ਅੰਦਰੂਨੀ ਮਾਮਲਿਆਂ ਬਾਰੇ ਪਾਕਿਸਤਾਨ ਦੇ ਭਾਸ਼ਣ ਦੀ ਲੋੜ ਨਹੀਂ : ਵਿਦੇਸ਼ ਮੰਤਰਾਲਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਜੰਮੂ-ਕਸ਼ਮੀਰ ਦੇ ਮਾਮਲਿਆਂ 'ਚ ਬੋਲਣ ਦਾ ਕੋਈ ਹੱਕ ਨਹੀਂ, ਜਿਹੜਾ ਭਾਰਤ ਦਾ ਅਨਿੱਖੜਵਾ ਅੰਗ ਹੈ। ਜੰਮੂ-ਕਸ਼ਮੀਰ ਦੇ ਹੰਦਵਾੜਾ ਜ਼ਿਲ੍ਹੇ 'ਚ ਹਾਲ ਦੀ ਫਾਇਰਿੰਗ ਬਾਰੇ ਪਾਕਿਸਤਾਨ ਵਿਦੇਸ਼ ਮੰਤਰਾਲੇ ਦੀ ਟਿਪਣੀ 'ਤੇ ਆਪਣੀ ਪ੍ਰਤੀਕ੍ਰਿਆ 'ਚ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਵਰਗੇ ਦੇਸ਼ ਤੋਂ ਭਾਸ਼ਣ ਦੀ ਲੋੜ ਨਹੀਂ, ਜਿਹੜਾ ਕੌਮਾਂਤਰੀ ਅੱਤਵਾਦ ਦਾ ਕੇਂਦਰ ਹੈ ਅਤੇ ਜਿੱਥੇ ਧਾਰਮਿਕ ਘੱਟ ਗਿਣਤੀਆਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾ ਕਿਹਾ ਕਿ ਅਜਿਹੇ ਮਾਮਲਿਆਂ ਨਾਲ ਨਿਪਟਣ ਲਈ ਭਾਰਤੀ ਸੰਵਿਧਾਨ ਸਮਰੱਥ ਹੈ। ਜਮਾਤ-ਉਦ-ਦਾਵਾ ਬਾਰੇ ਪਾਕਿਸਤਾਨੀ ਪੰਜਾਬ ਸੂਬੇ ਦੇ ਮੰਤਰੀ ਰਾਣਾ ਸਨਾ ਉੱਲਾ ਦੀ ਟਿਪਣੀ ਦਾ ਜ਼ਿਕਰ ਕਰਦਿਆਂ ਸਵਰੂਪ ਨੇ ਕਿਹਾ ਕਿ ਜੋ ਕੁਝ ਮੰਤਰੀ ਨੇ ਕਿਹਾ ਹੈ, ਉਹ ਭਾਰਤ ਹਮੇਸ਼ਾ ਆਖਦਾ ਰਿਹਾ ਹੈ ਕਿ ਗੁਆਂਢੀ ਦੇਸ਼ 'ਚ ਭਾਰਤ ਵਿਰੋਧੀ ਅੱਤਵਾਦੀ ਧੜਿਆਂ ਨੂੰ ਪੂਰੀ ਹਮਾਇਤ ਅਤੇ ਅਜ਼ਾਦੀ ਪ੍ਰਾਪਤ ਹੈ। ਜ਼ਿਕਰਯੋਗ ਹੈ ਕਿ ਰਾਣਾ ਸਨਾ ਉੱਲਾ ਨੇ ਕਿਹਾ ਕਿ ਪਾਕਿਸਤਾਨ ਜਮਾਤ-ਉਦ-ਦਾਵਾ ਅਤੇ ਜੈਸ਼-ਏ-ਮੁਹੰਮਦ ਵਰਗੀਆਂ ਅੱਤਵਾਦੀ ਜਥੇਬੰਦੀਆਂ ਵਿਰੁੱਧ ਕਾਰਵਾਈ ਨਹੀਂ ਕਰ ਸਕਦਾ, ਕਿਉਂਕਿ ਸਰਕਾਰ ਆਪ ਇਸ 'ਚ ਸ਼ਾਮਲ ਹੈ। ਉਨ੍ਹਾ ਕਿਹਾ ਕਿ ਰਾਣਾ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਪਾਕਿਸਤਾਨ ਇਹਨਾਂ ਗਰੁੱਪਾਂ ਵਿਰੁੱਧ ਅਸਰਦਾਰ ਕਾਰਵਾਈ ਕਿਉਂ ਨਹੀਂ ਕਰਦਾ।