ਰੰਗ 'ਚ ਆਈ ਕਿਰਨ ਬੇਦੀ


ਪੁਡੂਚੇਰੀ (ਨਵਾਂ ਜ਼ਮਾਨਾ ਸਰਵਿਸ)-ਸਾਬਕਾ ਪੁਲਸ ਅਧਿਕਾਰੀ ਕਿਰਨ ਬੇਦੀ ਅਹੁਦਾ ਸੰਭਾਲਦਿਆਂ ਹੀ ਐਕਸ਼ਨ 'ਚ ਆ ਗਈ ਹੈ। ਅੱਜ ਜਾਰੀ ਹੁਕਮਾਂ 'ਚ ਪੁਡੂਚੇਰੀ ਦੀ ਉਪ ਰਾਜਪਾਲ ਨੇ ਕਿਹਾ ਕਿ ਕਿਸੇ ਵੀ ਵੀ ਆਈ ਪੀ ਦੀ ਗੱਡੀ 'ਚ ਸਾਇਰਨ ਦੀ ਵਰਤੋਂ ਨਹੀਂ ਕੀਤੀ ਜਾਵੇਗੀ ਅਤੇ ਇਹ ਹੁਕਮ ਉਨ੍ਹਾ ਦੀ ਸੁਰੱਖਿਆ 'ਚ ਲਾਈ ਗਈ ਐਸਕਾਰਟ 'ਤੇ ਵੀ ਲਾਗੂ ਹੋਵੇਗਾ। ਐਤਵਾਰ ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸਿਰਫ਼ ਐਮਰਜੈਂਸੀ ਸੇਵਾਵਾਂ ਜਿਵੇਂ ਐਂਬੂਲੈਂਸ ਅਤੇ ਫਾਇਰ ਇੰਜਣ 'ਚ ਹੀ ਇਸ ਦੀ ਵਰਤੋਂ ਕੀਤੀ ਜਾਵੇਗੀ। ਹੁਕਮ ਅਨੁਸਾਰ ਵੀ ਆਈ ਪੀ ਕਾਫ਼ਲੇ ਦੀ ਗੱਡੀ 'ਚ ਐਬੂਲੈਂਸ ਜਾਂ ਫਾਇਰ ਇੰਜਣ ਹੈ ਤਾਂ ਅਜਿਹੀ ਸਥਿਤੀ 'ਚ ਵੀ ਸਾਇਰਨ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਬੇਦੀ ਨੇ ਆਪਣੇ ਹੁਕਮਾਂ 'ਚ ਕਿਹਾ ਕਿ ਸਿਆਸਤਦਾਨਾਂ ਨੂੰ ਵਿਸ਼ੇਸ਼ ਅਧਿਕਾਰ ਦੀ ਆਸ ਨਹੀਂ ਕਰਨੀ ਚਾਹੀਦੀ, ਕਿਉਂਕਿ ਸੜਕ 'ਤੇ ਨਿਕਲਣ ਸਮੇਂ ਸਿਆਸਤਦਾਨਾਂ ਕਰਕੇ ਟਰੈਫ਼ਿਕ ਰੋਕਿਆ ਜਾਂਦਾ ਹੈ, ਜਿਸ ਕਰਕੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਲੈਫਟੀਨੈਂਟ ਗਵਰਨਰ ਨੇ ਆਪਣੇ ਹੁਕਮ ਰਾਹੀਂ ਪੁਲਸ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕਿਸੇ ਵੀ ਆਈ ਪੀ ਕਾਰਨ ਸੜਕ 'ਤੇ ਟਰੈਫ਼ਿਕ ਨਾ ਰੁਕੇ।