ਬਲਾਤਕਾਰੀ ਬਾਲਗ੍ਰਹਿ ਮੁਖੀ ਗ੍ਰਿਫ਼ਤਾਰ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਜਪਤ ਨਗਰ 'ਚ ਇੱਕ ਬਾਲ ਗ੍ਰਹਿ ਦੇ ਮੁਖੀ ਨੂੰ ਉਥੇ ਰਹਿਣ ਵਾਲੀਆਂ 10 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਨ ਅਤੇ ਆਪਣੀਆਂ ਹਰਕਤਾਂ ਦਾ ਵੀਡੀਓ ਬਣਾਉਣ ਦੇ ਦੋਸ਼ ਲੱਗਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਸ ਦੇ ਸੀਨੀਅਰ ਅਧਿਕਾਰੀ ਸਤੀਸ਼ ਜੈਨ ਨੇ ਦਸਿਆ ਹੈ ਕਿ ਰਾਮ ਸਹਾਏ ਮੀਣਾ ਲਾਜਪਤ ਨਗਰ ਦੇ ਸਰਕਾਰੀ ਬਾਲ ਗ੍ਰਹਿ ਦਾ ਮੁਖੀ ਹੈ ਅਤੇ ਇਸ ਬਾਲ ਗ੍ਰਹਿ 'ਚ ਮੰਗਤਿਆਂ ਤੋਂ ਛੁਡਾਈਆਂ ਗਈਆਂ ਬੱਚੀਆਂ ਨੂੰ ਰੱਖਿਆ ਜਾਂਦਾ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਮੀਣਾ ਨੇ ਬੱਚੀਆਂ ਨਾਲ ਜਬਰ-ਜ਼ਨਾਹ ਕੀਤਾ, ਮੋਬਾਇਲ ਫ਼ੋਨ ਨਾਲ ਇਹਨਾਂ ਹਰਕਤਾ ਦੀ ਵੀਡੀਓ ਬਣਾਈ ਅਤੇ ਸੈਲਫ਼ੀ ਵੀ ਲਈ। ਉਨ੍ਹਾ ਦਸਿਆ ਕਿ ਦਿੱਲੀ ਸਰਕਾਰ ਦੇ ਇੱਕ ਅਫ਼ਸਰ ਵੱਲੋਂ ਸ਼ਿਕਾਇਤ ਕੀਤੇ ਜਾਣ ਤੋਂ ਬਾਅਦ ਲਾਜਪਤ ਨਗਰ ਸਥਿਤ ਬਾਲ ਗ੍ਰਹਿ ਦੇ ਮੁਖੀ ਮੀਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਦੇ ਮਹਿਲਾ ਤੇ ਬਾਲ ਭਲਾਈ ਮੰਤਰੀ ਸੰਦੀਪ ਕੁਮਾਰ ਦੇ ਹੁਕਮਾਂ 'ਤੇ ਬਾਲ ਗ੍ਰਹਿ ਦੇ ਇੱਕ ਹੋਰ ਮੁਲਾਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਬਾਲ ਗ੍ਰਹਿ 'ਚ ਰਹਿ ਰਹੀਆਂ ਬੱਚੀਆਂ ਦੀ ਉਮਰ 10 ਸਾਲ ਤੋਂ ਘੱਟ ਹੈ। ਬੱਚੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਮੀਣਾ ਉਨ੍ਹਾ ਨਾਲ ਜਬਰ-ਜ਼ਨਾਹ ਕਰਦਾ ਹੈ ਅਤੇ ਇਹਨਾ ਹਰਕਤਾਂ ਦੀ ਵੀਡੀਓ ਵੀ ਬਣਾਉਂਦਾ ਹੈ।