ਅਮਰੀਕਾ ਤੋਂ ਐੱਫ-16 ਲੜਾਕੂ ਜਹਾਜ਼ ਹਾਸਲ ਕਰਨ 'ਚ ਨਾਕਾਮ ਰਿਹਾ

ਪਾਕਿਸਤਾਨ
ਇਸਲਾਮਾਬਾਦ (ਨ ਜ਼ ਸ)-ਅਮਰੀਕਾ ਤੋਂ ਅੱਠ ਐਫ-16 ਲੜਾਕੂ ਜਹਾਜ਼ ਖਰੀਦਣ ਵਿੱਚ ਪਾਕਿਸਤਾਨ ਦੇ ਨਾਕਾਮ ਹੋਣ ਦੀ ਜਾਣਕਾਰੀ ਮਿਲੀ ਹੈ। ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਪੈਸੇ ਦੇ ਲੈਣ-ਦੇਣ ਦਾ ਮਸਲਾ ਨਾ ਸੁਲਝਣ ਕਾਰਨ ਪਾਕਿਸਤਾਨ 700 ਮਿਲੀਅਨ ਡਾਲਰ ਦਾ ਇਹ ਸੌਦਾ ਨਹੀਂ ਕਰ ਸਕਿਆ। ਭਾਰਤੀ ਮੁਦਰਾ ਵਿੱਚ ਇਹ ਕਰਾਰ ਤਕਰੀਬਨ 4700 ਕਰੋੜ ਰੁਪਏ ਦੀ ਸੀ।
ਪਾਕਿਸਤਾਨੀ ਅਖ਼ਬਾਰ 'ਡਾਨ' ਦੀ ਰਿਪੋਰਟ ਮੁਤਾਬਕ ਨਵਾਜ਼ ਸ਼ਰੀਫ਼ ਸਰਕਾਰ ਨੇ ਐਫ਼-16 ਲੜਾਕੂ ਜਹਾਜ਼ ਖਰੀਦਣ ਲਈ ਆਪਣੀ ਸਹਿਮਤੀ ਦੀ ਚਿੱਠੀ ਅਮਰੀਕਾ ਨੂੰ ਦੇਣੀ ਸੀ। ਚਿੱਠੀ ਦੇਣ ਦੀ ਆਖਰੀ ਤਰੀਕ 24 ਮਈ ਨੂੰ ਖਤਮ ਹੋਣ ਕਾਰਨ ਅਮਰੀਕਾ ਦੀ ਪੇਸ਼ਕਸ਼ ਵੀ ਖਤਮ ਹੋ ਗਈ ਹੈ।
ਸੂਤਰਾਂ ਦੇ ਹਵਾਲੇ ਨਾਲ ਅਖ਼ਬਾਰ ਨੇ ਲਿਖਿਆ ਹੈ, 'ਪਾਕਿਸਤਾਨ ਨੇ ਤੈਅ ਕੀਤਾ ਕਿ ਉਹ ਆਪਣੇ ਰਾਸ਼ਟਰੀ ਖਜ਼ਾਨੇ ਵਿਚੋਂ ਇਸ ਡੀਲ ਬਦਲੇ ਭੁਗਤਾਨ ਨਹੀਂ ਕਰੇਗਾ। ਇਸ ਲਈ ਸੌਦੇ ਦੀ ਸ਼ਰਤ ਹੁਣ ਖਤਮ ਹੋ ਗਈ ਹੈ।' ਹਾਲਾਂਕਿ ਅਮਰੀਕਾ ਵਿੱਚ ਪਾਕਿਸਤਾਨ ਦੇ ਰਾਜਦੂਤ ਜਲੀਲ ਅੱਬਾਸ ਜਿਲਾਨੀ ਨੇ 'ਡਾਨ' ਨੂੰ ਕਿਹਾ, 'ਅਸੀਂ ਹਾਲੇ ਤੱਕ ਉਸ ਮੁਕਾਮ 'ਤੇ ਨਹੀਂ ਪਹੁੰਚੇ, ਜਿੱਥੋਂ ਅੱਗੇ ਵਧਣ ਦੇ ਰਾਸਤੇ ਬੰਦ ਹੋ ਜਾਂਦੇ ਹਨ।' ਸ਼ੁਰੂ ਵਿੱਚ 700 ਮਿਲੀਅਨ ਡਾਲਰ ਦੇ ਇਸ ਸੌਦੇ ਦੇ ਇੱਕ ਹਿੱਸੇ ਦਾ ਭੁਗਤਾਨ ਅਮਰੀਕਾ ਦੇ ਵਿਦੇਸ਼ ਮਿਲਟਰੀ ਫਾਈਨਾਸਿੰਗ ਪ੍ਰੋਗਰਾਮ ਤਹਿਤ ਕੀਤਾ ਜਾਣਾ ਸੀ, ਪਰ ਕਾਂਗਰਸ ਨੇ ਇਸ ਵਿਕਰੀ ਨੂੰ ਕਿਸੇ ਤਰ੍ਹਾਂ ਦੀ ਸਬਸਿਡੀ ਦੇਣ ਤੋਂ ਮਨ੍ਹਾ ਕਰ ਦਿੱਤਾ।
ਅਮਰੀਕੀ ਕਾਂਗਰਸ ਨੇ ਪਾਕਿਸਤਾਨ ਨੂੰ ਇਹ ਸਹਾਇਤਾ ਇਸ ਲਈ ਰੋਕੀ ਕਿਉਂਕਿ ਉਸ ਦੀ ਨਜ਼ਰ ਵਿੱਚ ਇਸਲਾਮਾਬਾਦ ਨੇ ਆਪਣੀ ਜ਼ਮੀਨ ਤੋਂ ਹੱਕਾਨੀ ਨੈੱਟਵਰਕ ਦੇ ਖਾਤਮੇ ਲਈ ਜ਼ਿਆਦਾ ਕੁਝ ਨਹੀਂ ਕੀਤਾ ਸੀ। ਕਾਂਗਰਸ ਅੰਦਰ ਪਾਕਿਸਤਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਹਨ। ਪਾਕਿਸਤਾਨ ਨੂੰ ਉਮੀਦ ਸੀ ਕਿ ਐਫ਼-16 ਡੀਲ ਵਿੱਚ ਉਸ ਨੂੰ 270 ਮਿਲੀਅਨ ਡਾਲਰ ਹੀ ਦੇਣੇ ਪੈਣਗੇ, ਪਰ ਬਾਅਦ ਵਿੱਚ ਓਬਾਮਾ ਪ੍ਰਸ਼ਾਸ਼ਨ ਨੇ ਉਸ ਨੂੰ ਪੂਰੀ ਰਕਮ ਦੇ ਭੁਗਤਾਨ ਲਈ ਕਿਹਾ। ਪਾਕਿਸਤਾਨ ਸਰਕਾਰ ਨੂੰ ਅਮਰੀਕਾ ਦਾ ਇਹ ਪ੍ਰਸਤਾਵ ਮਨਜ਼ੂਰ ਨਹੀਂ ਸੀ। ਉਹ ਇਸ ਜ਼ਿਦ 'ਤੇ ਅੜਿਆ ਰਿਹਾ ਕਿ ਅਮਰੀਕੀ ਪੇਸ਼ਕਸ਼ ਵਿੱਚ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ।