ਅਦਾਰਾ 'ਨਵਾਂ ਜ਼ਮਾਨਾ'’ਦੇ ਚੌਹਠ ਸਾਲ ਪੂਰੇ ਹੋਣ ਮੌਕੇ

ਅੱਜ 'ਨਵਾਂ ਜ਼ਮਾਨਾ' ਦੇ ਜਨਮ ਦੀ ਚੌਹਠਵੀਂ ਵਰ੍ਹੇਗੰਢ ਹੈ। ਦੋ ਜੂਨ 1952 ਦੇ ਦਿਨ ਸ਼ੁਰੂ ਹੋਇਆ ਇਹ ਅਖ਼ਬਾਰ ਸਮਾਜ ਦੀ ਸੇਵਾ ਕਰਦਿਆਂ ਅੱਜ ਪੈਂਹਠਵੇਂ ਵਿੱਚ ਦਾਖ਼ਲ ਹੋ ਰਿਹਾ ਹੈ।
ਦੇਸ਼ ਦੀ ਆਜ਼ਾਦੀ ਨੂੰ ਅਜੇ ਬਹੁਤਾ ਸਮਾਂ ਨਹੀਂ ਸੀ ਹੋਇਆ, ਜਦੋਂ 'ਨਵਾਂ ਜ਼ਮਾਨਾ' ਦੀ ਸ਼ੁਰੂਆਤ ਕਰਨ ਦਾ ਵਿਚਾਰ ਬਣਿਆ ਸੀ। ਅਖ਼ਬਾਰਾਂ ਓਦੋਂ ਵੀ ਕਈ ਚੱਲ ਰਹੀਆਂ ਸਨ, ਜਿਨ੍ਹਾਂ ਵਿੱਚੋਂ ਕਈ ਅੱਜ ਤੱਕ ਵੀ ਚੱਲ ਰਹੀਆਂ ਹਨ, ਪਰ ਕੁਝ ਹੋਰ ਬੰਦ ਵੀ ਹੋ ਚੁੱਕੀਆਂ ਹਨ। ਅੱਜ ਅਖ਼ਬਾਰਾਂ ਦੀ ਸੂਚੀ ਓਦੋਂ ਨਾਲੋਂ ਕਈ ਗੁਣਾਂ ਵੱਧ ਲੰਮੀ ਹੈ। ਓਦੋਂ ਵੀ ਕੁਝ ਅਖ਼ਬਾਰਾਂ ਨਿਰੋਲ ਕਾਰੋਬਾਰੀ ਸਨ ਤੇ ਕੁਝ ਇੱਕ ਜਾਂ ਦੂਸਰੀ ਸਿਆਸੀ ਧਿਰ ਦਾ ਬੁਲਾਰਾ ਬਣ ਕੇ ਚੱਲਦੀਆਂ ਸਨ। ਅੱਜ ਦੇ ਅਖ਼ਬਾਰਾਂ ਵਿੱਚੋਂ ਕੁਝ ਨਿਰੋਲ ਕਾਰੋਬਾਰੀ ਹੁੰਦੇ ਹੋਏ ਰਾਜਨੀਤੀ ਦੀ ਕਿਸੇ ਧਿਰ ਨਾਲ ਅੱਖ ਮਿਲਾ ਕੇ ਚੱਲਦੇ ਹੋ ਸਕਦੇ ਹਨ ਤੇ ਕੁਝ ਸਿੱਧੇ ਰਾਜਨੀਤੀ ਨਾਲ ਜੁੜੇ ਅਖ਼ਬਾਰ ਵੀ ਹਨ। ਬੇਸ਼ੱਕ ਅੱਜ ਵੀ ਕੁਝ ਅਖ਼ਬਾਰ ਨਿਰੋਲ ਕਾਰੋਬਾਰੀ ਪਹੁੰਚ ਨਾਲ ਖ਼ਬਰਾਂ ਤੇ ਹੋਰ ਜਾਣਕਾਰੀ ਪਰੋਸਣ ਦਾ ਕੰਮ ਕਰਦੇ ਤੇ ਕਿਸੇ ਇੱਕ ਧਿਰ ਨਾਲ ਬੱਝਣ ਦੀ ਥਾਂ ਸਾਰੇ ਪੱਖਾਂ ਦੀ ਰਾਜਨੀਤੀ ਦੇ ਆਗੂਆਂ ਨਾਲ ਸਾਂਝ ਰੱਖੀ ਜਾਂਦੇ ਹਨ।
'ਨਵਾਂ ਜ਼ਮਾਨਾ' ਦੀ ਮੁੱਢ ਤੋਂ ਇੱਕ ਵੱਖਰੀ ਪਹੁੰਚ ਰਹੀ ਹੈ। ਜਦੋਂ ਇਸ ਸਮਾਜ ਵਿੱਚ ਕਮਿਊਨਿਸਟਾਂ ਦੀ ਭੰਡੀ ਕਰਨ ਲਈ ਉਨ੍ਹਾਂ ਨੂੰ ਧਰਮ ਦੇ ਹੀ ਨਹੀਂ, ਦੇਸ਼ ਦੇ ਦੁਸ਼ਮਣ ਤੱਕ ਆਖਿਆ ਜਾਣਾ ਫੈਸ਼ਨ ਸਮਝਿਆ ਜਾਂਦਾ ਸੀ, 'ਨਵਾਂ ਜ਼ਮਾਨਾ' ਨੇ ਓਦੋਂ ਸਿਰ ਉੱਚਾ ਕਰ ਕੇ ਇਸ ਦੇਸ਼ ਦੇ ਲੋਕਾਂ ਕੋਲ ਕਮਿਊਨਿਸਟ ਵਿਚਾਰਧਾਰਾ ਅਤੇ ਕਿਰਤ ਕਰਨ ਵਾਲੇ ਲੋਕਾਂ ਦੀ ਬੰਦ-ਖਲਾਸੀ ਦੀ ਸੋਚ ਵਾਲੀ ਸੁਰ ਚੁੱਕੀ ਸੀ। ਫਿਰ ਜਦੋਂ ਪੰਜਾਬ ਸਰਕਾਰ ਨੇ ਇਸ ਰਾਜ ਦੇ ਲੋਕਾਂ ਨੂੰ ਬੜੇ ਖੁਸ਼ਹਾਲ ਹੋ ਗਏ ਮੰਨ ਕੇ 'ਖੁਸ਼ ਹੈਸੀਅਤੀ' ਟੈਕਸ ਲਾਉਣ ਦਾ ਰਾਹ ਫੜਿਆ ਸੀ ਤਾਂ ਲੋਕਾਂ ਦੀ ਆਵਾਜ਼ ਬਣ ਕੇ ਇਹੋ ਅਖ਼ਬਾਰ ਉਸ ਦੇ ਵਿਰੋਧ ਵਿੱਚ ਡਟਿਆ ਸੀ। ਇਹੋ ਇਸ ਦੀ ਵਿਸ਼ੇਸ਼ਤਾ ਹੈ। ਬਹੁਤ ਔਖਾ ਸਮਾਂ ਪੰਜਾਬ ਵਿੱਚ ਖਾਲਿਸਤਾਨੀ ਲਹਿਰ ਦੇ ਦਿਨਾਂ ਦਾ ਸੀ, ਜਦੋਂ ਰੋਜ਼ ਇਨਸਾਨੀ ਖ਼ੂਨ ਵਗਦਾ ਅਤੇ ਦੇਸ਼ ਨੂੰ ਟੋਟੇ ਕਰਨ ਦੀਆਂ ਗੱਲਾਂ ਚੱਲਦੀਆਂ ਸਨ। 'ਨਵਾਂ ਜ਼ਮਾਨਾ' ਨੇ ਓਦੋਂ ਬੇਦੋਸ਼ੇ ਲੋਕਾਂ ਦੇ ਕਾਤਲਾਂ ਵਿਰੁੱਧ ਵੀ ਕਲਮ ਚੁੱਕੀ ਸੀ, ਦੇਸ਼ ਨੂੰ ਇੱਕ ਰੱਖਣ ਦੀ ਆਵਾਜ਼ ਵੀ ਬਣਿਆ ਸੀ ਤੇ ਜਦੋਂ ਕਿਤੇ ਪੁਲਸ ਵਾਲਿਆਂ ਨੇ ਬੇਦੋਸ਼ੇ ਨੂੰ ਅੱਤਵਾਦੀ ਕਹਿ ਕੇ ਮਾਰਨ ਦਾ ਜ਼ੁਲਮ ਕੀਤਾ ਸੀ, ਉਸ ਦੇ ਵਿਰੁੱਧ ਵੀ ਲਿਖਣ ਤੋਂ ਕੰਨੀ ਨਹੀਂ ਸੀ ਕਤਰਾਈ।
