ਮਥੁਰਾ ਹਿੰਸਾ; ਮ੍ਰਿਤਕਾਂ ਦੀ ਗਿਣਤੀ 27 'ਤੇ ਪੁੱਜੀ

ਮਥੁਰਾ (ਨਵਾਂ ਜ਼ਮਾਨਾ ਸਰਵਿਸ)
ਮਥੁਰ ਵਿੱਚ ਕੱਲ੍ਹ ਹੋਈ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ 27 ਤੱਕ ਪੁੱਜ ਗਈ ਹੈ ਅਤੇ ਜਵਾਹਰ ਬਾਗ 'ਚ ਹੋਰ ਲਾਸ਼ਾਂ ਲੱਭਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਹਿੰਸਕ ਘਟਨਾਵਾਂ 'ਚ ਐੱਸ ਪੀ ਮੁਕਲ ਦਿਵੇਦੀ ਅਤੇ ਐੱਸ ਓ ਸੰਤੋਸ਼ ਯਾਦਵ ਮਾਰੇ ਗਏ।
ਪੁਲਸ ਸੂਤਰਾਂ ਅਨੁਸਾਰ ਜਵਾਹਰ ਬਾਗ 'ਤੇ ਕਬਜ਼ਾ ਕਰੀ ਬੈਠੇ ਲੋਕਾਂ ਦਾ ਆਗੂ ਰਾਮ ਵਰਿਕਸ਼ ਗਾਇਬ ਹੈ, ਪਰ ਸ਼ਹਿਰ ਵਿੱਚ ਇਹ ਚਰਚਾ ਜ਼ੋਰਾਂ 'ਤੇ ਹੈ ਕਿ ਰਾਮ ਵ੍ਰਿਕਸ਼ ਵੀ ਪੁਲਸ ਕਾਰਵਾਈ ਵਿੱਚ ਮਾਰਿਆ ਗਿਆ, ਕੋਈ ਅਧਿਕਾਰੀ ਉਸ ਬਾਰੇ ਮੂੰਹ ਖੋਲ੍ਹਣ ਲਈ ਤਿਆਰ ਨਹੀਂ। ਪੁਲਸ ਦੇ ਇਕ ਤਰਜਮਾਨ ਨੇ ਦੱਸਿਆ ਕਿ ਕੱਲ੍ਹ ਦੀਆਂ ਘਟਨਾਵਾਂ ਮਗਰੋਂ ਪੁਲਸ ਦੇ ਤਿੰਨ ਜਵਾਨ ਵੀ ਲਾਪਤਾ ਹਨ ਅਤੇ ਪੁਲਸ ਦੀਆਂ ਤਿੰਨ ਪਿਸਤੌਲਾਂ ਵੀ ਗੁੰਮ ਹਨ ਅਤੇ ਪੁਲਸ ਵੱਲੋਂ ਗਾਇਬ ਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਪਤਾ ਚੱਲਿਆ ਹੈ ਕਿ ਜ਼ਿਆਦਾਤਰ ਮ੍ਰਿਤਕਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਅਤੇ ਉਸ ਦੀ ਪਛਾਣ ਕਰਨਾ ਵੀ ਬੇਹੱਦ ਮੁਸ਼ਕਲ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਤਕਰੀਬਨ 280 ਏਕੜ 'ਚ ਫੈਲੇ ਜਵਾਹਰ ਬਾਗ ਦੇ ਕਈ ਹਿੱਸਿਆਂ 'ਚ ਫਸਾਦੀਆਂ ਨੇ ਅੱਗ ਲਾ ਦਿੱਤੀ। ਪੁਲਸ ਨੇ ਅੱਜ ਸਵੇਰੇ ਜਵਾਹਰ ਬਾਗ ਨੂੰ ਖਾਲੀ ਕਰਵਾ ਲਿਆ ਹੈ ਅਤੇ ਪਾਰਕ ਅੰਦਰੋਂ ਵੱਡੀ ਗਿਣਤੀ 'ਚ ਹਥਿਆਰ ਵੀ ਮਿਲੇ ਹਨ।
ਇੱਕ ਪੁਲਸ ਤਰਜਮਾਨ ਨੇ ਦੱਸਿਆ ਕਿ ਇਸ ਮਾਮਲੇ 'ਚ 124 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 336 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਮੌਕੇ 'ਤੇ ਵਾਧੂ ਪੁਲਸ ਫੋਰਸ ਭੇਜੀ ਗਈ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਉਨ੍ਹਾ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਸਮੁੱਚੀ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ ਹਨ।
