ਕਮਿਊਨਿਸਟ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਇਆ ਜਾਵੇ : ਅਰਸ਼ੀ

ਬਹਿਰਾਮ (ਅਵਤਾਰ ਕਲੇਰ)
ਪੰਜਾਬ ਖੇਤ ਮਜ਼ਦੂਰ ਸਭਾ ਦੇ ਸਾਬਕਾ ਮੀਤ ਪ੍ਰਧਾਨ, ਸੀ ਪੀ ਆਈ ਸੂਬਾ ਕੌਂਸਲ ਦੇ ਮੈਂਬਰ ਅਤੇ ਕੁਲ ਹਿੰਦ ਖੇਤ ਮਜ਼ਦੂਰ ਸੂਬਾ ਕੌਂਸਲ ਦੇ ਮੈਂਬਰ ਰਹੇ ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਦੀ 28ਵੀਂ ਬਰਸੀ ਪਿੰਡ ਮੇਹਲੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮਨਾਈ ਗਈ। ਇਸ ਸ਼ਹੀਦੀ ਸਮਾਗਮ ਦੀ ਪ੍ਰਧਾਨਗੀ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕਪੂਰ ਸਿੰਘ ਜਾਡਲੀ ਅਤੇ ਕਾਮਰੇਡ ਠਾਕੁਰ ਦਾਸ ਮੇਹਲੀ ਨੇ ਕੀਤੀ। ਇਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆ ਸੀ ਪੀ ਆਈ ਦੇ ਸੂਬਾ ਸਕੱਤਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਅੱਜ ਦੇਸ਼ ਨੂੰ ਹਿੰਦੂਵਾਦੀ ਫਿਰਕੂ ਤਾਕਤਾਂ ਤੋਂ ਬਹੁਦ ਵੱਡਾ ਖ਼ਤਰਾ ਹੈ। ਸੰਘ ਪਰਵਾਰ ਲੋਕਾਂ ਦੇ ਖਾਣ-ਪੀਣ, ਪਹਿਨਣ ਅਤੇ ਬੋਲਣ ਤੇ ਪਾਬੰਦੀਆਂ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਮੋਦੀ ਸਰਕਾਰ ਕਾਰਪੋਰੇਟ ਜਗਤ ਦੇ ਅਡਾਨੀ, ਅੰਬਾਨੀ, ਬਿਰਲੇ, ਟਾਟੇ, ਮਾਲਿਆ ਆਦਿ ਨੂੰ ਵੱਡੀਆ ਸਬਸਿਡੀਆਂ ਦੇ ਕੇ ਨਿਵਾਜ ਰਹੀ ਹੈ। ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਅਤੇ ਛੋਟੇ ਦੁਕਾਨਦਾਰਾਂ ਦੀਆਂ ਸਬਸਿਡੀਆਂ ਬੰਦ ਕਰ ਰਹੀ ਹੈ।
ਪੰਜਾਬ ਦੀ ਬਾਦਲ ਸਰਕਾਰ ਗ਼ਰੀਬ ਲੋਕਾਂ ਨੂੰ ਪੈਨਸ਼ਨਾਂ, ਬੱਚਿਆਂ ਲਈ ਕਾਪੀਆਂ ਕਿਤਾਬਾਂ ਅਤੇ ਸ਼ਗਨ ਸਕੀਮ ਵੀ ਟਾਇਮ ਸਿਰ ਨਹੀਂ ਦੇ ਰਹੀ। ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧੱਸ ਰਿਹਾ ਹੈ। 65 ਲੱਖ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ। ਪੰਜਾਬ ਵਿੱਚ ਸਕੂਲਾਂ ਲਈ 40 ਹਜ਼ਾਰ ਪੋਸਟਾਂ ਖਾਲੀ ਹਨ ਅਤੇ 2 ਲੱਖ ਨੌਜਵਾਨ ਡਿਗਰੀਆਂ ਚੁੱਕੀ ਥਾਂ-ਥਾਂ ਧੱਕੇ ਖਾ ਰਹੇ ਹਨ। ਪੰਜਾਬ ਦੇ ਥਾਣੇ ਜਥੇਦਾਰਾਂ ਦੇ ਹਵਾਲੇ ਕੀਤੇ ਹੋਏ ਹਨ। ਉਨ੍ਹਾ ਕਿਹਾ ਕਿ ਕਾਮਰੇਡ ਮਲਕੀਤ ਚੰਦ ਮੇਹਲੀ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਕਮਿਊਨਿਸਟ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਇਆ ਜਾਵੇ।
ਕਾਮਰੇਡ ਬੰਤ ਸਿੰਘ ਬਰਾੜ ਪ੍ਰਧਾਨ ਏਟਕ ਪੰਜਾਬ ਨੇ ਕਿਹਾ ਕਿ ਪੰਜਾਬ ਸਿਰ ਇਸ ਸਮੇਂ 1 ਲੱਖ 38 ਹਜ਼ਾਰ ਕਰੋੜ ਦਾ ਕਰਜ਼ਾ ਹੋ ਗਿਆ ਹੈ। ਪੰਜਾਬ ਦੀ ਆਮਦਨ ਦਾ ਵੱਡਾ ਹਿੱਸਾ ਵਿਆਜ ਦੇ ਰੂਪ ਵਿੱਚ ਹੀ ਜਾ ਰਿਹਾ ਹੈ। ਮੋਦੀ ਸਰਕਾਰ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਕੀ ਅੱਛੇ ਦਿਨ ਆ ਗਏ ਹਨ। ਕੀ ਆਮ ਲੋਕਾਂ ਦੇ ਖਾਤੇ ਵਿੱਚ 15 ਲੱਖ ਰੁਪਏ ਆ ਗਏ ਹਨ। ਉਨ੍ਹਾ ਕਿਹਾ ਕਿ ਮੋਦੀ ਸਰਕਾਰ ਲੋਕਾਂ ਨੂੰ ਗੁੰਮਰਾਹ ਅਤੇ ਝੂਠੇ ਲਾਰੇ ਲਾ ਕੇ ਸੱਤਾ ਵਿੱਚ ਆ ਗਈ ਵਿਦਿਆਰਥੀ ਜਥੇਬੰਦੀਆਂ ਸੰਘਰਸ਼ ਕਰ ਰਹੀਆ ਹਨ ਅਤੇ ਸਰਕਾਰ ਉਨ੍ਹਾ 'ਤੇ ਦੇਸ਼ ਧਰੋਹੀ ਦਾ ਪਰਚਾ ਦਰਜ ਕੇ ਉਨ੍ਹਾ ਨੌਜਵਾਨਾ ਨੂੰ ਜੇਲ੍ਹਾਂ ਅੰਦਰ ਸੁੱਟ ਰਹੇ ਹਨ।