ਮੋਦੀ ਸਰਕਾਰ ਵੀ ਦਰਬਾਰ ਸਾਹਿਬ 'ਤੇ ਹਮਲੇ ਲਈ ਮਾਫੀ ਮੰਗੇ : ਬਾਬਾ ਰਾਮ ਸਿੰਘ

ਅੰਮ੍ਰਿਤਸਰ (ਜਸਬੀਰ ਸਿੰਘ)-ਕੈਨੇਡਾ ਸਰਕਾਰ ਵੱਲੋਂ ਕਾਮਾਗਾਟਾ ਮਾਰੂ ਘਟਨਾ ਲਈ ਮਾਫੀ ਮੰਗਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਭਾਰਤ ਸਰਕਾਰ ਨੂੰ ਘੇਰਿਆ ਹੈ। ਸਿੱਖ ਜਥੇਬੰਦੀਆਂ ਮੋਦੀ ਸਰਕਾਰ 'ਤੇ ਸਿੱਖ ਕਤਲੇਆਮ ਲਈ ਮਾਫੀ ਮੰਗਣ ਦਾ ਦਬਾਅ ਪਾ ਰਹੀਆਂ ਹਨ। ਜਥੇਬੰਦੀਆਂ ਨੇ ਭਾਰਤ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਇੱਕ ਪਾਸੇ ਕੈਨੇਡਾ ਸਰਕਾਰ 102 ਸਾਲ ਪੁਰਾਣੇ ਕਾਂਡ ਲਈ ਮੁਆਫੀ ਮੰਗ ਰਹੀ ਹੈ, ਪਰ ਭਾਰਤ ਦੀ ਸਰਕਾਰ 32 ਸਾਲ ਪਹਿਲਾਂ ਹੋਈ ਦਰਬਾਰ ਸਾਹਿਬ 'ਤੇ ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲਿਆਂ ਲਈ ਮਾਫੀ ਮੰਗਣ ਨੂੰ ਤਿਆਰ ਨਹੀਂ।
ਕਾਬਲੇਗੌਰ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਨੇ ਕਾਮਾਗਾਟਾ ਮਾਰੂ ਘਟਨਾ ਲਈ ਹਾਊਸ ਆਫ਼ ਕਾਮਨਜ਼ ਵਿੱਚ ਮੁਆਫ਼ੀ ਮੰਗੀ ਹੈ। ਦਮਦਮੀ ਟਕਸਾਲ (ਸੰਗਰਾਵਾਂ) ਦੇ ਮੁਖੀ ਬਾਬਾ ਰਾਮ ਸਿੰਘ ਨੇ ਕੈਨੇਡਾ ਸਰਕਾਰ ਦੀ ਇਸ ਕਾਰਵਾਈ ਨੂੰ ਸ਼ਲਾਘਾਯੋਗ ਕਰਾਰ ਦਿੰਦਿਆਂ ਕਿਹਾ ਕਿ ਕੈਨੇਡਾ ਅਜਿਹਾ ਮੁਲਕ ਹੈ, ਜਿੱਥੇ ਸਿੱਖ ਆਪਣੇ-ਆਪ ਨੂੰ ਆਜ਼ਾਦ ਮਹਿਸੂਸ ਕਰਦੇ ਹਨ।
ਬਾਬਾ ਰਾਮ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਕੈਨੇਡਾ ਜਾਂਦੇ ਹਨ ਤੇ ਉਨ੍ਹਾ ਨੂੰ ਉੱਥੇ ਜਾ ਕੇ ਇਹ ਮਹਿਸੂਸ ਹੁੰਦਾ ਹੈ ਕਿ ਸਿੱਖ ਭਾਰਤ ਨਾਲੋਂ ਵੱਧ ਕੈਨੇਡਾ ਵਿੱਚ ਮਹਿਫੂਜ਼ ਹਨ ਤੇ ਆਜ਼ਾਦੀ ਨਾਲ ਹਰ ਥਾਂ ਵਿਚਰ ਸਕਦੇ ਹਨ। ਉਨ੍ਹਾ ਕੈਨੇਡਾ ਸਰਕਾਰ ਵੱਲੋਂ ਮੁਆਫੀ ਮੰਗੇ ਜਾਣ ਨੂੰ ਬਹੁਤ ਹੀ ਵੱਡਾ ਕਦਮ ਦੱਸਿਆ ਤੇ ਭਾਰਤ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਇੱਕ ਪਾਸੇ ਕੈਨੇਡਾ ਸਰਕਾਰ 102 ਸਾਲ ਪੁਰਾਣੇ ਕਾਂਡ ਲਈ ਮੁਆਫੀ ਮੰਗ ਰਹੀ ਹੈ, ਪਰ ਭਾਰਤ ਸਰਕਾਰ 32 ਸਾਲ ਪਹਿਲਾਂ ਹੋਏ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ 'ਤੇ ਹਮਲਿਆਂ ਲਈ ਮਾਫੀ ਮੰਗਣ ਨੂੰ ਤਿਆਰ ਨਹੀਂ।
ਉਨ੍ਹਾ ਕਿਹਾ ਕਿ ਸਿੱਖ ਆਪਣੇ ਹੀ ਮੁਲਕ ਵਿੱਚ ਘੁਟਣ ਮਹਿਸੂਸ ਕਰ ਰਹੇ ਹਨ ਤੇ ਪਿਛਲੇ ਲੰਮੇ ਸਮੇਂ ਤੋਂ ਇਨਸਾਫ਼ ਲਈ ਲੜਾਈ ਲੜ ਰਹੇ ਹਨ, ਪਰ ਭਾਰਤ ਦੀ ਸਰਕਾਰ ਨਾ ਤਾਂ ਮਾਫੀ ਮੰਗਣ ਲਈ ਤਿਆਰ ਹੈ ਤੇ ਨਾ ਹੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਕੋਈ ਠੋਸ ਕਦਮ ਚੁੱਕ ਰਹੀ ਹੈ।