ਭਾਜਪਾ ਕੌਂਸਲਰ ਨੇ ਆਪ ਦੇ ਕੌਂਸਲਰ ਦੇ ਥੱਪੜ ਮਾਰਿਆ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਅੰਦੋਲਨ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਲਈ ਮਸ਼ਹੂਰ ਦਿੱਲੀ ਦੇ ਰਾਮ ਲੀਲ੍ਹਾ ਮੈਦਾਨ 'ਚ ਵੀਰਵਾਰ ਨੂੰ ਸਿਆਸੀ ਲੀਲ੍ਹਾ ਦੇਖਣ ਨੂੰ ਮਿਲੀ। ਰਾਮ ਲੀਲ੍ਹਾ ਮੈਦਾਨ 'ਚ ਦਿੱਲੀ ਦੀਆਂ ਤਿੰਨਾਂ ਨਗਰ ਨਿਗਮਾਂ ਦਾ ਵਿਸ਼ੇਸ਼ ਸੈਸ਼ਨ ਚੱਲ ਰਿਹਾ ਸੀ, ਉਥੇ ਦੇਖਦੇ ਹੀ ਦੇਖਦੇ ਹੰਗਾਮਾ ਹੋ ਗਿਆ। ਗੱਲ ਏਨੀ ਵਧ ਗਈ ਕਿ ਆਪ ਅਤੇ ਭਾਜਪਾ ਦੇ ਕੌਂਸਲਰ ਹੱਥੋਪਾਈ 'ਤੇ ਉਤਰ ਆਏ।
ਤਕਰਾਰਬਾਜ਼ੀ ਦੌਰਾਨ ਭਾਜਪਾ ਦੇ ਕੌਂਸਲਰ ਨੇ ਆਮ ਆਦਮੀ ਪਾਰਟੀ ਦੇ ਕੌਂਸਲਰ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਹ ਸਾਰਾ ਹੰਗਾਮਾ ਆਮ ਆਦਮੀ ਪਾਰਟੀ ਦੀ ਟੋਪੀ ਨੂੰ ਲੈ ਕੇ ਸ਼ੁਰੂ ਹੋਇਆ। ਆਪ ਦੇ ਕੌਂਸਲਰ ਰਾਕੇਸ਼ ਆਮ ਆਦਮੀ ਪਾਰਟੀ ਦੀ ਟੋਪੀ ਪਾ ਕੇ ਆਏ ਸਨ। ਸੈਸ਼ਨ 'ਚ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਟੋਪੀ ਉਤਾਰਨ ਲਈ ਕਿਹਾ, ਏਸੇ ਦੌਰਾਨ ਕੁਝ ਕੌਂਸਲਰਾਂ ਨੇ ਉਸ ਦੀ ਟੋਪੀ ਲਾਹ ਦਿੱਤੀ, ਜਿਸ ਤੋਂ ਬਾਅਦ ਹੱਥੋਪਾਈ ਸ਼ੁਰੂ ਹੋ ਗਈ।
ਏਸੇ ਦੌਰਾਨ ਭਾਜਪਾ ਦੇ ਕੌਂਸਲਰ ਨੀਰਜ ਕੁਮਾਰ ਨੇ ਰਾਕੇਸ਼ ਕੁਮਾਰ ਦੇ ਥੱਪੜ ਮਾਰ ਦਿੱਤਾ।
ਇਸ ਮਾਮਲੇ ਬਾਰੇ ਸਫ਼ਾਈ ਦਿੰਦਿਆਂ ਭਾਜਪਾ ਨੇ ਕਿਹਾ ਹੈ ਕਿ ਆਪ ਦੇ ਕੌਂਸਲਰ ਵੱਲੋਂ ਮਾੜੇ ਬੋਲ ਬੋਲੇ ਜਾਣ ਕਾਰਨ ਮਾਰਕੁਟ ਦੀ ਨੌਬਤ ਆਈ ਸੀ।