ਬਾਲਿਆਂਵਾਲੀ ਪੁਲਸ ਵੱਲੋਂ ਕਿਸਾਨਾਂ ਨਾਲ ਧੱਕਾ-ਮੁੱਕੀ

ਬਾਲਿਆਂਵਾਲੀ (ਜਗਸੀਰ ਭੁੱਲਰ)-ਪਿਛਲੇ ਕਾਫੀ ਦਿਨਾਂ ਤੋਂ ਸੁਰਖੀਆਂ ਵਿੱਚ ਰਹੇ ਥਾਣਾ ਬਾਲਿਆਂਵਾਲੀ ਦੀ ਪੁਲਸ ਨੇ ਲਗਾਤਾਰ ਦੂਜੇ ਦਿਨ ਧਰਨੇ 'ਤੇ ਬੈਠੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਵਰਕਰਾਂ ਨਾਲ ਧੱਕਾ-ਮੁੱਕੀ ਕਰਦਿਆਂ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਹਲਕੇ ਲਾਠੀਚਾਰਜ ਤੋਂ ਬਾਅਦ ਖਦੇੜ ਦਿੱਤਾ। ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਥਾਣੇ ਵਿੱਚ ਹੀ ਇੱਕ ਔਰਤ ਵੱਲੋਂ ਕਿਸਾਨ ਆਗੂ ਦੇ ਮਾਰੇ ਗਏ ਥੱਪੜ ਵਿਰੁੱਧ ਕਾਰਵਾਈ ਨਾ ਹੋਣ ਕਾਰਨ ਐਤਵਾਰ ਤੋਂ ਧਰਨਾ ਲਾਇਆ ਹੋਇਆ ਸੀ। ਪੁਲਸ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਏ ਜਾਣ ਕਾਰਨ ਕਿਸਾਨਾਂ ਨੇ ਇਹ ਧਰਨਾ ਅਣਮਿਥੇ ਸਮੇਂ ਲਗਾ ਦਿੱਤਾ ਸੀ।
ਕਿਸਾਨਾਂ ਵੱਲੋਂ ਇਹ ਧਰਨਾ ਮੁੱਖ ਗੇਟ 'ਤੇ ਲਾਇਆ ਗਿਆ ਸੀ, ਜਿਸ ਕਾਰਨ ਪੁਲਸ ਨੂੰ ਆਉਣ-ਜਾਣ ਵਿੱਚ ਬੜੀ ਪਰੇਸ਼ਾਨੀ ਹੋ ਰਹੀ ਸੀ। ਕਈ ਪੁਲਸ ਮੁਲਾਜ਼ਮ ਤਾਂ ਕੰਧਾਂ ਟੱਪ ਕੇ ਅੰਦਰ ਦਾਖਲ ਹੁੰਦੇ ਰਹੇ। ਪੁਲਸ ਦੀ ਸਖਤੀ ਅਤੇ ਧੱਕਾ-ਮੁੱਕੀ ਦਾ ਸ਼ਿਕਾਰ ਹੋਏ ਕਿਸਾਨਾਂ ਨੇ ਬਾਲਿਆਂਵਾਲੀ ਦੀ ਗਊਸ਼ਾਲਾ ਵਿਖੇ ਪੁਲਸ ਤੋਂ ਚੋਰੀ-ਚੋਰੀ ਕੀਤੀ ਪ੍ਰੈਸ ਕਾਨਫਰੰਸ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਕਾਕਾ ਸਿੰਘ ਕੋਟੜਾ ਨੇ ਦੋਸ਼ ਲਾਇਆ ਕਿ ਪੁਲਸ ਨੇ ਇਹ ਕਹਿ ਕੇ ਕਿਸਾਨਾਂ ਨੂੰ ਧਰਨੇ ਤੋਂ ਖੜੇ ਕਰ ਲਿਆ ਕਿ ਤੁਹਾਡੀ ਐਸ.ਐਸ.ਪੀ ਨਾਲ ਮੀਟਿੰਗ ਕਰਵਾਉਣੀ ਹੈ। ਜਿਉਂ ਹੀ ਐਸ.ਐਸ.ਪੀ ਬਠਿੰਡਾ ਦੇ ਆਉਣ 'ਤੇ ਕਿਸਾਨ ਖੜੇ ਹੋਣ ਲੱਗੇ ਤਾਂ ਐਸ.ਐਸ.ਪੀ ਨੇ ਪੁਲਸ ਨੂੰ ਸਖਤੀ ਨਾਲ ਕਿਸਾਨਾਂ ਨੂੰ ਖਦੇੜਣ ਦੇ ਹੁਕਮ ਦਿੱਤੇ। ਕਿਸਾਨਾਂ ਨੇ ਦੋਸ਼ ਲਾਇਆ ਕਿ ਪੁਲਸ ਨੇ ਐਸ.ਐਸ.ਪੀ ਦੇ ਹੁਕਮਾਂ ਤੋਂ ਬਾਅਦ ਜਿੱਥੇ ਕਿਸਾਨਾਂ ਨਾਲ ਧੱਕਾ-ਮੁੱਕੀ ਕੀਤੀ, ਉੱਥੇ ਹੀ ਪਲਾਂ ਵਿੱਚ ਹੀ ਟੈਂਟ ਪੁੱਟ ਦਿੱਤਾ। ਉਹਨਾਂ ਦੋਸ਼ ਲਾਇਆ ਕਿ ਪੁਲਸ ਨੇ ਉਹਨਾ ਦੀ ਯੂਨੀਅਨ ਦੇ ਆਗੂ ਬੂਟਾ ਸਿੰਘ ਦਾ ਟਰੈਕਟਰ ਤੇ ਟਰਾਲੀ ਵੀ ਜਬਰੀ ਥਾਣੇ ਵਿੱਚ ਬੰਦ ਕਰ ਦਿੱਤਾ। ਇਸ ਤੋਂ ਇਲਾਵਾ ਪੁਲਸ ਨੇ ਕਿਸਾਨਾਂ ਦੇ ਭਾਡੇਂ, ਲਾਉਡ ਸਪੀਕਰ ਵੀ ਕਬਜ਼ੇ ਵਿੱਚ ਲੈ ਲਿਆ।
ਕਿਸਾਨਾਂ ਨੇ ਦੋਸ਼ ਲਾਇਆ ਕਿ ਇਹ ਸਭ ਅਕਾਲੀ ਮੰਤਰੀ ਦੀ ਸ਼ਹਿ 'ਤੇ ਹੋ ਰਿਹਾ ਹੈ। ਧਰਨੇ 'ਤੇ ਬੈਠੇ ਕਿਸਾਨਾਂ ਨੂੰ ਖਦੇੜਣ ਲਈ ਪੁਲਸ ਨੇ 11 ਵਿਅਕਤੀਆਂ ਨੂੰ ਕਬਜ਼ੇ ਵਿੱਚ ਲੈ ਲਿਆ, ਜਿਨ੍ਹਾਂ ਵਿੱਚੋ 6 ਨੂੰ ਛੱਡਦਿਆਂ ਯੂਨੀਅਨ ਦੇ ਪੰਜ ਆਗੂ ਬਲਦੇਵ ਸਿੰਘ ਸੰਦੋਹਾ, ਰਣਜੀਤ ਜੀਦਾ, ਗੁਰਦੀਪ ਸਿੰਘ ਭੋਲਾ, ਯੋਧਾ ਸਿੰਘ , ਬੂਟਾ ਸਿੰਘ ਨੂੰ ਜੇਲ੍ਹ ਭੇਜ ਦਿੱਤਾ। ਉੱਧਰ ਜਦ ਥਾਣਾ ਬਾਲਿਆਂਵਾਲੀ ਦੇ ਐਸ.ਐਚ.ਓ ਇਕਬਾਲ ਖਾਨ ਨਾਲ ਕਿਸਾਨਾਂ ਵੱਲੋਂ ਲਾਏ ਦੋਸ਼ਾਂ ਸੰਬੰਧੀ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਯੂਨੀਅਨ ਬਿਨਾਂ ਕਿਸੇ ਮੁੱਦੇ ਤੋਂ ਆਪਸੀ ਤੂ-ਤੂ ਮੈਂ-ਮੈਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਪਰੇਸ਼ਾਨ ਕਰ ਰਹੀ ਹੈ। ਉਹਨਾਂ ਧੱਕਾਮੁੱਕੀ ਤੇ ਲਾਠੀਚਾਰਜ ਦੇ ਦੋਸ਼ਾਂ ਨੂੰ ਨਕਾਰ ਦਿੱਤਾ।