ਸੀ ਬੀ ਐੱਸ ਈ 'ਚ ਵੀ ਕੁੜੀਆਂ ਦੀ ਸਰਦਾਰੀ

ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਸੀ ਬੀ ਐੱਸ ਈ ਵੱਲੋਂ ਅੱਜ 12ਵੀਂ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ। ਲੜਕੀਆਂ ਨੇ ਪਰੰਪਰਾ ਕਾਇਮ ਰੱਖਦਿਆਂ 88.58 ਫ਼ੀਸਦੀ ਪਾਸ ਨਾਲ ਵਧੀਆ ਪ੍ਰਦਰਸ਼ਨ ਕੀਤਾ ਹੈ, ਜਦਕਿ ਲੜਕਿਆਂ ਦਾ ਪਾਸ ਫ਼ੀਸਦੀ ਦੀ 78.85 ਫ਼ੀਸਦੀ ਰਿਹਾ।
ਖੇਤਰ ਦੇ ਲਿਹਾਜ਼ ਨਾਲ ਦੱਖਣੀ ਭਾਰਤ ਦੇ ਨਤੀਜੇ ਸਭ ਤੋਂ ਵਧੀਆ ਰਹੇ, ਜਿਥੇ ਥਿਰੂਵਨੰਥਾਪੁਰਮ ਖੇਤਰ ਦਾ ਪਾਸ ਫ਼ੀਸਦੀ 97.61 ਅਤੇ ਚੇਨਈ ਦਾ ਪਾਸ ਫ਼ੀਸਦੀ 92.63 ਫ਼ੀਸਦੀ ਰਿਹਾ। ਦਿੱਲੀ ਦੀ ਸੁਕਰਿਤੀ ਨੇ 500 'ਚੋਂ 497 ਨੰਬਰ ਪ੍ਰਾਪਤ ਕਰਕੇ ਪ੍ਰੀਖਿਆ 'ਚ ਟਾਪ ਕੀਤਾ। ਜ਼ਿਕਰਯੋਗ ਹੈ ਕਿ 32 ਸਾਲ ਪਹਿਲਾਂ ਉਸ ਦੀ ਮਾਤਾ ਨੇ ਵੀ ਪ੍ਰੀਖਿਆ 'ਚ ਟਾਪ ਕੀਤਾ ਸੀ। ਸੁਕਰਿਤੀ ਨੇ ਪ੍ਰੀਖਿਆ 'ਚ 99.4 ਫ਼ੀਸਦੀ ਨੰਬਰ ਪ੍ਰਾਪਤ ਕੀਤੇ। ਕੁਰਕਸ਼ੇਤਰ ਦੇ ਟੈਗੋਰ ਪਬਲਿਕ ਸਕੂਲ ਦੀ ਪਲਕ ਗੋਇਲ 496 ਨੰਬਰ ਲੈ ਕੇ ਦੂਜੇ ਨੰਬਰ ਤੇ ਰਹੀ, ਜਦਕਿ ਕਰਨਾਲ ਦੇ ਸੇਂਟ ਟੈਰੇਸਾ ਕਾਨਵੈਂਟ ਸਕੂਲ ਦੀ ਸੋਮਿਆ ਉਪਲ ਨੇ 495 ਨੰਬਰ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਕਲਾਂਗ ਕੈਟਾਗਰੀ 'ਚ ਫਰੀਦਾਬਾਦ ਦੇ ਸੈਕਟਰ 14 ਸਥਿਤ ਡੀ ਏ ਵੀ ਸਕੂਲ ਦੀ ਵਿਦਿਆਰਥਣ ਮੁਦਿੱਤਾ 485 ਅੰਕ ਪ੍ਰਾਪਤ ਕਰਕੇ ਪੂਰੇ ਭਾਰਤ 'ਚੋਂ ਅੱਵਲ ਰਹੀ। ਨੋਇਡਾ ਦੇ ਸੈਕਟਰ 44 ਸਥਿਤ ਐਮਿਟੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਰਖਸ਼ਿਤ ਮਲਿਕ ਨੇ 97.4 ਫ਼ੀਸਦੀ ਨੰਬਰ ਹਾਸਲ ਕੀਤੇ।