ਪਾਕਿ ਜਾਣ ਦਾ ਅਰਥ ਅੱਤਵਾਦ ਨਾਲ ਸਮਝੌਤਾ ਨਹੀਂ : ਮੋਦੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੇਂਦਰ 'ਚ ਸੱਤਾ ਦੇ ਦੋ ਸਾਲ ਪੂਰੇ ਹੋਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਥਿਕ ਸੁਧਾਰਾਂ ਅਤੇ ਵਿਕਾਸ ਦੇ ਰਾਹ 'ਤੇ ਅੱਗੇ ਵਧਣ ਦਾ ਏਜੰਡਾ ਤੈਅ ਕੀਤਾ ਹੈ। ਉਨ੍ਹਾ ਕਿਹਾ ਕਿ ਦੋ ਸਾਲਾਂ 'ਚ ਸਰਕਾਰ ਨੇ ਅਰਥ ਵਿਵਸਥਾ ਨੂੰ ਇੰਨੀ ਰਫ਼ਤਾਰ ਦਿੱਤੀ ਹੈ ਕਿ ਇਹ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਅੱਗੇ ਵਧਣ ਵਾਲੀ ਅਰਥ ਵਿਵਸਥਾ ਬਣ ਗਈ ਹੈ।
ਇੱਕ ਅਮਰੀਕੀ ਅਖ਼ਬਾਰ ਵਾਲ ਸਟਰੀਟ ਜਨਰਲ ਨੂੰ ਦਿੱਤੇ ਗਏ ਇੱਕ ਇੰਟਰਵਿਊ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾ ਨੇ ਦੋ ਸਾਲਾਂ 'ਚ ਵਿਦੇਸ਼ੀ ਨਿਵੇਸ਼ ਨੂੰ ਬੜ੍ਹਾਵਾ ਦੇਣ, ਭ੍ਰਿਸ਼ਟਾਚਾਰ ਰੋਕਣ ਅਤੇ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਜ਼ਰੂਰੀ ਕਦਮ ਚੁੱਕੇ ਹਨ, ਜਿਸ ਨਾਲ ਦੇਸ਼ 'ਚ ਵਪਾਰ ਕਰਨਾ ਹੁਣ ਸੌਖਾ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਵੱਧ ਤੋਂ ਵੱਧ ਬਦਲਾਅ ਕੀਤੇ ਹਨ ਅਤੇ ਮੇਰੇ ਕੋਲ ਖੁਦ ਲਈ ਹੋਰ ਵੀ ਕਈ ਜ਼ਰੂਰੀ ਕੰਮ ਹਨ।
ਜ਼ਿਕਰਯੋਗ ਹੈ ਕਿ ਅਗਲੇ ਮਹੀਨੇ ਵਾਸ਼ਿੰਗਟਨ ਦੌਰੇ 'ਤੇ ਜਾਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਥੇ ਸੁਨੇਹਾ ਦੇਣਗੇ ਕਿ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਅਰਥ ਵਿਵਸਥਾ ਵਿਸ਼ਵ ਪੱਧਰ 'ਤੇ ਨਵੀਂਆਂ ਚੁਣੌਤੀਆਂ ਨਾਲ ਅੱਗੇ ਵਧਣ ਲਈ ਤਿਆਰ ਹੈ। ਇਸ ਦੌਰੇ ਦੌਰਾਨ ਉਹ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਵੀ ਮੁਲਾਕਾਤ ਕਰਨਗੇ ਅਤੇ ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਗੁਆਂਢੀ ਮੁਲਕਾਂ ਨਾਲ ਸੰਬੰਧ ਸੁਧਾਰਨ 'ਚ ਭਰੋਸਾ ਰੱਖਦੇ ਹਨ ਅਤੇ ਉਨ੍ਹਾ ਇਸ ਲਈ ਲਗਾਤਾਰ ਯਤਨ ਵੀ ਕੀਤੇ ਹਨ। ਉਨ੍ਹਾ ਕਿਹਾ ਕਿ ਮੈਂ ਖ਼ੁਦ ਪਹਿਲ ਕਰਕੇ ਲਾਹੌਰ ਗਿਆ ਸੀ, ਕਿਉਂਕਿ ਮੈਂ ਪਾਕਿਸਤਾਨ ਨਾਲ ਚੰਗੇ ਸੰਬੰਧ ਚਾਹੁੰਦਾ ਹਾਂ, ਪਰ ਅੱਤਵਾਦ ਦੇ ਮੁੱਦੇ 'ਤੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਇੱਕ ਭਿਆਨਕ ਸਮੱਸਿਆ ਹੈ ਅਤੇ ਇਸ ਨਾਲ ਨਿਪਟਣਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਰੱਖਿਆ ਨਿਰਮਾਣ ਦੇ ਖੇਤਰ 'ਚ ਅੱਗੇ ਵਧਣਾ ਚਾਹੁੰਦਾ ਹੈ। ਉਨ੍ਹਾ ਕਿਹਾ ਕਿ ਡਿਫੈਂਸ ਦੀ ਦਰਾਮਦ 'ਚ ਬਹੁਤ ਵਾਧਾ ਹੋਇਆ ਹੈ ਅਤੇ ਸਰਕਾਰ ਇਸ ਲਈ ਹਰ ਦੇਸ਼ ਨਾਲ ਗੱਲ ਕਰ ਰਹੀ ਹੈ।
ਜ਼ਮੀਨ ਪ੍ਰਾਪਤੀ ਬਿੱਲ ਬਾਰੇ ਪੁੱਛੇ ਗਏ ਸੁਆਲ ਦੇ ਜੁਆਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜ਼ਮੀਨ ਪ੍ਰਾਪਤੀ ਕਾਨੂੰਨ 'ਚ ਸੋਧ ਦੀਆਂ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਸੂਬਾ ਸਰਕਾਰਾਂ ਚਾਹੁਣ ਤਾਂ ਆਪਣੇ-ਆਪਣੇ ਹਿਸਾਬ ਨਾਲ ਇਸ 'ਚ ਬਦਲਾਅ ਕਰ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਸੰਸਦ 'ਚ ਬਿੱਲ ਪਾਸ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਰਾਜ ਸਭਾ 'ਚ ਆਪੋਜ਼ੀਸ਼ਨ ਦੇ ਵਿਰੋਧ ਕਾਰਨ ਬਿੱਲ ਫੱਸ ਗਿਆ।
ਅਮਰੀਕੀ ਰਾਸ਼ਟਰਪਤੀ ਚੋਣ 'ਚ ਰਿਪਬਲੀਕਨ ਪਾਰਟੀ ਦੇ ਸੰਭਾਵੀ ਉਮੀਦਵਾਰ ਡੋਨਾਲਡ ਟਰੰਪ ਵੱਲੋਂ ਅਮਰੀਕਾ 'ਚ ਮੁਸਲਮਾਨਾਂ ਦੇ ਦਾਖ਼ਲੇ 'ਤੇ ਸੰਬੰਧੀ ਬਿਆਨ ਬਾਰੇ ਪੁੱਛੇ ਜਾਣ 'ਤੇ ਮੋਦੀ ਨੇ ਟਿਪਣੀਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾ ਕਿਹਾ ਕਿ ਚੋਣ ਮੁਹਿੰਮ ਦੌਰਾਨ ਹੋਣ ਵਾਲੀ ਬਿਆਨਬਾਜ਼ੀ 'ਤੇ ਕਿਸੇ ਸਰਕਾਰ ਨੂੰ ਟਿਪਣੀ ਨਹੀਂ ਕਰਨੀ ਚਾਹੀਦੀ। ਉਨ੍ਹਾ ਕਿਹਾ ਕਿ ਚੋਣਾਂ 'ਚ ਬਹਿਸ ਦੇ ਕਈ ਮੁੱਦੇ ਹੁੰਦੇ ਹਨ ਅਤੇ ਅਮਰੀਕਾ 'ਚ ਵੀ ਚੋਣ ਬਹਿਸ ਤਹਿਤ ਕਈ ਗੱਲਾਂ ਕੀਤੀਆਂ ਜਾਣਗੀਆਂ, ਉਨ੍ਹਾ 'ਤੇ ਕਿਸੇ ਸਰਕਾਰ ਨੂੰ ਪ੍ਰਤੀਕ੍ਰਿਆ ਨਹੀਂ ਦੇਣੀ ਚਾਹੀਦੀ।
ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਫ਼ਤ ਕਰ ਚੁੱਕੇ ਹਨ। ਜਦੋਂ ਮੋਦੀ ਨੇ ਸੱਤਾ ਸੰਭਾਲੀ ਸੀ ਤਾਂ ਟਰੰਪ ਨੇ ਕਿਹਾ ਕਿ ਸਾਲਾਂ ਦੀ ਸੁਸਤੀ ਮਗਰੋਂ ਨਿਵੇਸ਼ਕਾਰ ਹੁਣ ਭਾਰਤ ਪਰਤ ਰਹੇ ਹਨ। ਉਨ੍ਹਾ ਕਿਹਾ ਕਿ ਮੋਦੀ ਪ੍ਰਧਾਨ ਮੰਤਰੀ ਦੇ ਰੂਪ 'ਚ ਸ਼ਾਨਦਾਰ ਕੰਮ ਕਰ ਰਹੇ ਹਨ। ਉਨ੍ਹਾ ਕਿਹਾ ਕਿ ਮੋਦੀ ਦੀ ਅਗਵਾਈ 'ਚ ਭਾਰਤ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ।