Latest News

ਅਕਾਲ ਤਖਤ 'ਤੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ

Published on 06 Jun, 2016 09:23 AM.

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਸ੍ਰੀ ਅਕਾਲ ਤਖਤ ਸਾਹਿਬ 'ਤੇ ਮਨਾਏ ਗਏ ਘੱਲੂਘਾਰੇ ਨੂੰ ਲੈ ਕੇ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ, ਜਦੋਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਂਅ ਸੰਦੇਸ਼ ਪੜ੍ਹਨਾ ਸ਼ੁਰੂ ਕੀਤਾ ਤਾਂ ਪੰਥਕ ਜਥੇਬੰਦੀਆਂ ਨਾਲ ਸੰਬੰਧਤ ਨੌਜਵਾਨਾਂ ਨੇ ਖਾਲਿਸਤਾਨ -ਜ਼ਿੰਦਾਬਾਦ, ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਜਥੇਦਾਰ ਗੁਲਾਮ ਹੈ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਤੜਕੇ ਤਿੰਨ ਵਜੇ ਕਵਾੜ ਖੁੱਲ੍ਹਣ ਤੋਂ ਪਹਿਲਾਂ ਹੀ ਤਿੰਨ ਭਾਗਾਂ ਵਿੱਚ ਵੰਡੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਹਾਲ ਦੇ ਪਹਿਲੇ ਭਾਗ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਬਿਠਾ ਦਿੱਤਾ ਗਿਆ ਤਾਂ ਕਿ ਕੋਈ ਹੋਰ ਬਾਹਰ ਦਾ ਵਿਅਕਤੀ ਨਾ ਬੈਠ ਸਕੇ। ਵਿਚਕਾਰਲੇ ਭਾਗ ਨੂੰ ਸੰਗਤਾਂ ਦੇ ਮੱਥਾ ਟੇਕਣ ਲਈ ਰੱਖਿਆ ਗਿਆ, ਜਦ ਕਿ ਤੀਸਰੇ ਤੇ ਵੱਡੇ ਭਾਗ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨਾਲ ਖਚਾਖੱਚ ਭਰ ਦਿੱਤਾ। ਪੰਜਾਬ ਦੇ ਖੇਤੀਬਾਡੀ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਆਪਣੀ ਪੂਰੀ ਫੋਰਸ ਨਾਲ ਤਿੰਨ ਵਜੇ ਹੀ ਪੁੱਜ ਗਏ ਸਨ ਤੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਅਕਾਲੀ ਦਲ ਬਾਦਲ ਵੀਰ ਸਿੰਘ ਲੋਪੋਕੇ ਵੀ ਵੱਡੀ ਤਦਾਦ ਵਿੱਚ ਆਪਣੇ ਸਾਥੀਆਂ ਨਾਲ ਪੁੱਜੇ ਹੋਏ ਸਨ। ਸੂਰਜ ਚੜ੍ਹਨ ਤੋਂ ਪਹਿਲਾਂ ਹੀ ਰਾਵਿੰਦਰ ਸਿੰਘ ਬ੍ਰਹਮਪੁਰਾ ਤੇ ਵਿਰਸਾ ਸਿੰਘ ਵਲਟੋਹਾ ਵੀ ਆਪਣੇ ਸਾਥੀਆਂ ਨਾਲ ਪੁੱਜ ਗਏ। ਸਿਮਰਨਜੀਤ ਸਿੰਘ ਮਾਨ ਵੀ ਕਰੀਬ ਛੇ ਵਜੇ ਪੁੱਜੇ ਤੇ ਉਹ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੈਠਣ ਵਿੱਚ ਕਾਮਯਾਬ ਹੋ ਗਏ। ਭੋਗ ਉਪਰੰਤ ਤੇ ਗੁਰਬਾਣੀ ਦੇ ਕੀਰਤਨ ਤੋਂ ਬਾਅਦ ਜਿਉਂ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਟੇਜ ਤੋਂ ਕੌਮ ਦੇ ਨਾਂਅ ਸੰਦੇਸ਼ ਦੇਣ ਲੱਗੇ ਤਾਂ ਪੰਥਕ ਜਥੇਬੰਦੀਆਂ ਨਾਲ ਸੰਬੰਧਤ ਨੌਜਵਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਇਸ ਨਾਅਰੇਬਾਜ਼ੀ ਨੂੰ ਲੈ ਕੇ ਭਾਵੇਂ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮ ਕਾਰਵਾਈ ਕਰਨ ਲਈ ਉੱਠੇ ਤਾਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਸੁਲੱਖਣ ਸਿੰਘ ਨੇ ਉਹਨਾਂ ਨੌਜਵਾਨਾਂ ਨੂੰ ਬੈਠਣ ਦੀ ਅਪੀਲ ਕੀਤੀ, ਪਰ ਇਸ ਅਪੀਲ ਦਾ ਕੋਈ ਅਸਰ ਨਾ ਹੋਇਆ ਤੇ ਨੌਜਵਾਨ ਖਾਲਿਸਤਾਨ - ਜ਼ਿੰਦਾਬਾਦ, ਪੰਜਾਬ ਸਰਕਾਰ - ਮੁਰਦਾਬਾਦ ਤੇ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ, ਪਰ ਜਥੇਦਾਰ ਗੁਲਾਮ ਹੈ। ਇਸੇ ਰੌਲੇ-ਰੱਪੇ ਵਿੱਚ ਹੀ ਜਥੇਦਾਰ ਨੇ ਸੰਦੇਸ਼ ਪੜ੍ਹਿਆ, ਪਰ ਨੌਜਵਾਨ ਆਪਣਾ ਰਾਗ ਅਲਾਪਦੇ ਰਹੇ। ਇਸ ਧੱਕੇਮੁੱਕੀ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਚੱਠਾ ਦੇ ਕੱਪੜੇ ਪਾਟ ਗਏ ਤੇ ਉਸ ਨੂੰ ਤੇ ਉਸ ਨਾਲ ਆਈਆਂ ਬੀਬੀਆਂ ਨੂੰ ਟਾਸਕ ਫੋਰਸ ਵਾਲਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਕੱਢ ਦਿੱਤਾ ਤੇ ਇਸ ਧੱਕਾਮੁੱਕੀ ਦੌਰਾਨ ਦੋਹਾਂ ਧਿਰਾਂ ਵਿਚਕਾਰ ਬੋਲ-ਬੁਲਾਰਾ ਵੀ ਹੋਇਆ ਤੇ ਵਿਰਸਾ ਸਿੰਘ ਵਲਟੋਹਾ ਨੇ ਖਾਲਿਸਤਾਨੀ ਨਾਅਰੇ ਲਗਾਉਣ ਵਾਲੇ ਨੌਜਵਾਨਾਂ ਨੂੰ ਗਾਲ੍ਹਾਂ ਵੀ ਕੱਢੀਆ। ਨੌਜਵਾਨਾਂ ਨੇ ਵਿਰਸੇ ਦੀ ਕੋਈ ਪ੍ਰਵਾਹ ਨਾ ਕੀਤੀ ਤੇ ਧੱਕਾਮੁੱਕੀ ਵਿੱਚ ਵਲਟੋਹਾ ਦੀ ਪੱਗ ਪੂਰੀ ਤਰ੍ਹਾਂ ਹਿੱਲ ਗਈ, ਜਿਹੜੀ ਹੇਠਾਂ ਡਿੱਗਦੀ ਬੜੀ ਮੁਸ਼ਕਲ ਨਾਲ ਬਚੀ।
ਇਸੇ ਤਰ੍ਹਾਂ ਹੀ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਵੀ ਨੌਜਵਾਨਾਂ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਤੇ ਉਸ ਨਾਲ ਵੀ ਧੱਕਾਮੁੱਕੀ ਹੋਈ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਪੂਰੀ ਤਰ੍ਹਾਂ ਅਨੁਸ਼ਾਸਨ ਬਣਾਈ ਰੱਖਿਆ ਤੇ ਅਕਾਲੀ ਆਗੂਆਂ ਨਾਲ ਹੁੰਦੀ ਧੱਕਾਮੁੱਕੀ ਸਮੇਂ ਉਹ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ। ਨਾਅਰਿਆਂ ਤੇ ਜੈਕਾਰਿਆਂ ਦਾ ਸਿਲਸਿਲਾ ਉਸ ਵੇਲੇ ਤੱਕ ਚੱਲਦਾ ਰਿਹਾ, ਜਦੋਂ ਤੱਕ ਜਥੇਦਾਰ ਤਖਤ ਛੱਡ ਕੇ ਚਲੇ ਨਾ ਗਏ।
ਕੁਝ ਨੌਜਵਾਨਾਂ ਨੇ ਭਿੰਡਰਾਂਵਾਲਿਆ ਦੀਆਂ ਤਸਵੀਰਾਂ ਵਾਲੀਆਂ ਤੇ ਜਿਹਨਾਂ ਉਪਰ ਰੈਫਰੈਂਡਮ ਲਿਖਿਆ ਹੋਇਆ ਸੀ, ਵਾਲੀਆਂ ਸ਼ਰਟਾਂ ਪਹਿਨੀਆਂ ਹੋਈਆਂ ਸਨ ਅਤੇ ਉਹ ਨੌਜਵਾਨ ਲੋਕਾਂ ਨੂੰ ਟੀ.ਸ਼ਰਟਾਂ ਵੰਡ ਵੀ ਰਹੇ ਸਨ, ਪਰ ਪੁਲਸ ਦੇ ਇੱਕ ਅਧਿਕਾਰੀ ਨੇ ਉਹਨਾਂ ਕੋਲੋ ਟੀ ਸ਼ਰਟਾਂ ਵਾਲਾ ਬੈਗ ਵੀ ਖੋਹ ਲਿਆ ਤੇ ਉਹਨਾਂ ਨੌਜਵਾਨਾਂ ਨੂੰ ਗੱਡੀ ਵਿੱਚ ਬਿਠਾ ਕੇ ਕਿਸੇ ਅਣਦੱਸੀ ਥਾਂ 'ਤੇ ਲਏ ਗਏ। ਇੱਕ ਅਖਬਾਰ ਦੇ ਐਡੀਟਰ ਨੇ ਜਦੋਂ ਆਪਣੇ ਕੈੰਮਰੇ ਨਾਲ ਉਹਨਾਂ ਦੀਆਂ ਤਸਵੀਰਾਂ ਆਪਣੇ ਕੈੰਮਰੇ ਵਿੱਚ ਬੰਦ ਕਰ ਲਈਆਂ ਤਾਂ ਪੁਲਸ ਨੇ ਉਸ ਨਾਲ ਵੀ ਧੱਕਾਮੁੱਕੀ ਕੀਤੀ ਤੇ ਉਸ ਦਾ ਕੈਮਰਾ ਖੋਹ ਕੇ ਫੋਟੋ ਡਲੀਟ ਕਰ ਦਿੱਤੀਆਂ। ਪੱਤਰਕਾਰ ਜਥੇਬੰਦੀ ਨੇ ਇਸ ਘਟਨਾ ਦਾ ਕੜਾ ਨੋਟਿਸ ਲੈਂਦਿਆਂ ਮੰਗ ਕੀਤੀ ਕਿ ਦੋਸ਼ੀ ਪੁਲਸ ਅਧਿਕਾਰੀਆਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸੰਘਰਸ਼ ਵਿੱਢ ਦਿੱਤਾ ਜਾਵੇਗਾ ਅਤੇ ਜਲਦੀ ਹੀ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਕੇ ਪੁਲਸ ਕਮਿਸ਼ਨਰ ਨੂੰ ਦੋਸ਼ੀ ਪੁਲਸ ਵਾਲਿਆਂ ਦੇ ਖਿਲਾਫ ਪਰਚਾ ਦਰਜ ਕਰਨ ਦੀ ਦਰਖਾਸਤ ਵੀ ਦਿੱਤੀ ਜਾਵੇਗੀ, ਜਿਸ ਦੀ ਇੱਕ ਕਾਪੀ ਪ੍ਰੈਸ ਕੌਂਸਲ ਆਫ ਇੰਡੀਆ ਨੂੰ ਵੀ ਭੇਜੀ ਜਾਵੇਗੀ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ , ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ, ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਲੋਕ ਸਭਾ ਵੀ ਹਾਜ਼ਰ ਸਨ। ਇਸ ਸਮੇਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਤੇ ਰੂਪ ਸਿੰਘ ਵੀ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਸਨ।

566 Views

e-Paper