ਮੈਨੂੰ ਸਿਰੋਪੇ ਦਾ ਕੋਈ ਸ਼ੌਕ ਨਹੀਂ : ਬਾਦਲ


ਵਣਵਾਲਾ ਅਨੂ ਕਾ (ਲੰਬੀ)
(ਮਿੰਟੂ ਗੁਰੂਸਰੀਆ)
ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਦਰਬਾਰ ਸਾਹਿਬ ਵਿਖੇ ਉਨ੍ਹਾਂ ਨੂੰ ਸਿਰੋਪਾ ਨਾ ਦਿੱਤੇ ਜਾਣ ਦੀ ਘਟਨਾ ਨੂੰ ਰੱਦਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਤਾਂ ਸਿਰੋਪਾ ਮਿਲਿਆ ਹੈ। ਲੰਬੀ ਹਲਕੇ ਦੇ ਦੋ ਦਿਨਾ ਸੰਗਤ ਦਰਸ਼ਨ ਦੌਰੇ ਦੌਰਾਨ ਅੱਜ ਪਿੰਡ ਵਣ ਵਾਲਾ ਅਨੂ ਕਾ ਵਿਖੇ ਪੱਤਰਕਾਰਾਂ ਦੇ ਮੁਖ਼ਾਤਬ ਹੁੰਦਿਆਂ ਸ: ਬਾਦਲ ਨੇ ਸਿਰੋਪਾ ਨਾ ਦਿੱਤੇ ਜਾਣ ਦੇ ਸੁਆਲ ਦੇ ਜੁਆਬ 'ਚ ਪਹਿਲਾਂ ਤਾਂ ਕਿਹਾ, 'ਬਿਲਕੁਲ ਨਹੀਂ, ਮੈਂ ਸਿਰੋਪਾ ਲੈ ਕੇ ਆਇਆ ਹਾਂ' ਪਰ ਜਦੋਂ ਇਸ ਮਾਮਲੇ 'ਚ ਅਰਦਾਸੀਏ ਭਾਈ ਬਲਵੀਰ ਸਿੰਘ ਫਰਾਂਸ ਦੀ ਬਦਲੀ ਅਤੇ ਫੇਰ ਉਨ੍ਹਾਂ ਵੱਲੋਂ ਬਦਲਵੀਂ ਥਾਂ 'ਤੇ ਜਾਣ ਤੋਂ ਕੀਤੇ ਇਨਕਾਰ ਦਾ ਹਵਾਲਾ ਦਿੱਤਾ ਗਿਆ ਤਾਂ ਉਨ੍ਹਾਂ ਝੱਟ ਸ਼ਬਦਾਂ ਨੂੰ ਪਲਟਦਿਆਂ ਕਿਹਾ, ''ਮੈਨੂੰ ਸਿਰੋਪਾ ਕੀਹਨੇ ਦੇਣੈ? ਇਹ ਤਾਂ ਐਵੇਂ ਰਸਮ ਮਾਤਰ ਹੈ, ਮੈਂ ਜਦੋਂ ਵੀ ਅੰਮ੍ਰਿਤਸਰ ਜਾਵਾਂ, ਸਧਾਰਨ ਸ਼ਰਧਾਲੂ ਵਾਂਗ ਮੱਥਾ ਟੇਕਣ ਜਾਂਦਾ ਹਾਂ, ਸਿਰੋਪਾ ਲੈਣ ਨਹੀਂ। ਨਾ ਹੀ ਮੈਨੂੰ ਸਿਰੋਪੇ ਲੈਣ ਦਾ ਕੋਈ ਸ਼ੌਕ ਹੈ, ਪਰ ਮੈਨੂੰ ਸਿਰੋਪਾ ਮਿਲਿਆ ਹੈ।'' ਕੱਲ੍ਹ ਉਪ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਹਿਰਾਸਤ 'ਚ ਲਏ ਗਏ ਸਰਬੱਤ ਖ਼ਾਲਸਾ ਦੇ ਮੋਢੀਆਂ ਦੇ ਮਾਮਲੇ 'ਤੇ ਸ: ਬਾਦਲ ਨੇ ਕਿਹਾ ਕਿ ਅਮਨ-ਕਾਨੂੰਨ ਨਾਲ ਜੁੜਿਆ ਮੁੱਦਾ ਹੈ, ਮੈਨੂੰ ਇਸ ਬਾਰੇ ਪਤਾ ਨਹੀਂ। ਰਾਜਸਥਾਨ ਸੂਬੇ 'ਚ ਪੰਜਾਬੀ ਭਾਸ਼ਾ ਨੂੰ ਸਕੂਲੀ ਸਿਲੇਬਸ 'ਚੋਂ ਬਾਹਰ ਕਰਕੇ ਸੰਸਕ੍ਰਿਤ ਨੂੰ ਸ਼ਾਮਲ ਕਰਨ ਦੇ ਮੁੱਦੇ 'ਤੇ ਜਦੋਂ ਉਨ੍ਹਾਂ ਨੂੰ ਪੱਤਰਕਾਰ ਨੇ ਪੁੱਛਿਆ ਕਿ ਦਿੱਲੀ 'ਚ ਖ਼ੇਤਰੀ ਭਾਸ਼ਾਵਾਂ ਨੂੰ ਬਾਹਰ ਕੀਤੇ ਜਾਣ 'ਤੇ ਤਾਂ ਅਕਾਲੀ ਖੂਬ ਉਬਲੇ ਸਨ, ਹੁਣ ਰਾਜਸਥਾਨ 'ਚ ਪੰਜਾਬੀ ਨੂੰ ਖੁੱਡੇ ਲਾਈਨ ਲਾਉਣ 'ਤੇ ਕੋਈ ਕਿਉਂ ਨਹੀਂ ਬੋਲ ਰਿਹਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਅੱਜ ਹੀ ਰਾਜਸਥਾਨ ਦੀ ਮੁੱਖ ਮੰਤਰੀ ਬੀਬੀ ਵਸੁੰਧਰਾ ਰਾਜੇ ਨਾਲ ਗ਼ੱਲ ਕਰਨਗੇ।
ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਉਨ੍ਹਾਂ ਉਪਰ ਹੋਏ ਹਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਪਾਸੋਂ ਕਰਵਾਉਣ ਦੀ ਮੰਗ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਸ ਇਸ ਸਮੁੱਚੇ ਮਾਮਲੇ ਦੀ ਜਾਂਚ ਕਰਨ ਦੇ ਸਮਰੱਥ ਹੈ ਅਤੇ ਪੁਲਸ ਨੂੰ ਇਹ ਜਾਂਚ ਮੁਕੰਮਲ ਕਰਨ ਦਿੱਤੀ ਜਾਣੀ ਚਾਹੀਦੀ ਹੈ। ਫ਼ਰੀਦਕੋਟ ਜੇਲ੍ਹ 'ਚ 251 ਕੈਦੀਆਂ ਦੇ ਏਡਜ਼ਗ੍ਰਸਤ ਹੋਣ ਦਾ ਮਾਮਲਾ ਸਾਹਮਣੇ ਆਉਣ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕੈਦੀਆਂ ਦਾ ਹਰ ਸੰਭਵ ਇਲਾਜ ਕਰਵਾਵਾਂਗੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਅੱਜ ਦੋ ਦਿਨਾ ਦੌਰੇ ਦੌਰਾਨ ਸਵੇਰੇ ਭਾਗੂ ਪਿੰਡ ਤੋਂ ਸੰਗਤ ਦਰਸ਼ਨ ਸ਼ੁਰੂ ਕਰਕੇ ਮਹਿਣਾ, ਚੱਕ ਮਿੱਡੂ ਸਿੰਘ ਵਾਲਾ, ਵਣ ਵਾਲਾ ਅਨੂ ਕਾ, ਕੱਖਾਂਵਾਲੀ, ਮਿੱਡੂ ਖੇੜਾ, ਘੁਮਿਆਰਾ, ਲੁਹਾਰਾ ਪਿੰਡਾਂ 'ਚ ਸੰਗਤ ਦਰਸ਼ਨ ਕੀਤੇ। ਸੰਗਤ ਦਰਸ਼ਨਾਂ ਦੌਰਾਨ ਉਨ੍ਹਾਂ ਜਿੱਥੇ ਵਿਕਾਸ ਕਾਰਜਾਂ ਲਈ ਭਰਪੂਰ ਗ੍ਰਾਂਟਾਂ ਵੰਡੀਆਂ, ਉਥੇ ਲੋਕਾਂ ਨੂੰ ਚੇਤੇ ਕਰਾਇਆ ਕਿ ਅਕਾਲੀ ਦਲ ਥੋਡੀ ਬਾਂਹ ਫੜਦਾ ਹੈ, ਇਹਦੀ 'ਬਾਂਹ ਫੜਿਓ'।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਐਗਰੋ ਦੇ ਚੇਅਰਮੈਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਚੇਅਰਮੈਨ ਤੇਜਿੰਦਰ ਸਿੰਘ ਮਿੱਡੂ ਖੇੜਾ, ਸ. ਅਵਤਾਰ ਸਿੰਘ ਵਣ ਵਾਲਾ, ਸ. ਗੁਰਬਖਸ਼ੀਸ਼ ਸਿੰਘ ਵਿੱਕੀ ਚੇਅਰਮੈਨ, ਹਰਿੰਦਰ ਸਿੰਘ ਗੋਪੀ ਤਰਮਾਲਾ, ਹਰਮੇਸ਼ ਸਿੰਘ ਖੁੱਡੀਆਂ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਡਾ. ਐੱਸ. ਕਰੁਣਾ ਰਾਜੂ, ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਸੁਮੀਤ ਜਾਰੰਗਲ ਹਾਜ਼ਰ ਸਨ।