ਧਾਗਾ ਫੈਕਟਰੀ ਜਾ ਰਹੀਆਂ ਕੁੜੀਆਂ ਦੀ ਗੱਡੀ ਪਲਟੀ; 1 ਹਲਾਕ, 8 ਫੱਟੜ

ਬਠਿੰਡਾ (ਬਖਤੌਰ ਢਿੱਲੋਂ)
ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਨਜ਼ਦੀਕ ਇੱਕ ਗੱਡੀ ਦੇ ਪਲਟਨ ਦੀ ਵਜਾਹ ਕਾਰਨ 1 ਲੜਕੀ ਦੀ ਮੌਤ ਹੋ ਗਈ, ਜਦ ਕਿ ਗੱਡੀ ਦਾ ਡਰਾਇਵਰ ਤੇ 7 ਕੁੜੀਆਂ ਗੰਭੀਰ ਜ਼ਖਮੀ ਹੋ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਕੋਟ ਗੁਰੂ ਦੀਆਂ ਇਹ ਕੁੜੀਆਂ ਪਿੰਡ ਜੀਵਨ ਸਿੰਘ ਵਾਲਾ ਵਿਖੇ ਸਥਿਤ ਧਾਗਾ ਫੈਕਟਰੀ ਵਿੱਚ ਕੰਮ ਕਰਨ ਲਈ ਕਰੂਜਰ ਗੱਡੀ ਰਾਹੀਂ ਜਾ ਰਹੀਆਂ ਸਨ। ਟੈਕਨੀਕਲ ਯੂਨੀਵਰਸਿਟੀ ਦੇ ਨੇੜੇ ਟਾਇਰ ਫਟਣ ਕਾਰਨ ਇਹ ਗੱਡੀ ਪਲਟ ਕੇ ਸੜਕ ਦੇ ਦੂਜੇ ਪਾਸੇ ਪਈਆਂ ਇੱਟਾਂ ਨਾਲ ਜਾ ਟਕਰਾਈ। ਜੋਤੀ ਨਾਂਅ ਦੀ ਕੁੜੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਲਖਵੀਰ ਕੌਰ, ਰੀਨਾ, ਸੁਖਪ੍ਰੀਤ ਕੌਰ, ਰਮਨਦੀਪ ਕੌਰ, ਅਮਨਦੀਪ ਕੌਰ, ਰਿਤੂ, ਹਰਜਿੰਦਰ ਕੌਰ ਵਾਸੀ ਗਹਿਰੀ ਬੁੱਟਰ ਅਤੇ ਗੱਡੀ ਦਾ ਡਰਾਇਵਰ ਮੱਖਣ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਇਤਲਾਹ ਮਿਲਣ 'ਤੇ ਸਹਾਰਾ ਜਨ ਸੇਵਾ ਦੇ ਵਾਲੰਟੀਅਰਾਂ ਨੇ ਉਹਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ, ਗੱਡੀ ਦੇ ਡਰਾਇਵਰ ਅਤੇ 3 ਲੜਕੀਆਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਦੀ ਵਜਾਹ ਕਾਰਨ ਉਹਨਾਂ ਨੂੰ ਇੱਕ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਮਾਮਲਾ ਦਰਜ ਕਰਕੇ ਥਾਣਾ ਕੋਟਫੱਤਾ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।