ਪੰਜਾਬ 'ਚ ਕਹਿਰ ਦੀ ਗਰਮੀ

ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਪੰਜਾਬ 'ਚ ਇਸ ਵੇਲੇ ਕਹਿਰ ਦੀ ਗਰਮੀ ਹੈ ਅਤੇ ਇਸ ਦਾ ਪ੍ਰਕੋਪ ਦਿਨੋਂ-ਦਿਨ ਵਧ ਰਿਹਾ ਹੈ। ਗਰਮੀ ਕਾਰਨ ਖਾਸ ਤੌਰ 'ਤੇ ਬਜ਼ੁਰਗ ਤੇ ਬੱਚੇ ਤਰਾਹ-ਤਰਾਹ ਕਰ ਰਹੇ ਹਨ। ਸੂਬੇ ਅੰਦਰ ਪਾਰਾ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।
ਦੁਪਹਿਰ ਵੇਲੇ ਤਾਂ ਬਜ਼ਾਰ ਤੇ ਸੜਕਾਂ ਸੁੰਨੀਆਂ ਹੋ ਜਾਂਦੀਆਂ ਹਨ। ਦੋ ਪਹੀਆ ਵਾਹਨਾਂ ਦੇ ਚਾਲਕ ਆਪਣਾ ਮੂੰਹ-ਸਿਰ ਬੰਨ੍ਹ ਕੇ ਆਪਣੀ ਮੰਜ਼ਲ ਵੱਲ ਅੱਗੇ ਵਧਣ ਲਈ ਮਜਬੂਰ ਹਨ। ਕਹਿਰ ਦੀ ਗਰਮੀ ਕਾਰਨ ਦੁਕਾਨਦਾਰ ਵਿਹਲੇ ਬੈਠੇ ਹਨ ਅਤੇ ਮਜ਼ਦੂਰ ਅਤੇ ਕਿਰਤੀ ਕਹਿਰ ਦੀ ਗਰਮੀ 'ਚ ਕੰਮ ਕਰਨ ਲਈ ਮਜਬੂਰ ਹਨ। ਬਿਜਲੀ ਦੇ ਲੰਮੇ ਲੰਮੇ ਕੱਟਾਂ ਨੇ ਉਪਰੋਂ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਕਹਿਰ ਦੀ ਗਰਮੀ ਕਾਰਨ ਪਸ਼ੂ ਤੇ ਪੰਛੀ ਬੌਂਦਲੇ ਪਏ ਹਨ। ਗਰਮੀ ਤੋਂ ਬਚਣ ਲਈ ਲੋਕਾਂ ਨੂੰ ਛੱਤਰੀਆ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਧਰ ਠੰਢਿਆਂ ਅਤੇ ਰਸ ਵਾਲਿਆਂ ਦੀ ਇਹਨੀ ਦਿਨੀਂ ਚਾਂਦੀ ਹੈ, ਜਦਕਿ ਦੁੱਧ ਅਤੇ ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਗਰੀਬ ਲਈ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਹੁੰਦਾ ਜਾ ਰਿਹਾ ਹੈ। ਕਹਿਰ ਦੀ ਗਰਮੀ ਕਾਰਨ ਫ਼ਸਲਾਂ ਅਤੇ ਇਥੋਂ ਤੱਕ ਕਿ ਦਰੱਖਤ ਕਮਲਾ ਗਏ ਹਨ। ਕਿਸਾਨਾਂ ਨੂੰ ਆਪਣੀ ਫ਼ਸਲ ਬਚਾਉਣ ਲਈ ਕਈ ਹੀਲੇ-ਵਸੀਲੇ ਕਰਨੇ ਪੈ ਰਹੇ ਹਨ। ਦੁਪਹਿਰ ਵੇਲੇ ਗਰਮੀ ਪੂਰੇ ਜੋਬਨ 'ਤੇ ਪਹੁੰਚ ਜਾਂਦੀ ਹੈ ਅਤੇ ਗਰਮ ਹਵਾਵਾਂ ਚਮੜੀ ਨੂੰ ਸਾੜਣ ਤੱਕ ਪਹੁੰਚ ਜਾਂਦੀਆਂ ਹਨ।
