ਵਿਗਿਆਨੀਆਂ ਵੱਲੋਂ ਜੰਮੂ-ਕਸ਼ਮੀਰ 'ਚ ਭਿਆਨਕ ਭੁਚਾਲ ਦੀ ਭਵਿੱਖਬਾਣੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਧਰਤੀ ਦਾ ਸਵਰਗ ਆਖੇ ਜਾਂਦੇ ਜੰਮੂ-ਕਸ਼ਮੀਰ 'ਚ ਲੱਖਾਂ ਲੋਕਾਂ ਦੀ ਜਾਨ ਖ਼ਤਰੇ 'ਚ ਹੈ। ਸੂਬੇ ਦੇ ਹਿਮਾਲਿਆ ਪਰਵਤਾਂ ਦੀ ਹਾਲੀਆ ਭੁਗੌਲਿਕ ਮੈਪਿੰਗ 'ਚ ਕਿਹਾ ਗਿਆ ਹੈ ਕਿ ਇੱਥੇ 8 ਜਾਂ ਇਸ ਤੋਂ ਵੱਧ ਤੀਬਰਤਾ ਦਾ ਭੁਚਾਲ ਆ ਸਕਦਾ ਹੈ। ਵਿਗਿਆਨੀਆਂ ਅਨੁਸਾਰ ਰਿਆਸੀ ਫਾਲਟ ਨੇ ਕੁਝ ਸਮੇਂ ਤੋਂ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਹ ਸੰਕੇਤ ਮਿਲ ਰਿਹਾ ਹੈ ਤਾਂ ਉਸ ਮਗਰੋਂ ਆਉਣ ਵਾਲਾ ਭੁਚਾਲ ਭਿਆਨਕ ਹੋ ਸਕਦਾ ਹੈ, ਜਿਸ ਦੀ ਤੀਬਰਤਾ 8 ਜਾਂ ਉਸ ਤੋਂ ਜ਼ਿਆਦਾ ਹੋ ਸਕਦੀ ਹੈ। ਇਸ ਅਧਿਐਨ ਦੇ ਮੁੱਖ ਲੇਖਕ ਯਾਨ ਗੇਵਿਲਟ ਨੇ ਕਿਹਾ ਕਿ ਅਸੀਂ ਜਾਨਣ ਦੀ ਕੋਸ਼ਿਸ਼ ਕੀਤੀ ਕਿ ਫਾਲਟ ਪਿਛਲੇ 10 ਹਜ਼ਾਰ ਸਾਲ 'ਚ ਕਿੰਨਾ ਘਟਿਆ ਹੈ ਅਤੇ ਇਸ ਦੇ ਹਟਣ ਨਾਲ ਇਸ ਦੇ ਵੱਖ-ਵੱਖ ਹਿੱਸੇ ਕਿਸ ਤਰ੍ਹਾਂ ਹਿੱਲੇ ਹਨ। ਉਨ੍ਹਾ ਕਿਹਾ ਕਿ ਅਸੀਂ ਦੇਖਿਆ ਕਿ ਰਿਆਸੀ ਫਾਲਟ ਕਸ਼ਮੀਰ 'ਚ ਪੈਣ ਵਾਲੇ ਮੁੱਖ ਸਰਗਰਮ ਫਾਲਟਸ 'ਚੋਂ ਇੱਕ ਹੈ, ਪਰ ਹਾਲੀਆ ਭੁਗੌਲਿਕ ਰਿਕਾਰਡ ਅਨੁਸਾਰ ਭੁਚਾਲ ਨਹੀਂ ਆਏ। ਗੇਵਿਲਟ ਨੇ ਕਿਹਾ ਕਿ ਇੱਕ ਫਾਲਟ ਲੰਮੇ ਸਮੇਂ ਤੋਂ ਆਪਣੀ ਥਾਂ ਤੋਂ ਹਿੱਲਿਆ ਨਹੀਂ, ਜਿਸ ਦਾ ਮਤਲਬ ਹੈ ਕਿ ਇਥੇ ਭੁਚਾਲ ਦੀ ਸ਼ੰਕਾ ਬਹੁਤ ਜ਼ਿਆਦਾ ਹੈ। ਉਨ੍ਹਾ ਕਿਹਾ ਕਿ ਸਵਾਲ ਇਹ ਨਹੀਂ ਕਿ ਭੁਚਾਲ ਕਦੋਂ ਆ ਰਿਹਾ ਹੈ, ਪਰ ਇਸ ਫਾਲਟ 'ਤੇ ਭੁਚਾਲ ਸੰਬੰਧੀ ਗਤੀਵਿਧੀਆਂ ਦੇ ਸਬੂਤ ਮਿਲੇ ਹਨ ਅਤੇ ਇੱਕ ਅਨੁਸਾਰ ਤਕਰੀਬਨ 4 ਹਜ਼ਾਰ ਸਾਲ ਪਹਿਲਾਂ ਭੁਚਾਲ ਨੇ ਫਾਲਟ ਦੇ ਇੱਕ ਹਿੱਸੇ ਨੂੰ 5 ਮੀਟਰ ਤੱਕ ਉੱਚਾ ਚੁੱਕ ਦਿੱਤਾ ਸੀ।