ਮਿਸਰ ਦਾ ਜਹਾਜ਼ ਹਾਦਸੇ ਦਾ ਸ਼ਿਕਾਰ, 66 ਮੌਤਾਂ

ਕਾਹਿਰਾ (ਨਵਾਂ ਜ਼ਮਾਨਾ ਸਰਵਿਸ)
ਮਿਸਰ ਦੀ ਹਵਾਈ ਕੰਪਨੀ ਇਗਜਿਟ ਏਅਰ ਦਾ ਇੱਕ ਜਹਾਜ਼ ਵੀਰਵਾਰ ਨੂੰ ਪੈਰਿਸ ਤੋਂ ਕਾਹਿਰਾ ਜਾਂਦੇ ਸਮੇਂ ਤਬਾਹ ਹੋ ਗਿਆ। ਇਸ ਹਾਦਸੇ ਕਾਰਨ 56 ਮੁਸਾਫ਼ਰਾਂ ਅਤੇ ਜਹਾਜ਼ ਅਮਲੇ ਦੇ 10 ਮੈਂਬਰਾਂ ਦੀ ਮੌਤ ਹੋ ਗਈ। ਮਿਸਰ ਦੇ ਹਵਾਬਾਜ਼ੀ ਮਹਿਕਮੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪਹਿਲਾਂ ਜਹਾਜ਼ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਮਿਲੀਆਂ ਸਨ।
ਹਾਦਸੇ ਸਮੇਂ ਜਹਾਜ਼ ਮਿਸਰ ਦੇ ਹਵਾਈ ਖੇਤਰ 'ਚ ਪੂਰਬੀ ਭੂਮੱਧ ਸਾਗਰ ਉਪਰ 37 ਹਜ਼ਾਰ ਫੁੱਟ ਦੀ ਉੱਚਾਈ 'ਤੇ ਉੱਡ ਰਿਹਾ ਸੀ। ਹਵਾਈ ਕੰਪਨੀ ਦੀ ਵੈੱਬਸਾਈਟ 'ਤੇ ਜਾਰੀ ਇੱਕ ਬਿਆਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਚਾਰਲਸ ਡੀ ਗਾਲੇ ਹਵਾਈ ਅੱਡੇ ਦਾ ਕਹਿਣਾ ਹੈ ਕਿ ਇਹ ਜਹਾਜ਼ ਰਾਤੀਂ 11 ਵੱਜ ਕੇ 9 ਮਿੰਟ 'ਤੇ ਪੈਰਿਸ ਤੋਂ ਰਵਾਨਾ ਹੋਇਆ ਸੀ ਅਤੇ ਅੱਜ ਤੜਕੇ ਸਵਾ 3 ਵਜੇ ਕਾਹਿਰਾ ਉਤਰਨਾ ਸੀ।
ਹਵਾਈ ਕੰਪਨੀ ਦੇ ਇੱਕ ਅਫ਼ਸਰ ਨੇ ਦਸਿਆ ਹੈ ਕਿ ਜਹਾਜ਼ ਦਾ ਵੀਰਵਾਰ ਤੜਕੇ ਪੌਣੇ ਤਿੰਨ ਵਜੇ ਰਾਡਾਰ ਤੋਂ ਸੰਪਰਕ ਟੁੱਟ ਗਿਆ ਸੀ। ਇਗਜਿਟ ਏਅਰ ਦੇ ਉਪ ਪ੍ਰਧਾਨ ਕੈਪਟਨ ਅਹਿਮਦ ਅਦੇਲ ਨੇ ਦਸਿਆ ਹੈ ਕਿ ਉਡਾਣ ਸੰਖਿਆ-ਏ 320 'ਚ 66 ਵਿਕਅਤੀ ਸਵਾਰ ਸਨ, ਜਿਨ੍ਹਾ 'ਚ ਦੋ ਨਵਜੰਮੇ ਬੱਚੇ ਵੀ ਸ਼ਾਮਲ ਸਨ। ਜਹਾਜ਼ ਦੇ ਕਪਤਾਨ ਕੋਲ 6 ਹਜ਼ਾਰ ਘੰਟੇ ਜਹਾਜ਼ ਦੀ ਉਡਾਣ ਭਰਨ ਦਾ ਤਜਰਬਾ ਸੀ, ਜਦਕਿ ਸਹਾਇਕ ਕਪਤਾਨ ਨੂੰ 4 ਹਜ਼ਾਰ ਘੰਟੇ ਜਹਾਜ਼ ਚਲਾਉਣ ਦਾ ਅਨੁਭਵ ਸੀ। ਮਿਸਰ ਦੀ ਹਵਾਈ ਫ਼ੌਜ ਨੇ ਹਾਦਸਾਗ੍ਰਸਤ ਜਹਾਜ਼ ਦੀ ਭਾਲ ਲਈ ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਵਿੱਢ ਦਿੱਤੇ ਹਨ।