ਇਰਾਨ ਨਾਲ ਸਮਝੌਤਾ ਚੰਗੀ ਗੱਲ ਹੈ, ਪਰ...


ਇਹ ਗੱਲ ਆਪਣੀ ਥਾਂ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਨਾਲ ਜੁੜੀ ਟੀਮ ਆਪਣਾ ਨਾਂਅ ਚਮਕਾਉਣ ਲਈ ਤੱਥਾਂ ਦੀ ਭੰਨ-ਤੋੜ ਕਰਦੀ ਹੈ। ਮਿਸਾਲ ਵਜੋਂ ਕਨੇਡਾ ਗਏ ਨਰਿੰਦਰ ਮੋਦੀ ਨੇ ਇਹ ਕਹਿਣ ਤੋਂ ਝਿਜਕ ਨਹੀਂ ਸੀ ਵਿਖਾਈ ਕਿ ਇਕੱਤੀ ਸਾਲਾਂ ਬਾਅਦ ਭਾਰਤ ਦਾ ਕੋਈ ਪ੍ਰਧਾਨ ਮੰਤਰੀ ਇਸ ਦੇਸ਼ ਦੇ ਦੌਰੇ ਲਈ ਆਇਆ ਹੈ। ਸੱਚਾਈ ਇਹ ਸੀ ਕਿ ਸਿਰਫ਼ ਚਾਰ ਸਾਲ ਪਹਿਲਾਂ ਮਨਮੋਹਨ ਸਿੰਘ ਓਥੇ ਜਾ ਕੇ ਆਇਆ ਸੀ। ਹੁਣ ਇਰਾਨ ਵਿੱਚ ਕਹਿ ਦਿੱਤਾ ਹੈ ਕਿ ਪੰਦਰਾਂ ਸਾਲ ਪਹਿਲਾਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਆਏ ਸਨ ਤੇ ਹੁਣ ਮੈਂ ਆਇਆ ਹਾਂ, ਜਦ ਕਿ ਚਾਰ ਸਾਲ ਪਹਿਲਾਂ 2012 ਵਿੱਚ ਮਨਮੋਹਨ ਸਿੰਘ ਓਥੇ ਵੀ ਗਏ ਸਨ। ਨਰਿੰਦਰ ਮੋਦੀ ਇਸ ਤਰ੍ਹਾਂ ਕਹਿ ਕੇ ਆਪਣਾ ਅਕਸ ਖ਼ਰਾਬ ਕਰਦੇ ਹਨ, ਜਿਸ ਨੂੰ ਅੱਖੋਂ ਪਰੋਖੇ ਕਰਦੇ ਹੋਏ ਉਨ੍ਹਾ ਦੇ ਇਸ ਦੌਰੇ ਦੀਆਂ ਉਨ੍ਹਾਂ ਪ੍ਰਾਪਤੀਆਂ ਦੀ ਗੱਲ ਕਰਨੀ ਬਣਦੀ ਹੈ, ਜਿਨ੍ਹਾਂ ਨਾਲ ਭਾਰਤ ਨੂੰ ਫਾਇਦਾ ਹੋ ਸਕਦਾ ਹੈ।
ਬੜੇ ਚਿਰ ਤੋਂ ਭਾਰਤ ਆਪਣੇ ਆਪ ਨੂੰ ਇੱਕ ਤਰ੍ਹਾਂ ਚੁਫੇਰੇ ਪੈਂਦੇ ਜਾ ਰਹੇ ਘੇਰੇ ਵਿੱਚ ਫਸ ਰਿਹਾ ਮਹਿਸੂਸ ਕਰਦਾ ਸੀ। ਚੀਨ ਵੱਲੋਂ ਪਾਕਿਸਤਾਨ ਵਿੱਚ ਜਾ ਕੇ ਜਿਸ ਤਰ੍ਹਾਂ ਵਿਕਾਸ ਦੇ ਪ੍ਰਾਜੈਕਟਾਂ ਦੇ ਬਹਾਨੇ ਅੱਡੇ ਖੜੇ ਕੀਤੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਸਨ, ਉਨ੍ਹਾਂ ਤੋਂ ਭਾਰਤ ਦੇ ਰੱਖਿਆ ਮਾਹਰ ਚਿੰਤਾ ਪ੍ਰਗਟ ਕਰਦੇ ਸਨ। ਜਿੱਦਾਂ ਦੇ ਪ੍ਰਾਜੈਕਟ ਪਹਿਲਾਂ ਚੀਨ ਨੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਸ਼ੁਰੂ ਕੀਤੇ ਅਤੇ ਇਸ ਬਹਾਨੇ ਓਥੇ ਚੀਨੀ ਫ਼ੌਜੀ ਆਣ ਬੈਠੇ ਸਨ, ਉਸ ਤੋਂ ਅੱਗੇ ਵਧ ਕੇ ਇਹ ਕੰਮ ਰਾਜਸਥਾਨ ਦੇ ਸਾਹਮਣੇ ਸਿੰਧ ਦੇ ਇਲਾਕੇ ਤੋਂ ਵੀ ਹੋਣਾ ਸ਼ੁਰੂ ਹੋ ਗਿਆ ਸੀ। ਰਾਜਸਥਾਨ ਦੇ ਭਾਰਤੀ ਰੇਲਵੇ ਸਟੇਸ਼ਨ ਮੁੰਨਾਬਾਓ ਦੇ ਸਾਹਮਣੇ ਵਾਲੇ ਪਾਕਿਸਤਾਨੀ ਰੇਲਵੇ ਸਟੇਸ਼ਨ ਖੋਕਰਾਪਾਰ ਨੂੰ ਨਵਿਆਉਣ ਦੇ ਬਹਾਨੇ ਓਥੇ ਚੀਨ ਦੇ ਫ਼ੌਜੀ ਇੰਜੀਨੀਅਰ ਪਹੁੰਚ ਗਏ ਸਨ। ਐਟਮ ਦੀ ਸ਼ਕਤੀ ਹਾਸਲ ਕਰ ਲੈਣ ਦੇ ਦਾਅਵੇ ਕਰਦਾ ਪਾਕਿਸਤਾਨ ਇੱਕ ਰੇਲਵੇ ਸਟੇਸ਼ਨ ਆਪ ਨਵਿਆਉਣ ਦੇ ਯੋਗ ਵੀ ਨਹੀਂ ਹੋਵੇਗਾ, ਇਹ ਮੰਨਣਾ ਔਖਾ ਹੈ। ਰੇਲਵੇ ਸਟੇਸ਼ਨ ਦਾ ਸਿਰਫ਼ ਇੱਕ ਬਹਾਨਾ ਸੀ। ਇਸ ਦੇ ਬਾਅਦ ਗਵਾਦਰ ਦੀ ਪਾਕਿਸਤਾਨੀ ਬੰਦਰਗਾਹ ਉੱਤੇ ਚੀਨੀ ਫ਼ੌਜ ਜਦੋਂ ਚਲੀ ਗਈ, ਓਦੋਂ ਭਾਰਤ ਹੋਰ ਚਿੰਤਤ ਹੋ ਗਿਆ ਸੀ।
ਪਾਕਿਸਤਾਨ ਦੇ ਧੁਰ ਪੱਛਮੀ ਸਿਰੇ ਉੱਤੇ ਪੈਂਦੀ ਇਸ ਬੰਦਰਗਾਹ ਦਾ ਤੋੜ ਲੱਭਣ ਲਈ ਭਾਰਤ ਕਈ ਚਿਰ ਤੋਂ ਇਰਾਨ ਨਾਲ ਇਹੋ ਜਿਹਾ ਕੋਈ ਸਮਝੌਤਾ ਚਾਹੁੰਦਾ ਸੀ, ਜਿਸ ਦੇ ਰਾਹੀਂ ਉਹ ਆਪਣੇ ਲਾਂਘੇ ਸੁਖਾਵੇਂ ਬਣਾਉਣ ਦਾ ਪ੍ਰਬੰਧ ਕਰ ਸਕੇ। ਹੁਣ ਜਦੋਂ ਨਰਿੰਦਰ ਮੋਦੀ ਦੇ ਓਥੇ ਜਾਣ ਨਾਲ ਇਸ ਬੰਦਰਗਾਹ ਦਾ ਸਮਝੌਤਾ ਕਰਨ ਵੇਲੇ ਅਫ਼ਗ਼ਾਨਿਸਤਾਨ ਦਾ ਰਾਸ਼ਟਰਪਤੀ ਵੀ ਨਾਲ ਸ਼ਾਮਲ ਹੋ ਗਿਆ ਤਾਂ ਇਸ ਨਾਲ ਭਾਰਤ ਨੂੰ ਬਹੁਤ ਜ਼ਿਆਦਾ ਆਸਾਂ ਬੱਝ ਗਈਆਂ ਹਨ। ਭਾਰਤ ਦੇ ਸਾਰੇ ਲੋਕ ਇਸ ਗੱਲ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹਨ। ਮਾੜੀ ਗੱਲ ਫਿਰ ਇਹ ਹੋਈ ਹੈ ਕਿ ਸਰਕਾਰ ਵਿੱਚੋਂ ਭਾਜਪਾ ਦੇ ਬੁਲਾਰੇ ਨੇ ਇਹ ਕਹਿਣ ਵਿੱਚ ਕੋਈ ਦੇਰ ਨਹੀਂ ਲਾਈ ਕਿ ਜਿਹੜਾ ਕੰਮ ਪਿਛਲੀ ਸਰਕਾਰ ਨਹੀਂ ਸੀ ਕਰ ਸਕੀ, ਉਹ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕਰ ਕੇ ਸਾਡੀ ਸਰਕਾਰ ਨੇ ਬਹੁਤ ਕਮਾਲ ਕਰ ਦਿੱਤੀ ਹੈ। ਇਹ ਗੱਲ ਕਹਿਣਾ ਤੱਥਾਂ ਨੂੰ ਝਕਾਨੀ ਦੇਣ ਦੇ ਵਾਂਗ ਹੈ।
ਸੱਚਾਈ ਇਹ ਹੈ ਕਿ ਇਹੋ ਕੋਸ਼ਿਸ਼ ਇੱਕ ਵਾਰੀ ਅਟਲ ਬਿਹਾਰੀ ਵਾਜਪਾਈ ਦੇ ਵਕਤ ਵੀ ਹੋਈ ਸੀ, ਪਰ ਸਿਰੇ ਨਹੀਂ ਚੜ੍ਹ ਸਕੀ ਸੀ, ਅਤੇ ਚੜ੍ਹ ਵੀ ਨਹੀਂ ਸੀ ਸਕਣੀ। ਭਾਜਪਾ ਦੇ ਬੁਲਾਰੇ ਨੂੰ ਏਦਾਂ ਦਾ ਹੁਣ ਵਾਲਾ ਬਿਆਨ ਦੇਣ ਤੋਂ ਪਹਿਲਾਂ ਇਰਾਨ ਦੇ ਰਾਸ਼ਟਰਪਤੀ ਵੱਲੋਂ ਨਰਿੰਦਰ ਮੋਦੀ ਦੇ ਨਾਲ ਬੈਠਿਆਂ ਆਖੀ ਗੱਲ ਪੜ੍ਹਨੀ ਚਾਹੀਦੀ ਸੀ ਕਿ ਨਰਿੰਦਰ ਮੋਦੀ ਦੇ ਏਥੇ ਆਉਣ ਤੋਂ ਪਹਿਲਾਂ ਸੰਸਾਰ ਦੇ ਪ੍ਰਭਾਵੀ ਦੇਸ਼ਾਂ ਵੱਲੋਂ ਲਾਈਆਂ ਪਾਬੰਦੀਆਂ ਹਟਾਏ ਜਾਣ ਦਾ ਲਾਭ ਹੋਇਆ ਹੈ ਤੇ ਅਸੀਂ ਇਹ ਸਮਝੌਤਾ ਕਰ ਸਕੇ ਹਾਂ। ਉਸ ਨੇ ਇਹ ਗੱਲ ਨਰਿੰਦਰ ਮੋਦੀ ਨੂੰ ਠਿੱਬੀ ਲਾਉਣ ਵਾਸਤੇ ਨਹੀਂ ਕਹੀ, ਇਰਾਨ ਦੇ ਲੋਕਾਂ ਨੂੰ ਦੱਸਣ ਲਈ ਕਹੀ ਹੈ ਕਿ ਉਸ ਨੇ ਦੇਸ਼ ਦੀ ਵਾਗਡੋਰ ਸਾਂਭੀ ਤਾਂ ਅਮਰੀਕਾ ਅਤੇ ਹੋਰ ਦੇਸ਼ਾਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਹਟ ਸਕੀਆਂ ਹਨ ਤੇ ਉਨ੍ਹਾਂ ਦੇ ਬਾਅਦ ਇਰਾਨ ਹੁਣ ਦੂਸਰੇ ਦੇਸ਼ਾਂ ਨਾਲ ਸਮਝੌਤੇ ਕਰਨ ਦੇ ਸਮਰੱਥ ਹੋ ਸਕਿਆ ਹੈ। ਇਹ ਇੱਕ ਹਕੀਕਤ ਹੈ। ਅਮਰੀਕਾ ਨਾਲ ਉਸ ਦੇ ਨੇੜ ਕਰਨ ਦਾ ਇਰਾਨ ਦੇ ਅੰਦਰੋਂ ਕਈ ਕੱਟੜ ਪੰਥੀ ਤਾਕਤਾਂ ਨੇ ਤਿੱਖਾ ਵਿਰੋਧ ਕੀਤਾ ਸੀ ਤੇ ਉਹ ਫਿਰ ਵੀ ਆਪਣੀ ਚਾਲ ਚੱਲਦਾ ਰਿਹਾ ਸੀ, ਜਿਸ ਦੇ ਨਾਲ ਪਾਬੰਦੀਆਂ ਹਟੀਆਂ ਤੇ ਭਾਰਤ ਨਾਲ ਸਮਝੌਤਾ ਹੋਇਆ ਹੈ।
ਬਿਨਾਂ ਸ਼ੱਕ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੋਈ ਚੰਗਾ ਪ੍ਰਭਾਵ ਨਹੀਂ ਛੱਡਦੀ ਅਤੇ ਸਿਰਫ਼ ਭਾਰਤ ਦੇ ਵਿੱਚ ਨਹੀਂ, ਇਰਾਨ ਦੇ ਲੋਕਾਂ ਵਿੱਚ ਵੀ ਇਸ ਦਾ ਮਾੜਾ ਅਸਰ ਜਾ ਸਕਦਾ ਹੈ। ਪ੍ਰਧਾਨ ਮੰਤਰੀ ਅਤੇ ਉਸ ਦੀ ਟੀਮ ਨੂੰ ਕੀਤੇ ਕੰਮਾਂ ਦੇ ਲਈ ਸਿਹਰਾ ਲੈਣ ਤੋਂ ਕੋਈ ਨਹੀਂ ਰੋਕਦਾ, ਪਰ ਹਰ ਗੱਲ ਵਿੱਚ ਆਪਣੇ ਤੋਂ ਪਹਿਲਿਆਂ ਨੂੰ ਕੋਈ ਨਾ ਕੋਈ ਹੁੱਝ ਮਾਰੀ ਜਾਣ ਦੀ ਆਦਤ ਨਾਲ ਉਨ੍ਹਾਂ ਦੀ ਬਣੀ-ਬਣਾਈ ਭੱਲ ਵੀ ਦਾਗੀ ਹੋ ਰਹੀ ਹੈ।