ਅਫ਼ਰੀਕੀਆਂ 'ਤੇ ਹਮਲਾ 5 ਗ੍ਰਿਫ਼ਤਾਰ, 4 ਹਿਰਾਸਤ 'ਚ

ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਰਾਜਧਾਨੀ ਦੇ ਦੱਖਣੀ ਹਿੱਸੇ 'ਚ ਮਹਿਰੌਲੀ ਵਿਖੇ ਵੀਰਵਾਰ ਨੂੰ 6 ਅਫ਼ਰੀਕੀ ਨੌਜੁਆਨਾਂ 'ਤੇ ਹਮਲੇ ਦੇ ਮਾਮਲੇ 'ਚ ਸਰਕਾਰ ਨੇ ਬੇਹੱਦ ਸਖ਼ਤ ਰੁਖ ਅਪਣਾਇਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਹਨਾਂ ਹਮਲਿਆਂ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ, ਜਿਸ ਮਗਰੋਂ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਸ ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ 4 ਹੋਰਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਮਾਮਲੇ 'ਚ ਜਾਂਚ ਤੇਜ਼ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ਮਾਮਲਾ ਨਸਲ-ਭੇਦ ਨਾਲ ਸੰਬੰਧਤ ਨਹੀਂ।
ਅਫ਼ਰੀਕੀ ਮੂਲ ਦੇ 6 ਵਿਅਕਤੀਆਂ 'ਤੇ ਹਮਲੇ ਦੇ ਮਾਮਲੇ 'ਚ ਅੱਜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਨਾਲ ਗੱਲ ਕੀਤੀ। ਗੱਲਬਾਤ ਮਗਰੋਂ ਸੁਸ਼ਮਾ ਸਵਰਾਜ ਨੇ ਕਿਹਾ ਕਿ ਗ੍ਰਹਿ ਮੰਤਰੀ ਨੇ ਦੋਸ਼ੀਆਂ ਦੀ ਜਲਦੀ ਗ੍ਰਿਫ਼ਤਾਰੀ ਦਾ ਭਰੋਸਾ ਦਿੱਤਾ ਹੈ। ਸੁਸ਼ਮਾ ਨਾਲ ਗੱਲਬਾਤ ਮਗਰੋਂ ਗ੍ਰਹਿ ਮੰਤਰੀ ਨੇ ਪੁਲਸ ਕਮਿਸ਼ਨਰ ਨਾਲ ਇਸ ਮੁੱਦੇ 'ਤੇ ਗੱਲ ਕੀਤੀ ਅਤੇ ਟਵੀਟ ਕਰਕੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਿੰਦਣਯੋਗ ਹਨ। ਉਨ੍ਹਾ ਕਿਹਾ ਕਿ ਪੁਲਸ ਕਮਿਸ਼ਨਰ ਨੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਅਤੇ ਸੁਰੱਖਿਆ ਲਈ ਇਹਨਾਂ ਇਲਾਕਿਆਂ 'ਚ ਪੁਲਸ ਗਲਤ ਵਧਾਉਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਦੀ ਸੱਤਾਧਾਰੀ ਪਾਰਟੀ ਆਪ ਦੇ ਸੀਨੀਅਰ ਆਗੂ ਦਿਲੀਪ ਪਾਂਡੇ ਨੇ ਘਟਨਾ ਨੂੰ ਮੰਦਭਾਗਾ ਦੱਸਦਿਆਂ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸੀਖਾਂ ਪਿਛੇ ਬੰਦ ਕੀਤਾ ਜਾਵੇ।
