Latest News

ਮੰਤਰੀ ਤੇ ਚੇਅਰਮੈਨ 'ਚ ਖੜਕੀ

Published on 01 Jun, 2016 08:57 AM.

ਚੰਡੀਗੜ੍ਹ, (ਸ਼ੰਗਾਰਾ ਸਿੰਘ ਭੁੱਲਰ)
ਪੰਜਾਬ ਵਿੱਚ ਝੋਨੇ ਦੀ ਲੁਆਈ ਨੂੰ ਲੈ ਕੇ ਪੰਜਾਬ ਦੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਦੇ ਆਪਸ ਵਿੱਚ ਸਿੰਗ ਫਸ ਗਏ ਹਨ। ਲੱਖੋਵਾਲ, ਜੋ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਵੀ ਹਨ, ਨੇ ਸ. ਮਲੂਕਾ ਕੋਲੋਂ ਪਿਛਲੇ ਦਿਨੀਂ ਇੱਕ ਬਿਆਨ ਰਾਹੀਂ ਇਹ ਪੁੱਛਿਆ ਹੈ ਕਿ ਉਨ੍ਹਾਂ ਨੇ ਹੁਣੇ ਜਿਹੇ ਸੂਬੇ ਦੇ ਕਿਸਾਨਾਂ ਨੂੰ ਝੋਨਾ ਜਦੋਂ ਮਰਜ਼ੀ ਲਾ ਲੈਣ ਲਈ ਆਖਿਆ ਹੈ, ਇਸ ਦਾ ਆਖਰ ਆਧਾਰ ਕੀ ਹੈ? ਅਸਲ ਵਿੱਚ ਜਦੋਂ ਤੋਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਕਾਫ਼ੀ ਨੀਵਾਂ ਹੋਣ ਲੱਗਾ ਹੈ, ਉਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਲੁਆਈ 10-15 ਜੂਨ ਤੋਂ ਪਹਿਲਾਂ ਨਾ ਕਰਨ ਦੀ ਸਖ਼ਤ ਹਦਾਇਤ ਦਿੱਤੀ ਹੈ।
ਚੇਤੇ ਰਹੇ ਕਿ ਕੁਝ ਕੁ ਵਰ੍ਹੇ ਪਹਿਲਾਂ ਹਾਲਾਤ ਇਹ ਸੀ ਕਿ ਇਧਰੋਂ ਕਿਸਾਨ ਕਣਕ ਦੀ ਵਾਢੀ ਕਰਦਾ ਅਤੇ ਉਧਰੋਂ ਖੇਤ ਨੂੰ ਪਾਣੀ ਲਾ ਲਾ ਕੇ ਝੋਨੇ ਦੀ ਲੁਆਈ ਦੇ ਯੋਗ ਬਣਾਇਆ ਜਾਂਦਾ ਸੀ। ਵੈਸੇ ਇਸ ਤਰ੍ਹਾਂ ਕੁਝ ਝੋਨਾ ਅਗੇਤਾ ਹੀ ਹੋ ਜਾਂਦਾ ਸੀ ਅਤੇ ਕੁਝ ਪਛੇਤਾ ਵੀ। ਹੁਣ ਸਰਕਾਰ ਅਤੇ ਖੇਤੀ ਵਿਭਾਗ ਇਸ ਲਈ ਦੋਵੇਂ ਬੜੇ ਚੌਕਸ ਹਨ ਕਿ ਕੋਈ ਕਿਸਾਨ ਝੋਨੇ ਦੀ ਲੁਆਈ 15 ਜੂਨ ਤੋਂ ਪਹਿਲਾਂ ਕਿਸੇ ਸੂਰਤ ਵਿੱਚ ਵੀ ਸ਼ੁਰੂ ਨਾ ਕਰੇ। ਹੁਣ ਪਿਛਲੇ ਦਿਨਾਂ ਵਿੱਚ ਸਿਕੰਦਰ ਸਿੰਘ ਮਲੂਕਾ ਨੇ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਸੀ ਕਿ ਹੁਣ ਉਨ੍ਹਾਂ ਨੂੰ 15 ਜੂਨ ਉਡੀਕਣ ਦੀ ਲੋੜ ਨਹੀਂ ਅਤੇ ਉਹ ਕਦੀ ਵੀ ਝੋਨਾ ਲਾ ਸਕਦੇ ਹਨ। ਸ. ਮਲੂਕਾ ਦੇ ਇਸ ਬਿਆਨ ਨਾਲ ਕਿਸਾਨਾਂ ਵਿੱਚ ਦੁਬਿਧਾ ਹੋਣੀ ਸੁਭਾਵਕ ਸੀ। ਇਸੇ ਲਈ ਕਿਸਾਨ ਅਤੇ ਆਮ ਹਲਕੇ ਵੀ ਬੜੇ ਹੈਰਾਨ ਹੋਏ ਸਨ, ਪਰ ਅਜਮੇਰ ਸਿੰਘ ਲੱੋਖੋਵਾਲ ਨੇ ਹੁਣ ਮਲੂਕਾ ਕੋਲੋਂ ਇਸ ਸੰਬੰਧੀ ਸਪੱਸ਼ਟੀਕਰਨ ਮੰਗ ਲਿਆ ਹੈ ਕਿ 15 ਜੂਨ ਤੋਂ ਪਹਿਲਾਂ-ਪਹਿਲਾਂ ਜਾਂ ਜਦੋਂ ਵੀ ਮਰਜ਼ੀ ਹੋਵੇ ਝੋਲਾ ਲਾਉਣ ਦਾ ਫ਼ੈਸਲਾ ਕਿਸ ਦਾ ਹੈ ਅਤੇ ਇਹ ਕਦੋਂ ਹੋਇਆ ਸੀ?
ਜ਼ਿਕਰਯੋਗ ਹੈ ਕਿ ਜੋ ਬਿਆਨ ਸ. ਮਲੂਕਾ ਨੇ ਦਿੱਤਾ ਅਤੇ ਫਿਰ ਜਿਵੇਂ ਲੱਖੋਵਾਲ ਨੇ ਉਨ੍ਹਾ ਕੋਲੋਂ ਸਪੱਸ਼ਟੀਕਰਨ ਮੰਗ ਧਰਿਆ, ਇਸ ਸੰਬੰਧੀ ਸਰਕਾਰੀ ਹਲਕਿਆਂ ਵੱਲੋਂ ਬਿਲਕੁੱਲ ਚੁੱਪ ਸਾਧੀ ਗਈ ਹੈ।

478 Views

e-Paper