ਡਾਕਟਰਾਂ ਦੀ ਸੇਵਾਮੁਕਤੀ ਦੀ ਉਮਰ ਹੋਵੇਗੀ 65 ਸਾਲ : ਸਿਹਤ ਮੰਤਰੀ


ਚੰਡੀਗੜ੍ਹ (ਕ੍ਰਿਸ਼ਨ ਗਰਗ)
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਡਾਕਟਰਾਂ ਦੀ ਸੇਵਾ-ਮੁਕਤੀ ਉਮਰ ਸੀਮਾ ਵਧਾ ਕੇ 65 ਸਾਲ ਕਰਨ ਨਾਲ ਜਿਥੇ ਸੂਬੇ ਦੇ ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਵਿਚ ਮਦਦ ਮਿਲੇਗੀ, ਉੱਥੇ ਇਸ ਨਾਲ ਰਾਜ ਦੇ 312 ਡਾਕਟਰਾਂ ਨੂੰ ਸਿੱਧਾ ਲਾਭ ਹੋਵੇਗਾ।
ਸ੍ਰੀ ਵਿੱਜ ਨੇ ਦਸਿਆ ਕਿ ਇਸ ਸੰਬੰਧ ਵਿਚ ਵਿਭਾਗ ਨੂੰ ਯੋਗ ਕਾਰਵਾਈ ਕਰਨ ਦੇ ਆਦੇਸ਼² ਦਿੱਤੇ ਗਏ ਹਨ ਤਾਂ ਜੋ ਡਾਕਟਰਾਂ ਨੂੰ ਇਹ ਲਾਭ ਛੇਤੀ ਤੋਂ ਛੇਤੀ ਪ੍ਰਾਪਤ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਹਾਰਨਪੁਰ ਵਿਚ ਕੀਤੇ ਗਏ ਐਲਾਨ ਦੇ ਆਧਾਰ ਉੱਤੇ ਹਰਿਆਣਾ ਵਿਚ ਡਾਕਟਰਾਂ ਦੀ ਸੇਵਾਮੁਕਤੀ ਦੀ ਉਮਰ ਵਧਾ ਕੇ 65 ਸਾਲ ਕਰਨ ਦਾ ਫੈਸਲਾ ਕੀਤਾ ਹੈ। ਡਾਕਟਰਾਂ ਦੀ ਕਮੀ ਨੂੰ ਧਿਆਨ ਵਿਚ ਰਖਦੇ ਹੋਏ ਸੂਬੇ ਵਿਚ ਡਾਕਟਰਾਂ ਦੀ ਸੇਵਾ-ਮੁਕਤੀ ਦੀ ਉਮਰ ਸੀਮਾ 58 ਸਾਲ ਤੋਂ ਵਧਾ ਕੇ 62 ਸਾਲ ਕਰਨ ਦਾ ਫੈਸਲਾ ਪਹਿਲਾਂ ਹੀ ਕੀਤਾ ਗਿਆ ਸੀ, ਜਿਸ ਦੀ ਪ੍ਰਕ੍ਰਿਆ ਵੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਹੁਣ ਸੇਵਾਮੁਕਤੀ ਦੀ ਉਮਰ ਸੀਮਾ ਨੂੰ ਵਧਾ ਕੇ 65 ਸਾਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।