ਸਾਰੇ ਮਾਮਲੇ 'ਤੇ ਟਿਪਣੀ ਕਰਦਿਆਂ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਜਿਸ ਸੂਬੇ 'ਚ ਪੁਲਸ ਸੁਰੱਖਿਅਤ ਨਹੀਂ, ਉਥੇ ਆਮ ਆਦਮੀ ਦਾ ਕੀ ਹੋਵੇਗਾ। ਪਾਰਟੀ ਦੇ ਇੱਕ ਤਰਜਮਾਨ ਨੇ ਕਿਹਾ ਕਿ ਜਦੋਂ ਤੋਂ ਸਮਾਜਵਾਦੀ ਪਾਰਟੀ ਸੱਤਾ 'ਚ ਆਈ ਹੈ, ਉਸ ਵੇਲੇ ਤੋਂ ਹੀ ਯੂ ਪੀ ਪੁਲਸ ਦੀ ਹਾਲਤ ਖ਼ਰਾਬ ਹੋ ਗਈ ਹੈ ਅਤੇ ਸਮਾਜਵਾਦੀ ਪਾਰਟੀ ਨੇ ਸੂਬੇ ਦੀ ਦਿਖ ਗੁੰਡਾਰਾਜ ਦੀ ਬਣਾ ਦਿੱਤੀ ਹੈ। ਉਧਰ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਸ਼ਿਵਪਾਲ ਸਿੰਘ ਯਾਦਵ ਨੇ ਕਿਹਾ ਹੈ ਕਿ ਕਿਸੇ ਸਿਆਸੀ ਪਾਰਟੀ ਨੂੰ ਘਟਨਾ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਉਨ੍ਹਾ ਕਿਹਾ ਕਿ ਜਾਂਚ 'ਚ ਕਿਸੇ ਤਰ੍ਹਾਂ ਦੀ ਕੋਤਾਹੀ ਨਹੀਂ ਵਰਤੀ ਜਾਵੇਗੀ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਯੂ ਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਮਥੁਰਾ ਦੇ ਮੁੱਦੇ 'ਤੇ ਗੱਲ ਕੀਤੀ ਅਤੇ ਸਥਿਤੀ ਦੀ ਜਾਣਕਾਰੀ ਲਈ। ਰਾਜਨਾਥ ਸਿੰਘ ਨੇ ਸੂਬਾ ਸਰਕਾਰ ਨੂੰ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਆਈ ਜੀ ਪੁਲਸ (ਕਾਨੂੰਨ ਵਿਵਸਥਾ) ਐਚ ਆਰ ਸ਼ਰਮਾ ਨੇ ਦਸਿਆ ਕਿ 3 ਹਜ਼ਾਰ ਦੇ ਕਰੀਬ ਕਬਜ਼ਾਕਾਰੀਆ ਨੇ ਪੁਲਸ ਪਾਰਟੀ ਦੇ ਪਹੁੰਚਣ 'ਤੇ ਉਸ 'ਤੇ ਪਥਰਾਅ ਕੀਤਾ ਅਤੇ ਫੇਰ ਗੋਲੀ ਚਲਾਈ। ਉਨ੍ਹਾ ਦੱਸਿਆ ਕਿ ਪੁਲਸ ਨੇ ਪਹਿਲਾਂ ਲਾਠੀਚਾਰਜ ਅਤੇ ਫੇਰ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਸਥਿਤੀ ਕਾਬੂ ਤੋਂ ਬਾਹਰ ਹੋ ਜਾਣ 'ਤੇ ਜੁਆਬੀ ਫਾਇਰਿੰਗ ਕੀਤੀ। ਸੂਬਾ ਸਰਕਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਅਤੇ ਆਗਰਾ ਦੇ ਕਮਿਸ਼ਨਰ ਪਰਦੀਪ ਭਟਨਾਗਰ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਖੁਦ ਨੂੰ ਇਹ ਧਾਰਮਿਕ ਜਥੇਬੰਦੀ ਕਹਿਣ ਵਾਲੇ ਇੱਕ ਗਰੁੱਪ ਦੇ ਮੈਂਬਰਾਂ ਨੇ ਦੋ ਸਾਲ ਤੋਂ ਵੀ ਵੱਧ ਸਮੇਂ ਤੋਂ ਪਾਰਕ 'ਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਪੁਲਸ ਉਨ੍ਹਾ ਨੂੰ ਉਥੋਂ ਹਟਾਉਣ 'ਚ ਨਾਕਾਮ ਰਹੀ ਸੀ।
ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮੁਕਾਬਲੇ 'ਚ ਸ਼ਹੀਦ ਹੋਏ ਥਾਣਾ ਮੁਖੀ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਪਰਵਾਰ ਨੂੰ 20 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।