ਉਧਰ ਪੁਲਸ ਨੇ ਅਫ਼ਰੀਕੀਆ 'ਤੇ ਹਮਲੇ ਦੇ ਸੰਬੰਧ 'ਚ ਤਿੰਨ ਕੇਸ ਦਰਜ ਕੀਤੇ ਹਨ ਅਤੇ ਕੁਝ ਲੋਕਾਂ ਨੂੰ ਹਿਰਾਸਤ 'ਚ ਵੀ ਲਿਆ ਗਿਆ ਹੈ।
ਪੁਲਸ ਨੇ ਕਿਹਾ ਕਿ ਇਹ ਨਸਲੀ ਹਮਲਾ ਨਹੀਂ। ਡੀ ਸੀ ਪੀ ਸਾਊਥ ਈਸ਼ਵਰ ਸਿੰਘ ਨੇ ਕਿਹਾ ਕਿ ਇਹ ਹਮਲੇ ਗਿਣੀ-ਮਿਥੀ ਯੋਜਨਾ ਤਹਿਤ ਨਹੀਂ ਕੀਤੇ ਜਾ ਰਹੇ। ਉਨ੍ਹਾ ਕਿਹਾ ਕਿ ਅਜਿਹੀਆਂ ਘਟਨਾਵਾਂ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਕਾਰਨਾਂ ਕਰਕੇ ਵਾਪਰਦੀਆਂ ਹਨ। ਉਨ੍ਹਾ ਕਿਹਾ ਕਿ ਕਿਸੇ ਪੀੜਤ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ, ਪਰ ਪੁਲਸ ਨੇ ਆਪਣੇ ਵੱਲੋਂ ਮਾਮਲੇ ਦਰਜ ਕੀਤੇ ਹਨ।
ਦੱਖਣੀ ਦਿੱਲੀ 'ਚ ਅਫ਼ਰੀਕੀ ਵਿਦਿਆਰਥੀਆਂ 'ਤੇ ਬੀਤੀ ਰਾਤ ਕੀਤੇ ਗਏ ਹਮਲੇ ਨੂੰ ਵਿਦੇਸ਼ ਰਾਜ ਮੰਤਰੀ ਜਨਰਲ ਵੀ ਕੇ ਸਿੰਘ ਨੇ ਮਾਮੂਲੀ ਘਟਨਾ ਦੱਸਿਆ ਹੈ। ਅਫ਼ਰੀਕੀ ਵਿਦਿਆਰਥੀਆਂ 'ਤੇ ਹਮਲੇ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਵਿਦੇਸ਼ ਮੰੰਤਰੀ ਸੁਸ਼ਮਾ ਸਵਰਾਜ ਨੇ ਜਨਰਲ ਵੀ ਕੇ ਸਿੰਘ ਅਤੇ ਸਕੱਤਰ ਅਮਰ ਸਿਨਹਾ ਨੂੰ ਅਫ਼ਰੀਕੀ ਨਾਗਰਿਕਾਂ ਨਾਲ ਮੁਲਾਕਾਤ ਕਰਨ ਲਈ ਭੇਜਿਆ। ਪੀੜਤ ਅਫ਼ਰੀਕੀ ਨਾਗਰਿਕਾਂ ਨਾਲ ਮੁਲਾਕਾਤ ਮਗਰੋਂ ਜਨਰਲ ਵੀ ਕੇ ਸਿੰਘ ਨੇ ਹਮਲੇ ਨੂੰ ਮਾਮੂਲੀ ਘਟਨਾ ਦੱਸਦਿਆਂ ਕਿਹਾ ਕਿ ਮੀਡੀਆ ਐਵੇਂ ਮਾਮਲੇ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਿਹਾ ਹੈ। ਹਮਲੇ ਦੇ ਮਾਮਲੇ 'ਚ ਦਿੱਲੀ ਪੁਲਸ ਨਾਲ ਗੱਲਬਾਤ ਦਾ ਹਵਾਲਾ ਦਿੰਦਿਆਂ ਉਨ੍ਹਾ ਕਿਹਾ ਕਿ ਮੀਡੀਆ ਬਿਨਾ ਮਤਲਬ ਘਟਨਾ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਿਹਾ ਹੈ। ਉਧਰ ਪੁਲਸ ਨੇ ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਦੇ ਦਖ਼ਲ ਮਗਰੋਂ ਹਮਲੇ ਦੇ ਸੰਬੰਧ 'ਚ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇੱਕ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਹੈ।