Latest News

ਸਿੱਖਿਆ ਬੋਰਡ ਵੱਲੋਂ ਦਸਵੀਂ ਦਾ ਨਤੀਜਾ ਜਾਰੀ, ਕੁੜੀਆਂ ਨੇ ਫੇਰ ਬਾਜ਼ੀ ਮਾਰੀ

Published on 24 May, 2016 11:21 AM.

ਐੱਸ.ਏ.ਅੱੈਸ. ਨਗਰ (ਮੁਹਾਲੀ)
(ਗੁਰਜੀਤ ਬਿੱਲਾ)
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਦਸਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਬੋਰਡ ਦੀ ਚੇਅਰਪਰਸਨ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਜਾਰੀ ਕੀਤੀ ਮੈਰਿਟ ਸੂਚੀ ਅਤੇ ਨਤੀਜਿਆਂ ਦੇ ਅੰਕੜਿਆਂ ਵਿੱਚ ਕੁੜੀਆਂ ਨੇ ਫੇਰ ਬਾਜ਼ੀ ਮਾਰਦਿਆਂ ਮੋਹਰੀ ਪੁਜ਼ੀਸ਼ਨਾਂ ਹਾਸਲ ਕੀਤੀਆਂ। 80 ਫੀਸਦੀ ਤੋਂ ਵੱਧ ਅੰਕ ਲੈਣ ਵਾਲਿਆਂ ਵਿੱਚ ਸਰਕਾਰੀ ਸਕੂਲਾਂ ਦੇ 10255 ਵਿਦਿਆਰਥੀ ਰਹੇ। ਪਿੰਡਾਂ ਵਾਲੇ ਵਿਦਿਆਰਥੀਆਂ ਦੇ ਨਤੀਜੇ ਵੀ ਵਧੀਆ ਰਹੇ। ਬੋਰਡ ਦਾ ਸਾਲਾਨਾ ਨਤੀਜਾ ਪਿਛਲੇ ਸਾਲ ਨਾਲੋਂ 7 ਫੀਸਦੀ ਵਧੀਆ ਰਿਹਾ, ਜਦੋਂ ਕਿ ਪੰਜਾਬੀ ਵਿਸ਼ੇ ਦੀ ਪਾਸ ਫੀਸਦੀ ਦਰ ਸਭ ਤੋਂ ਵੱਧ ਰਹੀ।
ਬੋਰਡ ਵੱਲੋਂ ਇਸ ਵਾਰ ਬਾਰ੍ਹਵੀਂ ਦੇ ਨਤੀਜੇ ਵਾਂਗ ਖਿਡਾਰੀਆਂ ਵਾਲੀ ਮੈਰਿਟ ਵੱਖਰੀ ਅਤੇ ਅਕਾਦਮਿਕ ਮੈਰਿਟ ਵੱਖਰੀ ਬਣਾਈ ਗਈ। ਅਕਾਦਮਿਕ ਮੈਰਿਟ ਵਿੱਚ ਬੀ.ਜੀ.ਐਸ.ਯੂ.ਐਸ.ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ (ਤਰਨ ਤਾਰਨ) ਦੀ ਸਿਮਰਨਦੀਪ ਕੌਰ 99.08 ਫੀਸਦੀ ਨੰਬਰ ਲੈ ਕੇ ਪਹਿਲਾ, ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਭੱਲਾ ਕਾਲੋਨੀ, ਛੇਹਰਟਾ (ਅੰਮ੍ਰਿਤਸਰ) ਦੀ ਸਿਮਰਨਜੀਤ ਕੌਰ 98.92 ਫੀਸਦੀ ਨੰਬਰ ਲੈ ਕੇ ਦੂਜਾ ਅਤੇ ਸ਼ਿਵਾਲਿਕ ਮਾਡਲ ਸਕੂਲ ਜਗਰਾਓਂ (ਲੁਧਿਆਣਾ) ਦੇ ਅਰਸ਼ ਮਲਹੋਤਰਾ ਨੇ 98.77 ਫੀਸਦੀ ਨੰਬਰ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਖਿਡਾਰੀਆਂ ਦੀ ਮੈਰਿਟ ਵਿੱਚ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ ਜਮਾਲਪੁਰ ਕਾਲੋਨੀ, ਫੋਕਲ ਪੁਆਇੰਟ ਲੁਧਿਆਣਾ ਦੀਆਂ ਦੋ ਵਿਦਿਆਰਥਣਾਂ ਤਨੀਸ਼ਾ ਸ਼ਰਮਾ ਤੇ ਪੁਸ਼ਵਿੰਦਰ ਕੌਰ ਨੇ 100-100 ਫੀਸਦੀ ਨੰਬਰ ਲੈ ਕੇ ਸਾਂਝੇ ਤੌਰ 'ਤੇ ਪਹਿਲਾ ਸਥਾਨ, ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਦਮਨਪ੍ਰੀਤ ਕੌਰ ਨੇ 99.85 ਫੀਸਦੀ ਨੰਬਰ ਲੈ ਕੇ ਦੂਜਾ ਅਤੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੇ ਹੀ ਮਹਿਕਜੋਤ ਸਿੰਘ ਨੇ 99.69 ਫੀਸਦੀ ਨੰਬਰ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਚੇਅਰਪਰਸਨ ਡਾ. ਧਾਲੀਵਾਲ ਨੇ ਦੱਸਿਆ ਕਿ ਬੋਰਡ ਦਾ ਨਤੀਜਾ 72.25 ਫੀਸਦੀ ਰਿਹਾ, ਜਿਹੜਾ ਕਿ ਪਿਛਲੇ ਸਾਲ ਨਾਲੋਂ 7.50 ਫੀਸਦੀ ਬਿਹਤਰ ਰਿਹਾ। ਪਿਛਲੇ ਸਾਲ ਬੋਰਡ ਦਾ ਨਤੀਜਾ 65.77 ਫੀਸਦੀ ਸੀ। 80 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਲਗਾਤਾਰ ਦੂਜੇ ਸਾਲ ਵੱਡਾ ਵਾਧਾ ਹੋਇਆ। ਇਸ ਸਾਲ 39,041 ਵਿਦਿਆਰਥੀਆਂ ਨੇ 80 ਫੀਸਦੀ ਜਾਂ ਇਸ ਤੋਂ ਵੱਧ ਅੰਕ ਹਾਸਲ ਕੀਤੇ, ਜਿਨ੍ਹਾਂ ਵਿੱਚ ਸਰਕਾਰੀ ਸਕੂਲਾਂ ਦੇ 10,255 ਵਿਦਿਆਰਥੀ ਵੀ ਸ਼ਾਮਲ ਹਨ। ਵਿਸ਼ਾ ਅਨੁਸਾਰ ਨਤੀਜਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਵਧੀਆ ਨਤੀਜਾ ਪੰਜਾਬੀ ਵਿਸ਼ੇ ਦਾ ਰਿਹਾ, ਜਿਸ ਵਿੱਚ ਪਾਸ ਫੀਸਦੀ ਦਰ 94.98 ਫੀਸਦੀ ਰਹੀ।
ਚੇਅਰਪਰਸਨ ਨੇ ਦੱਸਿਆ ਕਿ ਮੈਰਿਟ ਵਿੱਚ ਕੁੱਲ 355 ਵਿਦਿਆਰਥੀਆਂ ਨੇ ਜਗ੍ਹਾ ਹਾਸਲ ਕੀਤੀ। 355 ਵਿਦਿਆਰਥੀਆਂ ਵਾਲੀ ਮੈਰਿਟ ਸੂਚੀ ਦੇ ਆਖਰੀ ਵਿਦਿਆਰਥੀ ਨੇ 650 ਵਿੱਚੋਂ 625 ਨੰਬਰ ਰਹੇ। ਇਸ ਤਰ੍ਹਾਂ ਮੈਰਿਟ ਦੀ ਕਟ ਆਊਟ ਲਿਸਟ 96.18 ਫੀਸਦੀ ਤੱਕ ਰਹੀ। ਸਭ ਤੋਂ ਵੱਧ ਲੁਧਿਆਣਾ ਜ਼ਿਲ੍ਹੇ ਦੇ 121 ਵਿਦਿਆਰਥੀਆਂ ਨੇ ਮੈਰਿਟ ਪੁਜ਼ੀਸ਼ਨਾਂ ਹਾਸਲ ਕੀਤੀਆਂ। ਇਸ ਤੋਂ ਬਾਅਦ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਬਠਿੰਡਾ ਤੇ ਹੁਸ਼ਿਆਰਪੁਰ ਦੇ 29-29 ਅਤੇ ਪਟਿਆਲਾ ਦੇ 28, ਅੰਮ੍ਰਿਤਸਰ ਦੇ 16 ਤੇ ਬਰਨਾਲਾ ਦੇ 15 ਵਿਦਿਆਰਥੀਆਂ ਨੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ। ਦਸਵੀਂ ਦੇ ਨਤੀਜਿਆਂ ਦੀ ਪਾਸ ਫੀਸਦੀ ਵਿੱਚ ਵੀ ਲੜਕੀਆਂ ਨੇ ਬਾਜ਼ੀ ਮਾਰੀ, ਜਦੋਂ ਕਿ ਪਿੰਡਾਂ ਵਾਲੇ ਵਿਦਿਆਰਥੀਆਂ ਦਾ ਨਤੀਜਾ ਬਾਰ੍ਹਵੀਂ ਵਾਂਗ ਦਸਵੀਂ ਵਿੱਚ ਵੀ ਬਿਹਤਰ ਰਿਹਾ। ਲੜਕੀਆਂ ਦੀ ਪਾਸ ਫੀਸਦੀ 78.30 ਫੀਸਦੀ ਅਤੇ ਲੜਕਿਆਂ ਦੀ 67.43 ਫੀਸਦੀ ਰਹੀ। ਇਸੇ ਤਰ੍ਹਾਂ ਪਿੰਡਾਂ ਵਾਲੇ ਵਿਦਿਆਰਥੀਆਂ ਦੀ ਪਾਸ ਫੀਸਦੀ ਦਰ 72.66 ਫੀਸਦੀ ਅਤੇ ਸ਼ਹਿਰਾਂ ਵਾਲੇ ਵਿਦਿਆਰਥੀਆਂ ਦੀ 71.46 ਫੀਸਦੀ ਰਹੀ। ਐਫੀਲੇਟਿਡ ਸਕੂਲਾਂ ਦਾ ਨਤੀਜਾ 82.76 ਫੀਸਦੀ, ਐਸੋਸੇਇਟਡ ਸਕੂਲਾਂ ਦਾ ਨਤੀਜਾ 70.46 ਫੀਸਦੀ, ਸਰਕਾਰੀ ਸਕੂਲਾਂ ਦਾ ਨਤੀਜਾ 69.03 ਫੀਸਦੀ ਅਤੇ ਏਡਿਡ ਸਕੂਲਾਂ ਦਾ ਨਤੀਜਾ 69.28 ਫੀਸਦੀ ਰਿਹਾ।
ਡਾ. ਧਾਲੀਵਾਲ ਨੇ ਦੱਸਿਆ ਕਿ ਦਸਵੀਂ ਦੇ ਇਮਤਿਹਾਨ ਵਿੱਚ ਕੁੱਲ 3,42,330 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 2,47,340 ਵਿਦਿਆਰਥੀ ਪਾਸ ਰਹੇ ਭਾਵ ਪਾਸ ਫੀਸਦੀ ਦਰ 72.25 ਰਹੀ। ਮੁਕੰਮਲ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 25,662 ਸੀ, ਜਿਹੜੇ ਕਿ ਕੁੱਲ ਵਿਦਿਆਰਥੀਆਂ ਦਾ ਸਿਰਫ 7.50 ਫੀਸਦੀ ਹਨ। 69,152 ਵਿਦਿਆਰਥੀਆਂ (20.20 ਫੀਸਦੀ) ਦੀ ਰੀ-ਅਪੀਅਰ ਰਹੀ। ਇਸ ਤੋਂ ਇਲਾਵਾ 176 ਵਿਦਿਆਰਥੀਆਂ (0.05 ਫੀਸਦੀ) ਦਾ ਨਤੀਜਾ ਰੋਕਿਆ ਗਿਆ ਹੈ। ਜ਼ਿਲ੍ਹਾ ਵਾਰ ਨਤੀਜਿਆਂ ਵਿੱਚ ਤਰਨ ਤਾਰਨ 93.24 ਫੀਸਦੀ ਪਾਸ ਫੀਸਦੀ ਦਰ ਨਾਲ ਪਹਿਲੇ, ਗੁਰਦਾਸਪੁਰ ਜ਼ਿਲ੍ਹਾ 92.05 ਫੀਸਦੀ ਨਾਲ ਦੂਜੇ, ਅੰਮ੍ਰਿਤਸਰ 89.41 ਫੀਸਦੀ ਨਾਲ ਤੀਜੇ ਸਥਾਨ, ਪਠਾਨਕੋਟ 82.68 ਫੀਸਦੀ ਚੌਥੇ, ਫਿਰੋਜ਼ਪੁਰ 74.51 ਫੀਸਦੀ ਨਾਲ ਪੰਜਵੇਂ ਤੇ ਹੁਸ਼ਿਆਰਪੁਰ 73.05 ਫੀਸਦੀ ਨਾਲ ਛੇਵੇਂ ਸਥਾਨ 'ਤੇ ਰਿਹਾ।

694 Views

e-Paper