ਅਸਾਮ 'ਚ ਭਾਜਪਾ ਪਹਿਲੀ ਵਾਰ ਸੱਤਾ 'ਚ


ਗੁਹਾਟੀ/ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਰਿਸ਼ਮਾ ਇਸ ਵਾਰ ਪੂਰਬ-ਉੱਤਰ 'ਚ ਦੇਖਣ ਨੂੰ ਮਿਲਿਆ ਹੈ। ਪੂਰਬ-ਉੱਤਰ ਦੇ ਕਿਸੇ ਰਾਜ 'ਚ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਸਰਕਾਰ ਬਣਾਉਣ 'ਚ ਸਫ਼ਲ ਰਹੀ ਹੈ। ਅਸਾਮ 'ਚ ਭਾਰਤੀ ਜਨਤਾ ਪਾਰਟੀ ਨੇ ਮੁਕੰਮਲ ਬਹੁਮਤ ਪ੍ਰਾਪਤ ਕਰਕੇ ਸੱਤਾ 'ਤੇ ਕਬਜ਼ਾ ਕਰ ਲਿਆ ਹੈ। ਭਾਜਪਾ ਸੂਤਰਾਂ ਨੇ ਕਿਹਾ ਕਿ ਭਾਜਪਾ ਆਗੂ ਅਤੇ ਕੇਂਦਰੀ ਖੇਡ ਮੰਤਰੀ ਸਰਵਾਨੰਦ ਸੋਨੇਵਾਲ ਅਸਾਮ ਦੇ ਮੁੱਖ ਮੰਤਰੀ ਬਨਣਗੇ। ਸੂਬੇ 'ਚ ਵਿਧਾਨ ਸਭਾ ਦੀਆਂ 126 ਸੀਟਾਂ 'ਚੋਂ ਭਾਜਪਾ ਆਖ਼ਰੀ ਖ਼ਬਰਾਂ ਮਿਲਣ ਤੱਕ 84, ਕਾਂਗਰਸ 26, ਏ ਆਈ ਯੂ ਡੀ ਐਫ਼ 11 ਸੀਟਾਂ 'ਤੇ ਅੱਗੇ ਚੱਲ ਰਹੀ ਸੀ। ਸੂਬੇ 'ਚ ਕਾਂਗਰਸ ਦਾ ਤਰੁਣ ਗੋਗੋਈ ਦੀ ਅਗਵਾਈ ਹੇਠ ਲਗਾਤਾਰ 4 ਵਾਰ ਸਰਕਾਰ ਬਣਾਉਣ ਦਾ ਸੁਪਨਾ ਟੁੱਟ ਗਿਆ ਹੈ। ਭਾਜਪਾ ਨੇ ਅਸਾਮ 'ਚ ਅਸਾਮ ਗਣ ਪ੍ਰੀਸ਼ਦ ਨਾਲ ਚੋਣ ਗੱਠਜੋੜ ਕੀਤਾ ਸੀ, ਜਦਕਿ ਬੋਡੋਲੈਂਡ ਪੀਪਲਜ਼ ਫਰੰਟ ਨਾਲ ਪਹਿਲਾਂ ਹੀ ਉਸ ਦਾ ਗੱਠਜੋੜ ਸੀ। ਸੂਬੇ 'ਚ ਦੋ ਗੇੜਾਂ 'ਚ ਹੋਈ ਪੋਲਿੰਗ ਦੌਰਾਨ ਤਕਰੀਬਲ 82 ਫ਼ੀਸਦੀ ਲੋਕਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਸੀ। ਕਾਂਗਰਸ ਦੇ 9 ਵਿਧਾਇਕ ਭਾਜਪਾ 'ਚ ਸ਼ਾਮਲ ਹੋ ਗਏ ਸਨ, ਜਿਸ ਦਾ ਕਾਂਗਰਸ ਨੂੰ ਨੁਕਸਾਨ ਹੋਇਆ।
ਸੂਤਰਾਂ ਅਨੁਸਾਰ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਦੇ ਨਾਂਅ ਦੇ ਐਲਾਨ ਦੀ ਰਣਨੀਤੀ ਭਾਜਪਾ ਲਈ ਫਾਇਦੇਮੰਦ ਰਹੀ। ਚੋਣ ਰੈਲੀਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਤਰੁਣ ਗੋਗੋਈ 'ਤੇ ਤਿੱਖੇ ਹਮਲੇ ਕੀਤੇ, ਉਥੇ ਅਸਾਮ 'ਚ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਉਣ ਦਾ ਵਾਅਦਾ ਕੀਤਾ। ਲੋਕਾਂ ਨੇ ਮੋਦੀ ਦੇ ਵਿਕਾਸ ਦੇ ਵਾਅਦੇ 'ਤੇ ਯਕੀਨ ਕਰਕੇ ਪਹਿਲੀ ਵਾਰ ਸੂਬੇ ਦੀ ਵਾਗਡੋਰ ਭਾਜਪਾ ਦੇ ਹੱਥਾਂ 'ਚ ਸੌਂਪ ਦਿੱਤੀ। ਭਾਜਪਾ ਨੇ ਬੰਗਲਾ ਦੇਸ਼ੀ ਨਾਗਰਿਕਾਂ ਦੀ ਘੁਸਪੈਠ ਦਾ ਮੁਦਾ ਹੱਲ ਕਰਨ ਦਾ ਵਾਅਦਾ ਕਰਦਿਆਂ ਕਿਹਾ ਹੈ ਕਿ ਭਾਰਤ-ਬੰਗਲਾ ਦੇਸ਼ ਸਰਹੱਦ ਨੂੰ ਸੀਲ ਕੀਤਾ ਜਾਵੇਗਾ।