ਡੈਨਮਾਰਕ ਦੀ ਮਹਿਲਾ ਨਾਲ ਬਲਾਤਕਾਰ ਦੇ ਮਾਮਲੇ 'ਚ 5 ਦੋਸ਼ੀ ਕਰਾਰ


ਨਵੀਂ ਦਿੱਲੀ (ਨ ਜ਼ ਸ)-ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਸਾਲ 2014 'ਚ ਡੈਨਮਾਰਕ ਇੱਕ ਮਹਿਲਾ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ 'ਚ 5 ਨੂੰ ਦੋਸ਼ੀ ਕਰਾਰ ਦਿੱਤਾ ਹੈ। ਐਡੀਸ਼ਨਲ ਸੈਸ਼ਨ ਜੱਜ ਰਮੇਸ਼ ਕੁਮਾਰ ਨੇ 5 ਦੋਸ਼ੀਆਂ ਨੂੰ ਸਜ਼ਾ ਬਾਰੇ ਜਿਰਾਹ ਕਰਨ ਲਈ 9 ਜੂਨ ਦਾ ਦਿਨ ਮਿਥਿਆ ਹੈ। ਅਰਜਨ, ਰਾਜੂ ਉਰਫ਼ ਡੱਕਾ, ਮੁਹੰਮਦ ਰਾਜਾ, ਮਹਿੰਦਰ ਉਰਫ਼ ਗੰਜਾ, ਰਾਜੂ ਉਰਫ਼ ਬੱਜੀ ਅਤੇ ਸਿਆਮ ਲਾਲ ਉੱਪਰ ਜਨਵਰੀ 2014 'ਚ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੇੜੇ ਚਾਕੂ ਦੀ ਨੋਕ 'ਤੇ ਡੈਨਮਾਰਕ ਦੀ ਇੱਕ ਮਹਿਲਾ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਪੀੜਤਾ ਉਸ ਦਿਨ ਦੋਸ਼ੀਆਂ ਤੋਂ ਪਹਾੜਗੰਜ ਸਥਿਤ ਆਪਣੇ ਹੋਟਲ ਦਾ ਪਤਾ ਪੁੱਛਣ ਲਈ ਰੁਕੀ ਸੀ। ਦੋਸ਼ੀ ਸ਼ਿਆਮ ਲਾਲ ਦੀ ਫ਼ਰਵਰੀ 'ਚ ਤਿਹਾੜ ਜੇਲ੍ਹ 'ਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਵਿਰੁੱਧ ਸੁਣਵਾਈ ਨੂੰ ਰੱਦ ਕਰ ਦਿੱਤਾ ਗਿਆ ਸੀ। ਮਾਮਲੇ ਦੇ ਤਿੰਨ ਨਾਬਾਲਗ ਦੋਸ਼ੀਆਂ ਦੀ ਸੁਣਵਾਈ ਬਾਲ ਜਸਟਿਸ ਬੋਰਡ 'ਚ ਚੱਲ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਪੀੜਤਾ ਨੂੰ ਡਿਵੀਜ਼ਨਲ ਅਫੀਸਰਜ਼ ਕਲੱਬ ਦੇ ਨੇੜੇ ਸੁੰਨਸਾਨ ਜਗ੍ਹਾ 'ਤੇ ਲੈ ਗਏ ਸਨ ਅਤੇ ਸਾਮਾਨ ਖੋਹਣ ਤੋਂ ਬਾਅਦ ਉਸ ਨਾਲ ਵਾਰੀ-ਵਾਰੀ ਮੂੰਹ ਕਾਲਾ ਕੀਤਾ ਸੀ।