ਫਿਲੌਰ ਤੋਂ ਨਿਰਮਲ ਅਨੁਸਾਰ : ਅੱਜਕੱਲ੍ਹ ਫਿਲੌਰ ਇਲਾਕੇ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ, ਨਾਲ ਗਰਮ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਦੁਪਹਿਰ ਵੇਲੇ ਸੜਕਾਂ ਸੁੰਨਸਾਨ ਨਜ਼ਰ ਆਉਂਦੀਆਂ ਹਨ। ਫਿਲੌਰ ਇਲਾਕੇ ਪਿਛਲੇ 3 ਦਿਨਾਂ ਤੋਂ ਗਰਮੀ ਦਾ ਪਾਰਾ 45 ਡਿਗਰੀ ਚੱਲ ਰਿਹਾ ਹੈ, ਪਸ਼ੂਆਂ ਦੀਆਂ ਗਰਮੀ ਕਾਰਨ ਜੀਭਾਂ ਬਾਹਰ ਨਿਕਲੀਆਂ ਹੋਈਆਂ ਹਨ।
ਲੋਕ ਆਪਣੇ ਬੱਚਿਆਂ ਨੂੰ ਲੈ ਕੇ ਘਰਾਂ ਅੰਦਰ ਬੈਠੇ ਹੋਏ ਹਨ। ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਹਨ, ਬੱਚਿਆਂ ਨਾਨਕੇ ਘਰ ਜਾਣ ਲਈ ਕਾਹਲੀ ਪਾਈ ਹੋਈ ਹੈ, ਪਰ ਮਾਪੇ ਗਰਮੀ ਕਾਰਨ ਜਾਣ ਨਹੀਂ ਦਿੰਦੇ, ਨਾ ਹੀ ਆਪ ਲੈ ਕੇ ਜਾਂਦੇ ਹਨ। ਦਿਹਾੜੀਦਾਰ ਮਜ਼ਦੂਰ, ਰਾਜ ਮਿਸਤਰੀ ਗਰਮੀ ਕਾਰਨ ਕੰਮਾਂ 'ਤੇ ਨਹੀਂ ਜਾਂਦੇ, ਕਿਉਂਕਿ ਗਰਮੀ ਬਹੁਤ ਪੈ ਰਹੀ ਹੈ। ਨਲਕੇ ਵੀ ਗਰਮ ਪਾਣੀ ਦੇ ਰਹੇ ਹਨ। ਉਧਰ ਬਿਜਲੀ ਵਿਭਾਗ ਬਿਜਲੀ ਸਬ-ਸਟੇਸ਼ਨਾਂ ਦੀ ਜ਼ਰੂਰੀ ਮੁਰੰਮਤ ਦੇ ਨਾਂਅ 'ਤੇ 6 ਤੋਂ 7 ਘੰਟੇ ਦੇ ਬਿਜਲੀ ਕੱਟ ਲਗਾ ਰਹੇ ਹਨ, ਉਨ੍ਹਾਂ ਤੋਂ ਵੀ ਲੋਕ ਦੁਖੀ ਹਨ।
ਬਿਸਤ ਦੁਆਬ ਨਹਿਰ, ਜੋ ਕਿ ਫਿਲੌਰ ਨੇੜਿਉਂ ਲੰਘਦੀ ਹੈ ਅਤੇ ਇਸ ਦੀਆਂ ਹੋਰ ਸਹਾਇਕ ਨਹਿਰਾਂ ਵਿੱਚ ਪਿਛਲੇ 8-9 ਮਹੀਨੇ ਤੋਂ ਪਾਣੀ ਬੰਦ ਹੈ, ਅਖੇ ਨਹਿਰਾਂ ਪੱਕੀਆਂ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਕਿਸਾਨਾਂ ਦੀ ਜ਼ਿਆਦਾਤਰ ਖੇਤੀਬਾੜੀ ਨਹਿਰੀ ਪਾਣੀ ਉਤੇ ਨਿਰਭਰ ਹੈ, ਉਹ ਬਹੁਤ ਦੁਖੀ ਹਨ।
ਤੀਰਥ ਸਿੰਘ, ਤੇਜਾ ਸਿੰਘ, ਗੁਰਦੇਵ ਸਿੰਘ, ਸੰਤੋਖ ਸਿੰਘ, ਕਰਨੈਲ ਸਿੰਘ ਆਦਿ ਕਿਸਾਨਾਂ ਦੱਸਿਆ ਕਿ ਇਸ ਵਾਰ ਝੋਨਾ ਸ਼ਾਈਦ ਹੀ ਬੀਜ ਹੋਵੇ, ਕਿਉਂਕਿ ਨਹਿਰਾਂ ਬੰਦ ਪਈਆਂ ਹਨ, ਵਿਭਾਗ ਵੱਲੋਂ ਕਿਹਾ ਗਿਆ ਸੀ ਕਿ 10 ਜੂਨ ਤੱਕ ਪਾਣੀ ਛੱਡ ਦਿੱਤਾ ਜਾਵੇਗਾ।