ਭਾਜਪਾਈਆਂ ਦਾ ਮੁੱਖ ਮੰਤਰੀ ਬਾਦਲ ਮੂਹਰੇ ਮੱਠਾ-ਮੱਠਾ ਰੋਸ


ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਾਜਸੀ ਮੁਹਾਰਤ ਦੇ ਮੂਹਰੇ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਠਿੱਬੀ ਖਾ ਗਈ ਸੀ। ਕੱਲ੍ਹ ਭਾਜਪਾ ਦੀ ਲੀਡਰਸ਼ਿਪ ਨਾਲ ਇਹੋ ਹੋ ਗਿਆ ਹੈ।
ਪੰਜਾਬ ਭਾਜਪਾ ਦੀ ਕਮਾਨ ਇਸ ਵਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਖ਼ਾਸ ਨੇੜ ਰੱਖਦੇ ਕੇਂਦਰ ਦੇ ਮੰਤਰੀ ਵਿਜੇ ਸਾਂਪਲਾ ਦੇ ਹੱਥਾਂ ਵਿੱਚ ਹੈ। ਉਹ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚੋਂ ਪਾਰਲੀਮੈਂਟ ਮੈਂਬਰ ਹਨ ਤੇ ਸਿਰਫ਼ ਓਦੋਂ ਹੀ ਰਾਜ ਦੀ ਸੀਨੀਅਰ ਲੀਡਰਸ਼ਿਪ ਦਾ ਹਿੱਸਾ ਬਣ ਸਕੇ ਹਨ, ਜਦੋਂ ਉਹ ਕੇਂਦਰੀ ਮੰਤਰੀ ਬਣਾਏ ਗਏ ਸਨ। ਇਸ ਤੋਂ ਪਹਿਲਾਂ ਉਨ੍ਹਾ ਨੂੰ ਕਿਸੇ ਖਾਤੇ ਵਿੱਚ ਨਹੀਂ ਸੀ ਰੱਖਿਆ ਜਾਂਦਾ। ਜਦੋਂ ਉਹ ਪੰਜਾਬ ਦੀ ਕਮਾਨ ਸੰਭਾਲਣ ਲਈ ਅੱਗੇ ਕੀਤੇ ਗਏ ਤਾਂ ਪਿਛਲੇ ਪ੍ਰਧਾਨ ਕਮਲ ਸ਼ਰਮਾ ਅਤੇ ਕਈ ਹੋਰ ਦਾਅਵੇਦਾਰਾਂ ਦਾ ਮਨ ਖ਼ਰਾਬ ਜ਼ਰੂਰ ਹੋਇਆ ਹੋਵੇਗਾ, ਪਰ ਭਾਜਪਾ ਦੇ ਕਰੜੇ ਡਿਸਿਪਲਿਨ ਦੇ ਕਾਰਨ ਕੋਈ ਕੁਸਕਿਆ ਨਹੀਂ ਸੀ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਨਵੇਂ ਪ੍ਰਧਾਨ ਸਾਹਮਣੇ ਉਹ ਕੁੜੱਤਣ ਦੇ ਮੁੱਦੇ ਉਠਾਉਣੇ ਅਤੇ ਅਕਾਲੀ ਲੀਡਰਸ਼ਿਪ ਨਾਲ ਗੱਲ ਕਰਨ ਦਾ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ, ਜਿਹੜੇ ਇਸ ਤੋਂ ਪਹਿਲਾਂ ਢੱਕ ਕੇ ਰੱਖੇ ਹੋਏ ਸਨ।
ਜਿਹੜੇ ਬਹੁਤ ਸਾਰੇ ਮੁੱਦਿਆਂ ਉੱਤੇ ਪੰਜਾਬ ਦੀ ਭਾਜਪਾ ਵਿੱਚ ਕਈ ਤਰ੍ਹਾਂ ਦੇ ਰੋਸ ਹਨ ਅਤੇ ਅਕਾਲੀ ਦਲ ਨਾਲ ਗੱਲ ਕਰਨ ਦੀ ਲੋੜ ਸਮਝੀ ਜਾਂਦੀ ਸੀ, ਉਨ੍ਹਾਂ ਵਿੱਚੋਂ ਇੱਕ ਮੁੱਦਾ ਪੰਜਾਬ ਵਿੱਚ ਲਗਤਾਰ ਵਿਗੜਦੇ ਜਾ ਰਹੇ ਅਮਨ-ਕਾਨੂੰਨ ਦਾ ਸੀ। ਦੂਸਰਾ ਪੰਜਾਬ ਵਿੱਚ ਤੇਜ਼ੀ ਫੜੀ ਜਾਂਦੀ ਗੈਂਗ-ਵਾਰ ਦਾ ਮੁੱਦਾ ਸੀ। ਤੀਸਰਾ ਮੁੱਦਾ ਉਹ ਸੀ, ਜਿਹੜਾ ਪਾਰਲੀਮੈਂਟ ਚੋਣਾਂ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਨੇ ਬੜੀ ਤੇਜ਼ੀ ਨਾਲ ਚੁੱਕਿਆ ਤੇ ਇਸ ਲਈ ਅੰਮ੍ਰਿਤਸਰ ਵਿੱਚ ਇੱਕ ਰੈਲੀ ਕਰਨ ਦਾ ਐਲਾਨ ਕਰਨ ਤੋਂ ਬਾਅਦ ਕੰਨੀ ਖਿਸਕਾ ਗਿਆ ਸੀ। ਨਸ਼ੀਲੇ ਪਦਾਰਥਾਂ ਦੀ ਪੰਜਾਬ ਵਿੱਚ ਬਹੁਤਾਤ ਅਤੇ ਪੰਜਾਬ ਦੀ ਜਵਾਨੀ ਦੇ ਜੜ੍ਹੀਂ ਬੈਠਦਾ ਜਾ ਰਿਹਾ ਇਹ ਮੁੱਦਾ ਅਕਾਲੀ-ਭਾਜਪਾ ਦੇ ਗੱਠਜੋੜ ਲਈ ਇੱਕ ਵੱਡੀ ਕੁੜੱਤਣ ਦਾ ਕਾਰਨ ਵੀ ਕਈ ਵਾਰ ਬਣ ਚੁੱਕਾ ਹੈ। ਇਹ ਸਾਰੇ ਮਾਮਲੇ ਗੰਭੀਰ ਸਨ ਤੇ ਅਗਲੇ ਦਿਨੀਂ ਲੋਕਾਂ ਵਿੱਚ ਜਾਣ ਲਈ ਇਨ੍ਹਾਂ ਦੀ ਗੱਲ ਕਦੇ ਨਾ ਕਦੇ ਕਰਨੀ ਪੈਣੀ ਸੀ।
ਭਾਜਪਾ ਦੇ ਪੰਜਾਬ ਦੇ ਲੀਡਰਾਂ ਮੂਹਰੇ ਇੱਕ ਮੁੱਦਾ ਹੋਰ ਬੜੇ ਚਿਰ ਦਾ ਸਿਰ ਉਠਾਈ ਖੜਾ ਹੈ ਕਿ ਅਕਾਲੀ ਦਲ ਦੇ ਆਗੂ ਆਪਣਾ ਗੱਠਜੋੜ ਦਾ ਧਰਮ ਨਿਭਾਉਣ ਦੀ ਥਾਂ ਭਾਜਪਾ ਨੂੰ ਲਗਾਤਾਰ ਢਾਹ ਲਾ ਕੇ ਇਸ ਦੇ ਹੇਠਲੇ ਪੱਧਰ ਦੇ ਆਗੂਆਂ ਨੂੰ ਆਪਣੇ ਨਾਲ ਮਿਲਾਈ ਜਾਂਦੇ ਹਨ। ਇਹ ਰੋਸਾ ਬੜਾ ਪੁਰਾਣਾ ਹੈ। ਅਮਰਿੰਦਰ ਸਿੰਘ ਵਾਲੀ ਸਰਕਾਰ ਦੇ ਬਾਅਦ ਜਦੋਂ ਮੁੱਖ ਮੰਤਰੀ ਬਾਦਲ ਤੀਸਰੀ ਵਾਰੀ ਇਸ ਅਹੁਦੇ ਉੱਤੇ ਆਏ ਅਤੇ ਸ਼ਹਿਰਾਂ ਦੇ ਨਗਰ ਨਿਗਮਾਂ ਅਤੇ ਕੌਂਸਲਾਂ ਦੀ ਚੋਣ ਕਰਵਾਈ ਗਈ ਤਾਂ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਫਲਾਣੇ ਥਾਂ ਮੇਅਰ ਦਾ ਅਹੁਦਾ ਭਾਜਪਾ ਦਾ ਤੇ ਫਲਾਣੇ ਥਾਂ ਅਕਾਲੀ ਦਲ ਦਾ ਹੋਵੇਗਾ। ਜਲੰਧਰ ਵਿੱਚ ਅਕਾਲੀ ਦਲ ਨੇ ਜਿਹੜੀਆਂ ਸੀਟਾਂ ਭਾਜਪਾ ਲਈ ਛੱਡੀਆਂ ਸਨ, ਓਥੇ ਭਾਜਪਾ ਦੇ ਬਾਗ਼ੀਆਂ ਨੂੰ ਮਦਦ ਦੇ ਕੇ ਜਿਤਾਇਆ ਤੇ ਫਿਰ ਅਕਾਲੀ ਦਲ ਵਿੱਚ ਸ਼ਾਮਲ ਕਰ ਲਿਆ। ਅਕਾਲੀ ਦਲ ਦੇ ਭਾਜਪਾ ਤੋਂ ਦੋ ਕੌਂਸਲਰ ਘੱਟ ਸਨ, ਪਰ ਭਾਜਪਾ ਦੇ ਚਾਰ ਬਾਗ਼ੀ ਨਾਲ ਜੋੜ ਕੇ ਆਪਣੇ ਉਸ ਤੋਂ ਦੋ ਵੱਧ ਕੀਤੇ ਅਤੇ ਇਹ ਦਾਅਵਾ ਕਰ ਦਿੱਤਾ ਕਿ ਮੇਅਰ ਹੁਣ ਸਾਡਾ ਬਣੇਗਾ। ਇਸ ਤੋਂ ਬੜਾ ਰੱਫੜ ਪੈ ਗਿਆ ਸੀ। ਫਿਰ ਗੱਲ ਮੁੱਖ ਮੰਤਰੀ ਬਾਦਲ ਤੱਕ ਪਹੁੰਚੀ ਸੀ। ਬਾਦਲ ਸਾਹਿਬ ਜਲੰਧਰ ਆਏ ਤੇ ਇਹ ਐਲਾਨ ਕੀਤਾ ਕਿ ਭਾਜਪਾ ਦੇ ਜਿਹੜੇ ਬਾਗ਼ੀ ਕੌਂਸਲਰ ਸਾਡੇ ਵਿੱਚ ਆਏ ਸਨ, ਬਾਹਰ ਕੀਤੇ ਜਾਂਦੇ ਹਨ। ਇਸ ਦੇ ਆਸਰੇ ਅਗਲੇ ਕਈ ਸਾਲ ਲੰਘ ਗਏ, ਪਰ ਪਿਛਲੇ ਸਾਲ ਦੇ ਦੌਰਾਨ ਕਈ ਸ਼ਹਿਰਾਂ ਵਿੱਚੋਂ ਭਾਜਪਾ ਨਾਲ ਥੋੜ੍ਹਾ ਕੁ ਮੱਤਭੇਦ ਰੱਖਣ ਵਾਲੇ ਬੰਦੇ ਲੱਭ ਕੇ ਫਿਰ ਅਕਾਲੀ ਦਲ ਵਿੱਚ ਮਿਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ।
ਕੱਲ੍ਹ ਜਦੋਂ ਭਾਜਪਾ ਦੇ ਆਗੂ ਆਪਣੇ ਕੇਂਦਰੀ ਮੰਤਰੀ ਅਤੇ ਪੰਜਾਬ ਦੇ ਮੁਖੀ ਵਿਜੇ ਸਾਂਪਲਾ ਦੀ ਅਗਵਾਈ ਹੇਠ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਤਾਂ ਇਹ ਸਾਰੇ ਮੁੱਦੇ ਉਠਾਏ ਸਨ। ਬਹੁਤਾ ਜ਼ੋਰ ਇਸ ਮੁੱਦੇ ਦੀ ਚਰਚਾ ਕਰਨ ਲਈ ਰੱਖਿਆ ਸੀ ਕਿ ਸਾਡੇ ਬੰਦੇ ਅਕਾਲੀ ਦਲ ਦੇ ਆਗੂ ਤੋੜ ਕੇ ਆਪਣੇ ਨਾਲ ਮਿਲਾਈ ਜਾ ਰਹੇ ਹਨ। ਮੁੱਖ ਮੰਤਰੀ ਨੇ ਹਰ ਗੱਲ ਤਿਲਕਾਉਣ ਦੀ ਆਪਣੀ ਕਲਾ ਵਰਤਣੀ ਜਾਰੀ ਰੱਖੀ। ਇਸ ਦੇ ਸਿੱਟੇ ਵਜੋਂ ਓਥੇ ਹੋਈ ਮੀਟਿੰਗ ਨੂੰ ਭਾਜਪਾ ਦਾ ਹਰ ਛੋਟਾ ਜਾਂ ਵੱਡਾ ਆਗੂ ਬੜੀ ਕਾਮਯਾਬ ਤਾਂ ਕਹੀ ਜਾ ਰਿਹਾ ਹੈ, ਪਰ ਇਸ ਵਿੱਚ ਗੱਲ ਕਿਹੜੀ ਸਿਰੇ ਲੱਗੀ, ਕੋਈ ਇੱਕ ਵੀ ਆਗੂ ਨਹੀਂ ਦੱਸ ਰਿਹਾ। ਜਿੰਨੀ ਕੁ ਗੱਲ ਅਖ਼ਬਾਰਾਂ ਵਿੱਚੋਂ ਪਤਾ ਲੱਗੀ ਕਹਿ ਸਕਦੇ ਹਾਂ, ਉਹ ਸਿਰਫ਼ ਇਹ ਹੈ ਕਿ ਭਾਜਪਾ ਆਗੂ ਇਸ ਗੱਲੋਂ ਹੀ ਬਹੁਤ ਸੰਤੁਸ਼ਟ ਹਨ ਕਿ ਮੁੱਖ ਮੰਤਰੀ ਨਾਲ ਸਾਡੀ ਗੱਲਬਾਤ ਸੁਖਾਵੇਂ ਮਾਹੌਲ ਵਿੱਚ ਹੋਈ ਹੈ ਤੇ ਉਨ੍ਹਾ ਨੇ ਠੰਢੇ ਮਨ ਨਾਲ ਸਾਰਾ ਕੁਝ ਸੁਣਿਆ ਹੈ।
ਜਿਹੜੇ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਣ ਦੀ ਭਾਜਪਾ ਦੇ ਆਗੂ ਤਸੱਲੀ ਪ੍ਰਗਟ ਕਰ ਰਹੇ ਹਨ, ਏਦਾਂ ਦਾ ਸੁਖਾਵਾਂ ਮਾਹੌਲ ਤਾਂ ਮੁੱਖ ਮੰਤਰੀ ਬਾਦਲ ਨੂੰ ਸੱਤ-ਬਿਗਾਨੇ ਨਾਲ ਰੱਖਣਾ ਵੀ ਆਉਂਦਾ ਹੈ, ਗੱਠਜੋੜ ਦੀ ਇਸ ਇਕਲੌਤੀ ਭਾਈਵਾਲ ਪਾਰਟੀ ਦੇ ਪੱਲੇ ਉਸ ਨੇ ਕੁਝ ਵੀ ਨਹੀਂ ਪਾਇਆ। ਇਹ ਗਏ ਬੜੀ ਤੇਜ਼ੀ ਨਾਲ ਸਨ ਅਤੇ ਮਿੱਠਾ-ਮਿੱਠਾ ਜਿਹਾ ਰੋਸ ਕਰ ਕੇ ਪਰਤਦੇ ਹੋਏ ਕਹੀ ਜਾਂਦੇ ਹਨ ਕਿ 'ਚਲੋ ਏਨਾ ਹੀ ਸਹੀ'।