ਮਮਤਾ ਤੇ ਜਯਾ ਦੀ ਵਾਪਸੀ, ਕੇਰਲ ਲਾਲ, ਅਸਾਮ 'ਚ ਭਾਜਪਾਈ ਗੱਠਜੋੜ ਸੱਤਾ 'ਚ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੇਰਲ ਵਿੱਚ ਖੱਬੇ ਲੋਕਤੰਤਰੀ ਫਰੰਟ ਨੇ 140 ਮੈਂਬਰੀ ਵਿਧਾਨ ਸਭਾ ਵਿੱਚ 85 ਸੀਟਾਂ ਜਿੱਤ ਕੇ ਸੱਤਾਧਾਰੀ ਯੁਨਾਈਟਿਡ ਡੈਮੋਕਰੇਟਿਕ ਫਰੰਟ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਹੈ। ਭਾਜਪਾ ਕੇਰਲ ਵਿੱਚ ਮਹਿਜ ਇੱਕ ਸੀਟ ਜਿੱਤ ਕੇ ਆਪਣਾ ਖਾਤਾ ਖੋਲ੍ਹ ਸਕੀ ਹੈ। 8 ਸੀਟਾਂ ਆਜ਼ਾਦ ਅਤੇ ਹੋਰਨਾਂ ਉਮੀਦਵਾਰਾਂ ਦੇ ਖਾਤੇ ਵਿੱਚ ਗਈਆਂ ਹਨ। ਕੇਰਲ ਵਿੱਚ ਜਿੱਤ ਹਾਸਲ ਕਰਨ ਵਾਲਿਆਂ ਵਿੱਚ ਮੁੱਖ ਮੰਤਰੀ ਓਮਨ ਚਾਂਡੀ, ਸੀ ਪੀ ਐੱਮ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੀ ਆਗੂ ਵੀ ਐੱਸ ਅਛੂਤਾਨੰਦਨ, ਪੋਲਿਟ ਬਿਊਰੋ ਮੈਂਬਰ ਪਨਾਰਜੀ ਵਿਜਿਆ, ਮੰਤਰੀ ਰਮੇਸ਼ ਚੈਂਥੀਅਲਾ ਅਤੇ ਵੀ ਐੱਸ ਸ਼ਿਵ ਕੁਮਾਰ ਸ਼ਾਮਲ ਹਨ। ਕੇਰਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਪੀਕਰ ਐੱਨ ਸਾਕਤਨ, ਮੰਤਰੀ ਕੇ ਬਾਬੂ, ਸ਼ਿਬੂ ਬੇਬੀ, ਕੇ ਪੀ ਮੋਹਨਨ ਅਤੇ ਕ੍ਰਿਕਟਰ ਸ੍ਰੀਨਾਥ ਚੋਣ ਹਾਰ ਗਏ ਹਨ। ਮੁੱਖ ਮੰਤਰੀ ਓਮਨ ਚਾਂਡੀ ਨੇ ਕਿਹਾ ਹੈ ਕਿ ਚੋਣ ਨਤੀਜੇ ਪਾਰਟੀ ਲਈ ਅਣਕਿਆਸਾ ਧੱਕਾ ਹਨ। ਓਧਰ ਪੁੱਡੂਚੇਰੀ 'ਚ ਕਾਂਗਰਸ ਨੇ 30 ਮੈਂਬਰੀ ਵਿਧਾਨ ਸਭਾ 'ਚ 15 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਲਈ ਰਾਹ ਪੱਧਰਾ ਕਰ ਲਿਆ ਹੈ। ਉਸ ਦੀ ਭਾਈਵਾਲ ਪਾਰਟੀ ਡੀ ਐੱਮ ਕੇ ਨੂੰ ਦੋ ਸੀਟਾਂ 'ਤੇ ਜਿੱਤ ਪ੍ਰਾਪਤ ਹੋਈ ਹੈ। ਪੁੱਡੂਚੇਰੀ 'ਚ ਏ ਆਈ ਐੱਨ ਆਰ ਸੀ ਨੂੰ 8, ਅੰਨਾ ਡੀ ਐੱਮ ਕੇ ਨੂੰ ਚਾਰ ਅਤੇ ਇੱਕ ਆਜ਼ਾਦ ਉਮੀਦਵਾਰ ਨੂੰ ਜਿੱਤ ਹਾਸਲ ਹੋਈ ਹੈ।
