ਦੇਸ਼ ਨੂੰ ਕਾਂਗਰਸ ਮੁਕਤ ਬਣਾਉਣ ਦੀ ਮੁਹਿੰਮ ਦੋ ਕਦਮ ਅੱਗੇ : ਅਮਿਤ ਸ਼ਾਹ

ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਭਾਜਪਾ ਦੀ ਦੇਸ਼ ਨੂੰ ਕਾਂਗਰਸ ਮੁਕਤ ਬਣਾਉਣ ਦੀ ਮੁਹਿੰਮ ਦੋ ਕਦਮ ਅੱਗੇ ਚੱਲ ਰਹੀ ਹੈ। ਉਨ੍ਹਾ ਕਿਹਾ ਕਿ ਭਾਜਪਾ ਨੇ ਇਹਨਾਂ ਚੋਣਾਂ ਦੌਰਾਨ ਪੰਜਾਂ ਸੂਬਿਆਂ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾ ਨੇ ਸਾਰੇ ਸੂਬਿਆਂ ਦੇ ਲੋਕਾਂ ਦਾ ਹਮਾਇਤ ਦੇਣ ਲਈ ਧੰਨਵਾਦ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਚੋਣ ਨਤੀਜੇ ਦੇਖ ਕੇ ਕੋਈ ਵੀ ਕਾਂਗਰਸ ਨਾਲ ਜਾਣ ਦਾ ਹੌਸਲਾ ਨਹੀਂ ਕਰ ਸਕਦਾ ਅਤੇ ਜੋ ਪਾਰਟੀਆਂ ਕਾਂਗਰਸ ਦੇ ਨਾਲ ਗਈਆਂ ਹਨ, ਉਹ ਹਾਰੀਆਂ ਹਨ। ਅਮਿਤ ਸ਼ਾਹ ਨੇ ਅਸਾਮ ਦੀ ਜਿੱਤ ਬਾਰੇ ਕਿਹਾ ਕਿ ਕੇਂਦਰ ਸਰਕਾਰ ਅਸਾਮ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੋਵੇਗੀ ਕਿ ਅਸਾਮ ਵਿਕਸਤ ਸੂਬਿਆਂ 'ਚ ਸ਼ਾਮਲ ਹੋਵੇ। ਭਾਜਪਾ ਦੇ ਪ੍ਰਧਾਨ ਨੇ ਕਿਹਾ ਕਿ ਕੇਰਲ 'ਚ ਹਿੰਸਾ ਦੀ ਰਾਜਨੀਤੀ ਸਾਹਮਣੇ ਭਾਜਪਾ ਨੇ ਇਕ ਵੱਡੀ ਕੋਸ਼ਿਸ਼ ਕੀਤੀ, ਜਿਸ ਵਿੱਚ ਕਾਫ਼ੀ ਸਫ਼ਲਤਾ ਮਿਲੀ ਹੈ।
ਅਮਿਤ ਸ਼ਾਹ ਨੇ ਕਿਹਾ ਹੈ ਕਿ ਕੇਰਲ 'ਚ ਭਾਜਪਾ ਦਾ ਵੋਟ ਬੈਂਕ 6 ਤੋਂ 15 ਫ਼ੀਸਦੀ ਤੱਕ ਵਧਿਆ ਹੈ ਅਤੇ ਤਾਮਿਲਨਾਡੂ ਅਤੇ ਪੁਡੂਚੇਰੀ 'ਚ ਵੀ ਭਾਜਪਾ ਦਾ ਵੋਟ ਬੈਂਕ ਬਰਕਰਾਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸੰਸਦ 'ਚ ਅੜਿੱਕਾ ਪੈਦਾ ਕਰਨ ਅਤੇ ਵਿਕਾਸ ਦੇ ਕੰਮਾਂ 'ਚ ਅੜਿੱਕਾ ਢਾਹੁਣ ਵਾਲੀ ਕਾਂਗਰਸ ਨੂੰ ਲੋਕਾਂ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸ਼ਾਹਨਵਾਜ਼ ਹੁਸੈਨ ਨੇ ਚੋਣ ਨਤੀਜਿਆਂ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਚੋਣ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਦੇਸ਼ ਦੀ ਜਨਤਾ ਨੇ ਮੋਦੀ ਸਰਕਾਰ ਦੇ ਕੰਮਕਾਜ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ 'ਚ ਭਰੋਸਾ ਪ੍ਰਗਟਾਇਆ ਹੈ।
ਹੁਸੈਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਸਾਮ 'ਚ ਸਰਕਾਰ ਬਣਾਉਣ 'ਚ ਸਫ਼ਲ ਰਹੀ ਹੈ ਅਤੇ ਪੱਛਮੀ ਬੰਗਾਲ 'ਚ ਵੀ ਭਾਰਤੀ ਜਨਤਾ ਪਾਰਟੀ ਮਜ਼ਬੂਤੀ ਨਾਲ ਅੱਗੇ ਵਧੀ ਹੈ ਅਤੇ ਪਾਰਟੀ ਕੇਰਲ 'ਚ ਵੀ ਆਪਣਾ ਖਾਤਾ ਖੋਹਲਣ 'ਚ ਸਫ਼ਲ ਰਹੀ ਹੈ, ਜਿਸ ਤੋਂ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਲੋਕ ਮੋਦੀ ਸਰਕਾਰ ਦੇ ਕੰਮਕਾਜ ਅਤੇ ਭਾਜਪਾ ਦੀਆਂ ਨੀਤੀਆਂ ਤੋਂ ਖੁਸ਼ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਸਾਮ 'ਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਨੂੰ ਇਤਿਹਾਸਕ ਦਸਿਆ ਹੈ।
ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਟਵੀਟ ਕੀਤਾ ਕਿ ਲੋਕਤੰਤਰ ਦੀ ਇਹ ਖ਼ੂਬਸੂਰਤੀ ਹੈ ਕਿ ਇਸ 'ਚ ਆਮ ਆਦਮੀ ਦੀ ਤਾਕਤ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਵੱਡੇ-ਵੱਡੇ ਨੇਤਾ ਆਮ ਆਦਮੀ ਦੀ ਕਿਰਪਾ 'ਤੇ ਨਿਰਭਰ ਹੁੰਦੇ ਹਨ। ਉਨ੍ਹਾ ਕਿਹਾ ਕਿ ਜਿੱਤ ਭਾਜਪਾ ਲਈ ਬੇਹੱਦ ਅਹਿਮ ਹੈ ਅਤੇ ਇਹ ਕਾਂਗਰਸ ਲਈ ਇੱਕ ਸਬਕ ਹੈ।