ਅੱਜ ਜਦੋਂ ਤੁਹਾਡੇ ਸਭਨਾਂ ਦੇ ਮੋਹ ਦਾ ਪ੍ਰਤੀਕ ਅਖ਼ਬਾਰ ਆਪਣੇ ਚੌਹਠ ਸਾਲਾਂ ਨੂੰ ਪੂਰੇ ਕਰਦਾ ਪੈਂਹਠਵੇਂ ਸਾਲ ਵਿੱਚ ਪ੍ਰਵੇਸ਼ ਕਰਨ ਵਾਲਾ ਹੈ, ਇਸ ਨੂੰ ਕੁਝ ਔਕੜਾਂ ਮਹਿਸੂਸ ਹੋ ਰਹੀਆਂ ਸਨ। ਇਨ੍ਹਾਂ ਔਕੜਾਂ ਵਿੱਚ ਸਭ ਤੋਂ ਵੱਡੀ ਤਾਂ ਇਸ ਦੀ ਪੁਰਾਣੀ ਹੋਈ ਮਸ਼ੀਨਰੀ ਨੂੰ ਬਦਲਣ ਦੀ ਸੀ। 'ਨਵਾਂ ਜ਼ਮਾਨਾ' ਚਲਾਉਣ ਵਾਲੀ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਨੇ ਜਦੋਂ ਇਸ ਕੰਮ ਲਈ ਰਾਏ ਬਣਾਈ ਤੇ ਆਪਣੇ ਪਾਠਕਾਂ ਨੂੰ ਇੱਕ ਅਪੀਲ ਜਾਰੀ ਕੀਤੀ ਤਾਂ ਇਸ ਦਾ ਆਸ ਤੋਂ ਵੱਧ ਏਡਾ ਭਰਪੂਰ ਹੁੰਗਾਰਾ ਮਿਲਿਆ ਹੈ ਕਿ ਅਸੀਂ ਧੰਨਵਾਦ ਕਰਨ ਲਈ ਢੁੱਕਵੇਂ ਸ਼ਬਦ ਵੀ ਲੱਭਣ ਵਿੱਚ ਮੁਸ਼ਕਲ ਮਹਿਸੂਸ ਕਰ ਰਹੇ ਹਾਂ। ਇਸ ਹੁੰਗਾਰੇ ਨੇ ਸਾਨੂੰ ਸਭ ਨੂੰ ਜਜ਼ਬਾਤੀ ਕੀਤਾ ਪਿਆ ਹੈ। ਇਸ ਮੌਕੇ ਅਸੀਂ ਵੱਖ-ਵੱਖ ਸਹਿਯੋਗੀਆਂ ਦੇ ਨਾਂਅ ਇਸ ਸੰਪਾਦਕੀ ਵਿੱਚ ਦਰਜ ਕਰਨ ਦੀ ਥਾਂ ਇਹ ਲਿਖ ਦੇਣਾ ਵੱਧ ਠੀਕ ਸਮਝਦੇ ਹਾਂ ਕਿ ਹੁੰਗਾਰਾ ਦੇਣ ਵਾਲਿਆਂ ਵਿੱਚ ਕਈ ਦੇਸ਼ਾਂ ਵਿੱਚ ਵੱਸੇ ਹੋਏ ਪੰਜਾਬੀਆਂ ਦਾ ਵੀ ਵਡਮੁੱਲਾ ਯੋਗਦਾਨ ਹੈ, ਵੱਡੇ ਨਾਮਣੇ ਵਾਲੇ ਬੁੱਧੀਜੀਵੀਆਂ ਦਾ ਵੀ, ਪੁਰਾਣੇ ਖੱਬੀ ਲਹਿਰ ਦੇ ਗੜ੍ਹਾਂ ਨਾਲ ਜੁੜੇ ਹੋਏ ਸਾਥੀਆਂ ਦਾ ਵੀ ਤੇ ਡਾਰ ਤੋਂ ਵਿੱਛੜੀ ਕੂੰਜ ਵਾਂਗ ਬੜੇ ਚਿਰਾਂ ਤੋਂ ਅਣਗੌਲੇ ਹੋਏ ਸਾਥੀਆਂ ਦਾ ਵੀ। ਕੁਝ ਉਹ ਲੋਕ ਇਸ ਅਪੀਲ ਨੂੰ ਪੜ੍ਹ ਕੇ ਸਾਡੇ ਨਾਲ ਦੋਬਾਰਾ ਜੁੜੇ ਹਨ, ਜਿਹੜੇ ਕਈ-ਕਈ ਵਰ੍ਹਿਆਂ ਦੇ ਸਾਡੇ ਨਾਲ ਸੰਪਰਕ ਤੋਂ ਪਰੇ ਸਨ, ਪਰ ਉਨ੍ਹਾਂ ਵੱਲੋਂ ਆਈ ਚਿੱਠੀ ਦੱਸਦੀ ਹੈ ਕਿ ਉਹ ਹਰ ਵੇਲੇ ਇਸ ਨਾਲ ਜੁੜੇ ਰਹੇ ਹਨ। ਹੁੰਗਾਰਾ ਭਰਨ ਵਾਲੇ ਸਾਡੇ ਸਾਥੀਆਂ ਵਿੱਚ ਕਿਸਾਨ ਵੀ ਹਨ, ਮੁਲਾਜ਼ਮ ਵੀ, ਮਜ਼ਦੂਰ ਵੀ ਅਤੇ ਅਸਲੋਂ ਬੁਰੀ ਹਾਲਤ ਵਿੱਚ ਦਿਨ-ਗੁਜ਼ਰ ਕਰਨ ਵਾਲੇ ਗ਼ਰੀਬੀ ਹੰਢਾਉਣ ਵਾਲੇ ਸੱਚੇ ਦਿਲ ਵਾਲੇ ਇਨਸਾਨ ਵੀ।
ਉਨ੍ਹਾਂ ਸਾਰਿਆਂ ਨੇ ਇਸ ਪਰਚੇ ਲਈ ਇਹ ਮਦਦ ਆਖਰ ਭੇਜੀ ਕਿਸ ਸੋਚ ਨਾਲ ਹੈ? ਇਸ ਕਰ ਕੇ ਨਹੀਂ ਕਿ ਇਸ ਤੋਂ ਉਨ੍ਹਾਂ ਦੀ ਖ਼ਬਰਾਂ ਦੀ ਭੁੱਖ ਪੂਰੀ ਹੋ ਰਹੀ ਹੈ। ਇਹ ਕੰਮ ਅੱਜ ਕੱਲ੍ਹ ਅਖ਼ਬਾਰਾਂ ਪੜ੍ਹਨ ਤੋਂ ਪਹਿਲਾਂ ਟੀ ਵੀ ਪੂਰੀ ਕਰ ਦੇਂਦਾ ਹੈ। ਅਖ਼ਬਾਰਾਂ ਵਿੱਚ ਵੰਨਗੀ ਹੁੰਦੀ ਹੈ ਤੇ ਹਰ ਅਖ਼ਬਾਰ ਵਿੱਚ ਇਸ ਦੀ ਪੇਸ਼ਕਾਰੀ ਦਾ ਰੰਗ ਵੱਖਰਾ ਹੁੰਦਾ ਹੈ। ਇਸ ਤੋਂ ਵੀ ਵੱਖਰੀ ਗੱਲ ਇਹ ਕਿ ਸੂਝਵਾਨ ਪਾਠਕ ਸਿਰਫ਼ ਖ਼ਬਰਾਂ ਪੜ੍ਹਨ ਤੱਕ ਸੀਮਤ ਹੋਣ ਦੀ ਥਾਂ ਵਿਚਾਰਾਂ ਦੇ ਪ੍ਰਗਟਾਵੇ ਤੇ ਇਸ ਵਿੱਚੋਂ ਸਿਰਫ਼ ਵਿਲੱਖਣਤਾ ਨਹੀਂ, ਕਿਸੇ ਯੋਗ ਸੇਧ ਲਈ ਆਸ ਰੱਖਦਾ ਹੈ ਤੇ ਇਸ ਪੱਖੋਂ ਸਾਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਪਾਠਕਾਂ ਨੇ 'ਨਵਾਂ ਜ਼ਮਾਨਾ' ਨੂੰ ਯੋਗ ਸਮਝਿਆ ਹੈ। ਮਸ਼ੀਨਰੀ ਫ਼ੰਡ ਲਈ ਆਪਣਾ ਹਿੱਸਾ ਪਾਉਣ ਵਾਲੇ ਸਨੇਹੀਆਂ ਵਿੱਚੋਂ ਕੁਝ ਵੱਲੋਂ ਏਦਾਂ ਦੀ ਚਿੱਠੀ ਮਿਲੀ ਹੈ, ਜਿਨ੍ਹਾਂ ਨੇ ਇਹ ਕਿਹਾ ਹੈ ਕਿ ਅਖ਼ਬਾਰ ਨਹੀਂ, ਇਹ ਵਿਚਾਰਧਾਰਾ ਦਾ ਪਰਚਮ ਹੈ, ਇਸ ਨੂੰ ਝੁੱਲਦੇ ਰੱਖਣਾ ਹੈ।
ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਇਸ ਦੀ ਮਾਲਕ ਨਹੀਂ, ਚਾਲਕ ਹੈ, ਇਸ ਦੇ ਅਸਲੀ ਮਾਲਕ ਤੁਸੀਂ ਸਾਡੇ ਪਾਠਕ, ਸਨੇਹੀ ਅਤੇ ਸਾਥੀ ਹੋ। ਤੁਸੀਂ ਜਿਹੜਾ ਪਿਆਰ ਦਿੱਤਾ ਹੈ, ਉਸ ਦੇ ਅਸੀਂ ਰਿਣੀ ਹਾਂ। ਤੁਹਾਨੂੰ ਇਹ ਦੱਸਦੇ ਹੋਏ ਸਾਨੂੰ ਇਸ ਵੇਲੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਤੁਹਾਡੀ ਹਿੰਮਤ ਤੇ ਥਾਪੜੇ ਨਾਲ ਅਸੀਂ ਆਪਣੇ ਮਿਥੇ ਨਿਸ਼ਾਨੇ ਵੱਲ ਵਧਣ ਦੀ ਹਿੰਮਤ ਕਰ ਸਕੇ ਹਾਂ। ਤੁਹਾਡਾ ਇਹ ਪਿਆਰ ਇਸ ਅਦਾਰੇ ਨੂੰ ਅੱਗੇ ਲੈ ਜਾਵੇਗਾ। ਇਸ ਵੇਲੇ ਜਦੋਂ ਅਸੀਂ ਅਦਾਰੇ ਦੇ ਪੈਂਹਠਵੇਂ ਸਾਲ ਵਿੱਚ ਦਾਖ਼ਲ ਹੋਣ ਜਾ ਰਹੇ ਹਾਂ, ਅਸੀਂ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਅਤੇ ਅਦਾਰੇ ਵਿੱਚ ਕੰਮ ਕਰਦੇ ਹਰ ਛੋਟੇ-ਵੱਡੇ ਸਾਥੀ ਵੱਲੋਂ ਇਹ ਯਕੀਨ ਦਿਵਾਉਂਦੇ ਹਾਂ ਕਿ ਤੁਹਾਡੇ ਮੋਹ ਦੇ ਆਸਰੇ ਨਾਲ ਸੇਵਾ ਕਰਨ ਦੀ ਕੋਸ਼ਿਸ਼ ਹਮੇਸ਼ਾ ਕਰਦੇ ਰਹਾਂਗੇ। ਤੁਹਾਡੇ ਸਭਨਾਂ ਦੇ ਦਿੱਤੇ ਪਿਆਰ ਤੇ ਸਹਿਯੋਗ ਲਈ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ।