ਮਥੁਰਾ ਹਿੰਸਾ; ਰਾਮ ਬ੍ਰਿਕਸ਼ ਦੇ ਮਾਰੇ ਜਾਣ ਦੀ ਪੁਸ਼ਟੀ

ਮਥੁਰਾ (ਨਵਾਂ ਜ਼ਮਾਨਾ ਸਰਵਿਸ)
ਮਥੁਰਾ 'ਚ ਜਵਾਹਰ ਬਾਗ ਉੱਪਰ ਕੀਤੇ ਗਏ ਕਬਜ਼ੇ ਨੂੰ ਹਟਾਉਣ ਦਰਮਿਆਨ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਵਿੱਚ ਮੁੱਖ ਦੋਸ਼ੀ ਰਾਮ ਬ੍ਰਿਕਸ਼ ਯਾਦਵ ਮਾਰਿਆ ਗਿਆ ਸੀ, ਇਸ ਗੱਲ ਦੀ ਪੁਸ਼ਟੀ ਉੱਤਰ ਪ੍ਰਦੇਸ਼ ਦੇ ਡੀ ਜੀ ਪੀ ਜਾਵੇਦ ਅਹਿਮਦ ਨੇ ਕੀਤੀ ਹੈ। ਜਾਵੇਦ ਅਹਿਮਦ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਮਥੁਰਾ ਦੇ ਐੱਸ ਐੱਸ ਪੀ ਨੇ ਉਨ੍ਹਾ ਨੂੰ ਜਾਣਕਾਰੀ ਦਿੱਤੀ ਹੈ ਕਿ ਰਾਮ ਬ੍ਰਿਕਸ਼ ਯਾਦਵ ਪੁਲਸ ਕਾਰਵਾਈ ਦੌਰਾਨ ਮਾਰਿਆ ਗਿਆ ਸੀ।
ਡੀ ਜੀ ਪੀ ਨੇ ਦੱਸਿਆ ਕਿ ਕਈ ਲਾਸ਼ਾਂ ਦੀ ਸ਼ਨਾਖਤ ਕਰ ਲਈ ਗਈ ਹੈ, ਜਿਨ੍ਹਾਂ ਵਿੱਚ ਰਾਮ ਬ੍ਰਿਕਸ਼ ਯਾਦਵ ਅਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਦੀ ਸ਼ਨਾਖਤ ਹੋ ਗਈ ਹੈ। ਉਨ੍ਹਾ ਦੱਸਿਆ ਕਿ ਗਾਜ਼ੀਪੁਰ 'ਚ ਉਸ ਦੇ ਪਰਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਹਿੰਸਾ ਦੌਰਾਨ ਲਾਸ਼ਾਂ ਦੇ ਬੁਰੀ ਤਰ੍ਹਾਂ ਸੜ ਜਾਣ ਕਾਰਨ ਪੁਲਸ ਨੂੰ ਸ਼ਨਾਖਤ ਕਰਨ ਵਿੱਚ ਔਖ ਆ ਰਹੀ ਸੀ। ਉਸ ਤੋਂ ਬਾਅਦ ਲਾਸ਼ਾਂ ਦਾ ਡੀ ਐੱਨ ਏ ਟੈੱਸਟ ਕਰਵਾਇਆ ਗਿਆ, ਜਿਸ ਨਾਲ ਲਾਸ਼ਾਂ ਦੀ ਸ਼ਨਾਖਤ ਹੋ ਗਈ।
ਜ਼ਿਕਰਯੋਗ ਹੈ ਕਿ ਤਕਰੀਬਨ ਦੋ ਸਾਲ ਪਹਿਲਾਂ ਜੈ ਗੁਰਦੇਵ ਸੰਗਠਨ ਤੋਂ ਵੱਖ ਹੋਏ ਇਸ ਧੜੇ ਨੇ ਧਰਨੇ ਦੇ ਨਾਂਅ 'ਤੇ ਜਵਾਹਰ ਬਾਗ ਦੀ ਸੈਂਕੜੇ ਏਕੜ ਜ਼ਮੀਨ 'ਤੇ ਕਬਜ਼ਾ ਕਰ ਲਿਆ ਸੀ। ਇਸ ਧੜੇ ਦਾ ਮੁਖੀ ਰਾਮ ਬ੍ਰਿਕਸ਼ ਯਾਦਵ ਗਾਜੀਪੁਰ ਦਾ ਨਿਵਾਸੀ ਹੈ ਅਤੇ ਉਸ ਵਿਰੁੱਧ 15 ਤੋਂ ਜ਼ਿਆਦਾ ਮਾਮਲੇ ਦਰਜ ਹਨ ਅਤੇ ਉਹ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ 7 ਮਹੀਨੇ ਪਹਿਲਾਂ ਹੀ ਜੇਲ੍ਹ ਵਿੱਚੋਂ ਆਇਆ ਸੀ। ਯਾਦਵ ਦਾ ਸੱਜਾ ਹੱਥ ਅਖਵਾਉਣ ਵਾਲਾ ਚੰਦਨ ਬੋਸ ਮੂਲ ਰੂਪ 'ਚ ਪੱਛਮੀ ਬੰਗਾਲ ਦਾ ਰਹਿਣ ਵਾਲਾ ਹੈ, ਜਦਕਿ ਉਸ ਦਾ ਫਾਇਨੈਂਸਰ ਸਮਝਿਆ ਜਾਂਦਾ ਰਾਕੇਸ਼ ਬਾਬੂ ਗੁਪਤਾ ਬਦਾਯੂੰ ਦਾ ਰਹਿਣ ਵਾਲਾ ਹੈ।
ਯਾਦਵ ਦੇ ਕਰੀਬੀਆਂ ਅਨੁਸਾਰ ਚੰਦਨ ਬੋਸ ਲੋਕਾਂ ਨੂੰ ਹਿੰਸਾ ਲਈ ਭੜਕਾਉਂਦਾ ਸੀ ਅਤੇ ਉਨ੍ਹਾਂ ਲਈ ਹਥਿਆਰਾਂ ਦਾ ਪ੍ਰਬੰਧ ਕਰਦਾ ਸੀ।
ਰਾਕੇਸ਼ ਬਾਬੂ ਦੀ ਜ਼ਿੰਮੇਵਾਰੀ ਪੈਸਿਆਂ ਦੇ ਪ੍ਰਬੰਧ ਦੀ ਹੁੰਦੀ ਸੀ। ਅੱਧੀ ਦਰਜਨ ਤੋਂ ਵੱਧ ਗੱਡਿਆਂ ਦੇ ਮਾਲਕ ਯਾਦਵ ਨੂੰ ਨੇਤਾ ਜੀ ਕਿਹਾ ਜਾਂਦਾ ਹੈ ਅਤੇ ਉਹ ਸੰਗਠਤ ਤਰੀਕੇ ਨਾਲ ਅਪਰਾਧਿਕ ਸਰਗਰਮੀਆਂ ਚਲਾ ਕੇ ਪੈਸੇ ਦੀ ਉਗਰਾਹੀ ਵੀ ਕਰਦਾ ਹੈ ਅਤੇ ਉਹ ਤਾਨਾਸ਼ਾਹ ਵਰਗੀ ਜ਼ਿੰਦਗੀ ਜਿਊਣ ਦਾ ਸ਼ੌਕੀਨ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਕਬਜ਼ਾਕਾਰੀਆਂ ਦੇ ਹਮਲੇ 'ਚ ਐੱਸ ਪੀ ਸਿਟੀ ਮੁਕੁਲ ਦਿਵੇਦੀ ਅਤੇ ਐੱਸ ਐੱਸ ਓ ਸੰਤੋਸ਼ ਯਾਦਵ ਸ਼ਹੀਦ ਹੋ ਗਏ ਸਨ ਅਤੇ 22 ਫਸਾਦੀਏ ਵੀ ਮਾਰੇ ਗਏ ਸਨ। ਇਸ ਘਟਨਾ 'ਚ 23 ਪੁਲਸ ਮੁਲਾਜ਼ਮ ਅਤੇ 40 ਤੋਂ ਵੱਧ ਫਸਾਦੀਏ ਵੀ ਜ਼ਖ਼ਮੀ ਹੋ ਗਏ ਸਨ।