਪਟਿਆਲਾ (ਬਲਬੀਰ ਥਿੰਦ)-ਪੰਜਾਬ ਦੇ ਬਹੁਤ ਸਾਰੇ ਧਾਰਮਿਕ ਆਗੂਆਂ ਦੀਆਂ ਲਗਾਮਾਂ ਰਾਜਨੀਤੀ ਦੇ ਹੱਥ ਹਨ। ਦਮਦਮੀ ਟਕਸਾਲ ਦਾ ਮੁਖੀ ਹਰਨਾਮ ਸਿੰਘ ਧੁੰਮਾ ਸਰਕਾਰੀ ਸੰਤ ਹੈ ਤੇ ਉਹ ਚਾਪਲੂਸੀ ਕਰਦਾ ਸਰਕਾਰ ਦੇ ਅੱਗੇ-ਪਿੱਛੇ ਫਿਰਦਾ ਰਹਿੰਦਾ ਹੈ। ਮੈਂ ਧੁੰਮਾ ਦੇ ਖ਼ਿਲਾਫ ਹਾਂ, ਟਕਸਾਲ ਜਾਂ ਟਕਸਾਲੀਆਂ ਦੇ ਨਹੀਂ। ਲੁਧਿਆਣਾ 'ਚ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਪ੍ਰਮੇਸ਼ਵਰ ਦੁਆਰ ਦੇ ਮੁਖੀ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਗੱਲ ਕਹੀ।ਢੱਡਰੀਆਂ ਵਾਲਾ ਨੇ ਹਮਲੇ ਲਈ ਅਜੇ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ।
ਉਨ੍ਹਾ ਕਿਹਾ ਕਿ ਇਸ ਹਮਲੇ 'ਚ ਸਿਰਫ਼ ਸ਼ੂਟਰ ਗ੍ਰਿਫਤਾਰ ਨਹੀਂ ਹੋਣੇ ਚਾਹੀਦੇ, ਬਲਕਿ ਹਮਲੇ ਦਾ ਮਾਸਟਰ ਮਾਈਂਡ ਗ੍ਰਿਫਤਾਰ ਕਰਨਾ ਚਾਹੀਦਾ ਹੈ।ਉਨ੍ਹਾ ਕਿਹਾ ਕਿ ਮੇਰੇ 'ਤੇ ਜਾਨਲੇਵਾ ਹਮਲੇ ਦਾ ਵੀਡੀਓ/ ਆਡੀਓ ਪਹਿਲਾਂ ਹੀ ਵਾਈਰਲ ਹੋ ਰਿਹਾ ਸੀ, ਇਸ 'ਚ ਕਿਹਾ ਜਾ ਰਿਹਾ ਹੈ ਕਿ ਤੁਸੀਂ ਉੱਥੋਂ ਚੱਲ ਕੇ ਲੁਧਿਆਣਾ ਟੱਪ ਕੇ ਦਿਖਾਓ, ਤੁਹਾਨੂੰ ਸਭ ਕੁਝ ਪਤਾ ਲੱਗ ਜਾਵੇਗਾ।ਉਨ੍ਹਾ ਕਿਹਾ ਕਿ ਮੈਂ ਗੁਰਬਾਣੀ ਜ਼ਰੀਏ ਝੂਠ ਨੂੰ ਬੇਨਕਾਬ ਕਰਦਾ ਹਾਂ ਤੇ ਮੇਰੇ ਬਹੁਤ ਸਾਰੇ ਵਿਰੋਧੀਆਂ ਨੂੰ ਇਸੇ ਗੱਲ ਦਾ ਦੁੱਖ ਹੈ। ਉਨ੍ਹਾ ਕਿਹਾ ਕਿ ਇਸ ਹਮਲੇ 'ਚ ਵਰਤੀਆਂ ਗਈਆਂ ਗੱਡੀਆਂ ਦੇ ਨੰਬਰਾਂ ਤੋਂ ਤੈਅ ਹੋ ਗਿਆ ਹੈ ਕਿ ਇਹ ਹਮਲਾ ਕਿਸ ਨੇ ਕਰਵਾਇਆ ਹੈ। ਹੁਣ ਪੁਲਸ ਨੂੰ ਜਲਦ ਸਾਰੀਆਂ ਗ੍ਰਿਫਤਾਰੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾ ਕਿਹਾ ਕਿ ਮੇਰੇ 'ਤੇ ਹਮਲਾ ਪੂਰੀ ਰਣਨੀਤੀ ਤਹਿਤ ਹੋਇਆ ਹੈ ਤੇ ਇਹ ਹਮਲਾ ਕਰਵਾਉਣ ਵਾਲਿਆਂ ਨੂੰ ਬੇਨਕਾਬ ਕਰਨਾ ਚਾਹੀਦਾ ਹੈ। ਉਹਨਾ ਨੇ ਕਿਹਾ ਕਿ ਉਨ੍ਹਾ ਬਾਰੇ ਬਹੁਤ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦੋਂਕਿ ਮੈਂ ਗੁਰਮਤਿ ਵਿਚਾਰਧਾਰਾ ਅਨੁਸਾਰ ਕੰਮ ਕਰਦਾ ਹਾਂ।ਉਨ੍ਹਾ ਕਿਹਾ ਕਿ ਸਿੱਖ ਧਰਮ ਨਾਲ ਜੁੜੇ ਹਰ ਸ਼ਖ਼ਸ਼ ਨੂੰ ਵਿਅਕਤੀ ਨਹੀਂ ਵਿਚਾਰਧਾਰਾ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾ ਕਿਹਾ ਮੈਂ ਗੁਰੂ ਗ੍ਰੰਥ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦੀ ਵਿਚਾਰਧਾਰਾ ਮੁਤਾਬਕ ਹੀ ਕੰਮ ਕਰਦਾ ਹਾਂ। ਮੈਂ ਝੂਠ ਨੂੰ ਬੇਨਕਾਬ ਕਰਦਾ ਰਹਾਂਗਾ ਤੇ ਸੱਚ ਨਾਲ ਹਮੇਸ਼ਾ ਖੜ੍ਹਾ ਹੁੰਦਾ ਰਹਾਂਗਾ।