4-5 ਦਿਨਾਂ 'ਚ ਆਵੇਗਾ ਮਾਨਸੂਨ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਮੌਸਮ ਵਿਭਾਗ ਦੇ ਹਵਾਲੇ ਤੋਂ ਇੱਕ ਚੰਗੀ ਖ਼ਬਰ ਆਈ ਹੈ। ਦੇਸ਼ 'ਚ ਮਾਨਸੂਨ ਅਗਲੇ 4-5 ਦਿਨਾਂ 'ਚ ਆ ਜਾਵੇਗਾ ਅਤੇ ਮਾਨਸੂਨ ਇਸ ਵਾਰੀ ਔਸਤਨ ਵੱਧ ਹੋਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦਸਿਆ ਹੈ ਕਿ ਜੁਲਾਈ 'ਚ ਮੀਂਹ 107 ਫ਼ੀਸਦੀ ਅਤੇ ਅਗਸਤ 'ਚ 104 ਫ਼ੀਸਦੀ ਪੈਣ ਦੇ ਆਸਾਰ ਹਨ।
ਇਸ ਦੇ ਨਾਲ ਹੀ ਦੇਸ਼ ਦੇ ਉੱਤਰ-ਪੱਛਮੀ ਖੇਤਰ 'ਚ 108 ਫ਼ੀਸਦੀ, ਮੱਧ ਖੇਤਰ 'ਚ 113 ਫ਼ੀਸਦੀ, ਤੱਟੀ ਖੇਤਰਾਂ 'ਚ 113 ਫ਼ੀਸਦੀ ਅਤੇ ਉੱਤਰ ਪੂਰਬ 'ਚ 94 ਫ਼ੀਸਦੀ ਮੀਂਹ ਪੈਣ ਦਾ ਅਨੁਮਾਨ ਲਾਇਆ ਗਿਆ ਹੈ। ਮੌਸਮ ਵਿਭਾਗ ਨੇ ਇਹ ਵੀ ਦਾਅਵਾ ਕੀਤਾ ਹੈ ਕਿ 96 ਫ਼ੀਸਦੀ ਮੀਂਹ ਆਮ ਜਾਂ ਇਸ ਤੋਂ ਵੱਧ ਹੁੰਦਾ ਹੈ। ਮੌਸਮ ਵਿਭਾਗ ਨੇ ਘੱਟ ਮੀਂਹ ਪੈਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।