ਬੇਹਿਸਾਬੀ ਜਾਇਦਾਦ ਮਾਮਲੇ 'ਚ ਵੀਰਭੱਦਰ ਕੋਲੋਂ ਪੁੱਛਗਿੱਛ

ਸ਼ਿਮਲਾ (ਨਵਾਂ ਜ਼ਮਾਨਾ ਸਰਵਿਸ)
ਬੇਹਿਸਾਬੀ ਜਾਇਦਾਦ ਦੇ ਮਾਮਲੇ 'ਚ ਮੁੱਖ ਮੰਤਰੀ ਵੀਰਭੱਦਰ ਸਿੰਘ ਵੀਰਵਾਰ ਸਵੇਰੇ ਸੀ ਬੀ ਆਈ ਅੱਗੇ ਪੇਸ਼ ਹੋਏ। ਸੀ ਬੀ ਆਈ ਅਧਿਕਾਰੀਆਂ ਨੇ ਉਨ੍ਹਾ ਕੋਲੋਂ ਗਿਆਤ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਬਾਰੇ ਪੁੱਛਗਿੱਛ ਕੀਤੀ। ਇਸ ਮਾਮਲੇ 'ਚ ਮੁੱਖ ਮੰਤਰੀ ਸੀ ਬੀ ਆਈ ਅੱਗੇ ਪਹਿਲੀ ਵਾਰ ਪੇਸ਼ ਹੋਏ ਹਨ। ਸੀ ਬੀ ਆਈ ਜਾਂਚ ਅਧਿਕਾਰੀਆਂ ਨੇ ਬੇਹਿਸਾਬੀ ਜਾਇਦਾਦ ਦਾ ਅਮਲਾ ਦਰਜ ਹੋਣ ਤੋਂ ਬਾਅਦ ਵੀਰਭੱਦਰ ਸਿੰਘ ਕੋਲੋਂ ਪੁੱਛਗਿੱਛ ਲਈ ਸੁਆਲਾਂ ਦੀ ਲੰਮੀ ਸੂਚੀ ਤਿਆਰ ਕੀਤੀ ਸੀ।
ਵੀਰਭੱਦਰ ਸਿੰਘ ਲੱਗਭੱਗ 11 ਵਜੇ ਨਵੀਂ ਦਿੱਲੀ ਸਥਿਤ ਸੀ ਬੀ ਆਈ ਹੈੱਡ ਕੁਆਰਟਰ ਪਹੁੰਚੇ। ਜਾਂਚ ਏਜੰਸੀ ਨੇ ਵੀਰਭੱਦਰ ਵਿਰੁੱਧ 6 ਕਰੋੜ ਤੋਂ ਵੱਧ ਰਕਮ ਦੀ ਆਮਦਨ ਦੇ ਗਿਆਤ ਸਰੋਤਾਂ ਤੋਂ ਵੱਧ ਹੋਣ ਦਾ ਅਮਲਾ ਦਰਜ ਕੀਤਾ ਹੈ। ਵੀਰਭੱਦਰ 'ਤੇ ਇਹ ਰਕਮ 2009 ਤੋਂ 2011 ਵਿਚਕਾਰ ਇਸਪਾਤ ਮੰਤਰੀ ਰਹਿੰਦਿਆਂ ਜਮ੍ਹਾਂ ਕਰਨ ਦਾ ਦੋਸ਼ ਹੈ।