ਦੇਸ਼ ਸੜ ਰਿਹੈ, ਨੀਰੋ ਬੰਸਰੀ ਵਜਾ ਰਿਹੈ : ਦਿਗਵਿਜੈ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੇਂਦਰ 'ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਦੋ ਸਾਲ ਪੂਰੇ ਹੋਣ ਮੌਕੇ ਕੀਤੇ ਜਾ ਰਹੇ ਜਸ਼ਨਾਂ 'ਤੇ ਟਿਪਣੀ ਕਰਦਿਆਂ ਸੀਨੀਅਰ ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਕਿਹਾ ਕਿ ਦੇਸ਼ ਸੜ ਰਿਹਾ ਹੈ, ਨੀਰੋ ਬੰਸਰੀ ਵਜਾ ਰਿਹਾ ਹੈ। ਉਨ੍ਹਾ ਜਸ਼ਨਾਂ ਨੂੰ ਕਈ ਟਵੀਟ ਕੀਤੇ ਅਤੇ ਕਿਹਾ ਕਿ ਹਜ਼ਾਰਾਂ ਕਰੋੜ ਰੁਪਏ ਖਰਚ ਕੇ ਜਸ਼ਨ ਮਨਾਇਆ ਜਾ ਰਿਹਾ ਹੈ। ਮੋਦੀ ਜੀ ਕਹਿ ਰਹੇ ਹਨ ਕਿ ਮੇਰਾ ਦੇਸ਼ ਬਦਲ ਰਿਹਾ ਹੈ ਅਤੇ ਅੱਗੇ ਵਧ ਰਿਹਾ ਹੈ। ਦਿਗਵਿਜੈ ਨੇ ਕਿਹਾ ਕਿ ਦੇਸ਼ ਸੜ ਰਿਹਾ ਹੈ ਅਤੇ ਭਾਰਤ ਦਾ ਨੀਰੋ ਜਸ਼ਨ ਮਨਾ ਰਿਹਾ ਹੈ, ਇਹੋ ਭਾਜਪਾ/ਸੰਘ ਦਾ ਰਾਮ ਰਾਜ ਹੈ। ਆਪਣੇ ਟਵੀਟਸ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਲਾਉਦਿਆਂ ਦਿਗਵਿਜੈ ਸਿੰਘ ਨੇ ਲਿਖਿਆ ਕਿ ਦੇਸ਼ 'ਚ ਸੋਕਾ ਪੈ ਰਿਹਾ ਹੈ, ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ, ਕਿਸਾਨ, ਸੁਨਿਆਰ, ਬਿਲਡਰ ਖੁਦਕੁਸ਼ੀਆਂ ਕਰ ਰਹੇ ਹਨ, ਬੈਂਕ ਉਦਯੋਗ ਘਾਟੇ 'ਚ ਚੱਲ ਰਿਹਾ ਹੈ, ਨਿਰਯਾਤ ਲਗਾਤਾਰ ਘਟ ਰਿਹਾ ਹੈ, ਨੌਜੁਆਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਪਾਕਿਸਤਾਨ ਸਾਨੂੰ ਰੋਜ਼ ਅੱਖਾਂ ਦਿਖਾ ਰਿਹਾ ਹੈ, ਨੇਪਾਲ ਨਾਲ ਸਦੀਆਂ ਪੁਰਾਣੇ ਸੰਬੰਧ ਵਿਗੜ ਰਹੇ ਹਨ, ਔਰਤਾਂ, ਦਲਿਤਾਂ, ਆਦਿਵਾਸੀਆਂ 'ਤੇ ਜੁਰਮ ਵਧਦੇ ਜਾ ਰਹੇ ਹਨ, ਫ਼ਿਰਕੂ ਭਾਈਚਾਰਾ ਵਿਗੜਦਾ ਜਾ ਰਿਹਾ ਹੈ, ਵਿਦਿਆਰਥੀਆਂ ਤੇ ਸਾਧੂ -ਸੰਤਾਂ 'ਤੇ ਪੁਲਸ ਡੰਡੇ ਵਰ੍ਹਾ ਰਹੀ ਹੈ, ਕੀ ਇਹੋ ਰਾਮ ਰਾਜ ਹੈ। ਦਿਗਵਿਜੈ ਸਿੰਘ ਦੇ ਟਵੀਟ ਦੇ ਜੁਆਬ 'ਚ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਕਿਹਾ ਕਿ ਗਾਂਧੀ ਦੇ ਵੰਸ਼ਜਾਂ ਦਾ ਦਿਲ ਸੜ ਰਿਹਾ ਹੈ, ਕਿਉਂਕਿ ਐੱਨ ਡੀ ਏ ਦੇ ਰਾਜ 'ਚ ਦੇਸ਼ ਵਿਕਾਸ ਕਰ ਰਿਹਾ ਹੈ ਅਤੇ ਵਿਕਾਸ ਦੇਖ ਕੇ ਰਾਹੁਲ ਗਾਂਧੀ ਤੇ ਦਿਗਵਿਜੈ ਸਿੰਘ ਦਾ ਦਿਲ ਸੜ ਰਿਹਾ ਹੈ। ਉਨ੍ਹਾ ਕਿਹਾ ਕਿ ਆਪਣੀ ਪਾਰਟੀ ਦਾ ਅਕਸ ਬਚਾਉਣ ਲਈ ਦਿਗਵਿਜੈ ਸਿੰਘ ਅਜਿਹੇ ਨਿਰਾਸ਼ਾ ਭਰੇ ਅਤੇ ਬੇਮਤਲਬ ਦੇ ਬਿਆਨ ਦੇ ਰਹੇ ਹਨ।