ਟਰੂਡੋ ਨਵੇਂ ਵਿਵਾਦ 'ਚ ਘਿਰੇ; ਮਹਿਲਾ ਸਾਂਸਦ ਨੂੰ ਮਾਰੀ ਕੂਹਣੀ

ਓਟਵਾ (ਨਵਾਂ ਜ਼ਮਾਨਾ ਸਰਵਿਸ)-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਵੇਂ ਵਿਵਾਦ ਵਿੱਚ ਘਿਰ ਗਏ ਹਨ।ਵਿਵਾਦ ਟੂਰਡੋ ਵੱਲੋਂ ਇੱਕ ਮਹਿਲਾ ਸੰਸਦ ਮੈਂਬਰ ਨੂੰ ਕੂਹਣੀ ਮਾਰਨ ਦਾ ਹੈ।ਇਸ ਮੁੱਦੇ ਉੱਤੇ ਸੰਸਦ ਵਿੱਚ ਹੰਗਾਮਾ ਹੁੰਦਾ ਵੇਖ ਟੂਰਡੋ ਨੂੰ ਬਕਾਇਦਾ ਮੁਆਫ਼ੀ ਮੰਗਣੀ ਪਈ।ਅਸਲ ਵਿੱਚ ਹਾਊਸ ਆਫ਼ ਕਾਮਨਜ਼ ਵਿੱਚ ਟੂਰਡੋ ਨੇ ਭੁਲੇਖੇ ਨਾਲ ਵਿਰੋਧੀ ਧਿਰ ਦੀ ਮਹਿਲਾ ਮੈਂਬਰ ਦੇ ਕੂਹਣੀ ਮਾਰ ਦਿੱਤੀ ।ਇਸ ਨੂੰ ਲੈ ਕੇ ਸੰਸਦ ਵਿੱਚ ਹੰਗਾਮਾ ਹੋ ਗਿਆ ਤੇ ਵਿਰੋਧੀ ਧਿਰ ਨੇ ਪੂਰੇ ਮੁੱਦੇ ਉੱਤੇ ਪ੍ਰਧਾਨ ਮੰਤਰੀ ਨੂੰ ਘੇਰ ਲਿਆ।
ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਟੂਰਡੋ ਨੇ ਪਹਿਲਾਂ ਸੰਸਦ ਵਿੱਚ ਤੇ ਫਿਰ ਫੇਸਬੁੱਕ ਰਾਹੀਂ ਮੁਆਫ਼ੀ ਮੰਗੀ।ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਇੱਕ ਮਹਿਲਾ ਨੂੰ ਕੂਹਣੀ ਮਾਰਨਾ ਬਹੁਤ ਹੀ ਮੰਦਭਾਗਾ ਹੈ।ਕੂਹਣੀ ਮਾਰਨ ਦੀ ਘਟਨਾ ਦੀ ਵੀਡੀਓ ਵੀ ਕੈਨੇਡਾ ਵਿੱਚ ਕਾਫ਼ੀ ਵਾਇਰਲ ਹੋ ਰਹੀ ਹੈ।
ਦੂਜੇ ਪਾਸੇ ਡੈਮੋਕ੍ਰੇਟਿਕ ਪਾਰਟੀ ਦੀ ਮਹਿਲਾ ਰੂਥ ਐਲਨ ਨੇ ਪੂਰੀ ਘਟਨਾ ਦਾ ਜ਼ਿਕਰ ਕਰਦਿਆਂ ਆਖਿਆ ਹੈ ਕਿ ਉਨ੍ਹਾਂ ਲਈ ਉਹ ਪਲ ਬਹੁਤ ਨਿਰਾਸ਼ਾਜਨਕ ਸਨ, ਇਸ ਲਈ ਉਹ ਹਾਊਸ ਆਫ਼ ਕਾਮਨਜ਼ ਦੇ ਚੈਂਬਰ ਤੋਂ ਤੁਰੰਤ ਬਾਹਰ ਚਲੇ ਗਏ ਸਨ।ਉਨ੍ਹਾਂ ਆਖਿਆ ਇਸ ਘਟਨਾ ਦੇ ਕਾਰਨ ਉਨ੍ਹਾਂ ਨੇ ਸੰਸਦ ਵਿੱਚ ਆਪਣੀ ਵੋਟ ਵੀ ਨਹੀਂ ਪਾਈ।
ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਨੇ ਇਸ ਘਟਨਾ ਤੋਂ ਬਾਅਦ ਆਖਿਆ ਹੈ ਕਿ ਇਹ ਘਟਨਾ ਸੋਚ ਸਮਝ ਕੇ ਨਹੀਂ ਕੀਤੀ ਗਈ ਸੀ।ਉਨ੍ਹਾਂ ਆਖਿਆ ਕਿ ਵਿਰੋਧੀ ਧਿਰ ਦੀ ਮਹਿਲਾ ਸੰਸਦ ਮੈਂਬਰ ਉਨ੍ਹਾਂ ਦੇ ਪਿੱਛੇ ਖੜੀ ਸੀ, ਇਸ ਕਰ ਕੇ ਉਹ ਉਨ੍ਹਾਂ ਨੂੰ ਦੇਖ ਨਹੀਂ ਪਾਏ।