ਅਖਲਾਕ ਦੇ ਪਰਵਾਰ ਨੂੰ ਦਿੱਤਾ ਮੁਆਵਜ਼ਾ ਵਾਪਸ ਲਿਆ ਜਾਵੇ : ਆਦਿੱਤਿਆ ਨਾਥ

ਨੋਇਡਾ (ਨਵਾਂ ਜ਼ਮਾਨਾ ਸਰਵਿਸ)-ਗਰੇਟਰ ਨੋਇਡਾ ਦੇ ਚਰਚਿਤ ਦਾਦਰੀ ਬੀਫ਼ ਮਾਮਲੇ 'ਚ ਨਵੀਂ ਫਾਰੈਂਸਿਕ ਰਿਪੋਰਟ ਮਗਰੋਂ ਮਾਮਲਾ ਇਕਦਮ ਗਰਮਾ ਗਿਆ ਹੈ। ਭਾਜਪਾ ਦੇ ਲੋਕ ਸਭਾ ਮੈਂਬਰ ਯੋਗੀ ਆਦਿੱਤਿਆ ਨਾਥ ਨੇ ਮਾਮਲੇ ਦੇ ਸੰਬੰਧ 'ਚ ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀਆਂ ਨੂੰ ਰਿਹਾਅ ਕਰਨ ਅਤੇ ਅਖਲਾਕ ਦੇ ਪਰਵਾਰ ਨੂੰ ਦਿੱਤਾ ਗਿਆ ਮੁਆਵਜ਼ਾ ਵਾਪਸ ਲੈਣ ਦੀ ਮੰਗ ਕੀਤੀ ਹੈ। ਉਧਰ ਬਿਸਹੜਾ ਪਿੰਡ 'ਚ ਦੋਸ਼ੀਆਂ ਦੇ ਪਰਵਾਰਾਂ ਦਾ ਕਹਿਣਾ ਹੈ ਕਿ ਅਖਲਾਕ ਦੇ ਪਰਵਾਰ ਵਿਰੁੱਧ ਗਊ ਹੱਤਿਆ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬੀਫ਼ ਦੀ ਅਫ਼ਵਾਹ ਫੈਲਣ ਮਗਰੋਂ ਪਿਛਲੇ ਸਾਲ ਸਤੰਬਰ ਮਹੀਨੇ ਇੱਕ ਭੀੜ ਨੇ 50 ਸਾਲਾ ਅਖਲਾਕ ਦੇ ਘਰ 'ਤੇ ਹਮਲਾ ਕਰ ਦਿੱਤਾ ਸੀ, ਜਿਸ ਨਾਲ ਅਖਲਾਕ ਦੀ ਮੌਤ ਹੋ ਗਈ ਸੀ, ਜਿਸ ਮਗਰੋਂ ਅਖਿਲੇਸ਼ ਸਰਕਾਰ ਨੇ ਪੀੜਤ ਪਰਵਾਰ ਨੂੰ 45 ਲੱਖ ਰੁਪਏ ਅਤੇ ਇੱਕ ਫਲੈਟ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਸੀ। ਯੂ ਪੀ ਸਰਕਾਰ ਵੱਲੋਂ ਅਕਤੂਬਰ 2015 'ਚ ਕਰਵਾਈ ਗਈ ਜਾਂਚ 'ਚ ਇਸ ਨੂੰ ਬੱਕਰੇ ਦਾ ਮੀਟ ਦਸਿਆ ਗਿਆ ਸੀ, ਪਰ ਮਥੁਰਾ ਦੀ ਫਾਰੈਂਸਿਕ ਲੈਬ ਦੀ ਕਲ੍ਹ ਆਈ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਖਲਾਕ ਦੇ ਘਰੋਂ ਮਿਲਿਆ ਮੀਟ ਬੀਫ਼ ਹੀ ਸੀ।
ਅਖਲਾਕ ਦੇ ਪਰਵਾਰ ਨੇ ਮਥੁਰਾ ਲੈਬ ਦੀ ਰਿਪੋਰਟ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਘਟਨਾ ਵਾਲੇ ਦਿਨ ਉਨ੍ਹਾਂ ਦੇ ਘਰ ਬੀਫ਼ ਨਹੀਂ ਸੀ। ਦਾਦਰੀ ਦੇ ਡੀ ਐਸ ਪੀ ਅਨੁਰਾਗ ਸਿੰਘ ਨੇ ਕਿਹਾ ਕਿ ਉਸ ਦਿਨ ਬਿਸਹੜਾ ਪਿੰਡ 'ਚ ਘਰ ਦੇ ਬਾਹਰ ਜ਼ਖ਼ਮੀ ਹਾਲਤ 'ਚ ਪਏ ਅਖਲਾਕ ਕੋਲੋਂ ਮੀਟ ਦਾ ਟੁਕੜਾ ਮਿਲਿਆ ਸੀ, ਜਿਸ ਦੀ ਸ਼ੁਰੂਆਤੀ ਰਿਪੋਰਟ ਇੱਕ ਵੈਟਰਨਰੀ ਡਾਕਟਰ ਨੇ ਤਿਆਰ ਕੀਤੀ ਸੀ, ਉਸ ਵੇਲੇ ਉਹ ਬੱਕਰੇ ਦੇ ਮੀਟ ਦਾ ਟੁਕੜਾ ਲੱਗ ਰਿਹਾ ਸੀ, ਪਰ ਪੱਕੀ ਜਾਂਚ ਲਈ ਉਸ ਨੂੰ ਮਥੁਰਾ ਦੀ ਫਾਰੈਂਸਿਕ ਲੈਬ ਭੇਜਿਆ ਗਿਆ ਅਤੇ ਫਾਰੈਂਸਿਕ ਲੈਬ ਦੀ ਰਿਪੋਰਟ ਹੁਣ ਆਈ ਹੈ। ਉਨ੍ਹਾ ਦਸਿਆ ਕਿ ਪਿੰਡ ਵਾਲਿਆਂ ਦੀ ਮੰਗ 'ਤੇ ਮੀਟ ਦਾ ਸੈਂਪਲ ਮਥੁਰਾ ਭੇਜਿਆ ਗਿਆ ਸੀ।