ਓਧਰ ਭਾਜਪਾ ਤੇ ਉਸ ਦੀਆਂ ਭਾਈਵਾਲ ਪਾਰਟੀਆਂ ਨੇ ਅਸਾਮ ਵਿਧਾਨ ਸਭਾ ਚੋਣਾਂ ਵਿੱਚ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ। ਅਸਾਮ ਵਿੱਚ ਪਹਿਲੀ ਵਾਰੀ ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਜਿੱਤ ਹਾਸਲ ਕੀਤੀ ਹੈ। ਭਾਜਪਾ ਨੇ 126 ਮੈਂਬਰੀ ਵਿਧਾਨ ਸਭਾ ਵਿੱਚ 60 ਸੀਟਾਂ ਉੱਪਰ ਜਿੱਤ ਹਾਸਲ ਕੀਤੀ ਹੈ, ਜਦਕਿ ਉਸ ਦੀ ਭਾਈਵਾਲ ਪਾਰਟੀ ਦੇ ਖਾਤੇ ਵਿੱਚ 14 ਸੀਟਾਂ ਗਈਆਂ ਨੇ। ਭਾਜਪਾ ਦੀ ਇੱਕ ਹੋਰ ਭਾਈਵਾਲ ਪਾਰਟੀ ਬੀ ਪੀ ਐੱਫ ਨੇ 12 ਸੀਟਾਂ ਉੱਪਰ ਜਿੱਤ ਪ੍ਰਾਪਤ ਕੀਤੀ ਹੈ। ਇਸ ਤਰ੍ਹਾਂ ਇਸ ਉੱਤਰ ਪੂਰਬੀ ਸੂਬੇ ਵਿੱਚ ਭਾਜਪਾ ਨੇ ਪਹਿਲੀ ਵਾਰੀ ਜਿੱਤ ਦਰਜ ਕਰਕੇ ਇਤਿਹਾਸ ਸਿਰਜਿਆ ਹੈ। ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਸਰਬਾਨੰਦਾ ਨੇ ਮਾਜੋਲੀ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ ਹੈ। ਮੁੱਖ ਮੰਤਰੀ ਤਰੁਣ ਗਗੋਈ ਟੀਟਾਬਾਰ ਹਲਕੇ ਤੋਂ ਜੇਤੂ ਰਹੇ ਹਨ। ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਨੇ 294 ਮੈਂਬਰੀ ਵਿਧਾਨ ਸਭਾ ਵਿੱਚ 203 ਸੀਟਾਂ ਜਿੱਤ ਕੇ ਦੋ ਤਿਹਾਈ ਬਹੁਮਤ ਤੋਂ ਵੀ ਵੱਧ ਦਾ ਅੰਕੜਾ ਪਾਰ ਕਰ ਲਿਆ ਹੈ। ਕਾਂਗਰਸ-ਖੱਬੇ ਫੰਰਟ ਨੂੰ ਕੇਵਲ 73 ਸੀਟਾਂ ਹੀ ਮਿਲ ਸਕੀਆਂ ਹਨ। ਪੱਛਮੀ ਬੰਗਾਲ 'ਚ ਭਾਜਪਾ ਨੂੰ ਤਿੰਨ ਸੀਟਾਂ ਹੀ ਮਿਲ ਸਕੀਆਂ ਹਨ। ਓਧਰ ਤਾਮਿਲਨਾਡੂ ਵਿੱਚ ਮੁੱਖ ਮੰਤਰੀ ਜੈਲਲਿਤਾ ਦੀ ਅਗਵਾਈ ਹੇਠਲੀ ਅੰਨਾ ਡੀ ਐੱਮ ਕੇ ਨੇ ਦੂਜੀ ਵਾਰੀ ਚੋਣਾਂ ਜਿੱਤ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਤਾਮਿਲਨਾਡੂ ਵਿੱਚ ਪਿਛਲੇ 32 ਸਾਲਾਂ ਦੌਰਾਨ ਕੋਈ ਵੀ ਪਾਰਟੀ ਦੂਜੀ ਵਾਰੀ ਸੱਤਾ ਵਿੱਚ ਨਹੀਂ ਆਈ। ਅੰਨਾ ਡੀ ਐੱਮ ਕੇ ਨੂੰ 232 ਮੈਂਬਰੀ ਵਿਧਾਨ ਸਭਾ ਵਿੱਚ 125 ਸੀਟਾਂ 'ਤੇ ਜਿੱਤ ਪ੍ਰਾਪਤ ਹੋਈ ਹੈ। ਵਿਰੋਧੀ ਧਿਰ ਡੀ ਐੱਮ ਕੇ ਨੂੰ 87 ਸੀਟਾਂ ਮਿਲੀਆਂ ਹਨ, ਜਦਕਿ ਕਾਂਗਰਸ ਨੂੰ 9 ਸੀਟਾਂ ਨਾਲ ਸਬਰ ਕਰਨਾ ਪਿਆ ਹੈ।