Latest News
ਮੋਦੀ ਨੇ ਦੇਸ਼ ਦੇ ਅਰਥਚਾਰੇ ਨੂੰ ਮੁੜ ਲੀਹ 'ਤੇ ਪਾਇਆ : ਹਰਸ਼ਵਰਧਨ

Published on 09 Jun, 2016 09:47 AM.


ਸਾਹਿਬਜ਼ਾਦਾ ਅਜੀਤ ਸਿੰਘ ਨਗਰ
(ਗੁਰਜੀਤ ਬਿੱਲਾ)
ਪਿਛਲੇ ਦੋ ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ.ਡੀ.ਏ ਦੀ ਸਰਕਾਰ ਨੇ ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਦੇਸ਼ ਦੀ ਲੀਹੋਂ ਲੱਥੀ ਅਰਥ-ਵਿਵਸਥਾ ਨੂੰ ਮੁੜ ਲੀਹਾਂ 'ਤੇ ਪਾਇਆ ਹੈ ਅਤੇ ਭਾਰਤ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ-ਵਿਵਸਥਾ ਲਈ ਚਮਕਦੇ ਸਿਤਾਰੇ ਵਾਂਗ ਹੈ। ਇਸ ਗੱਲ ਦੀ ਜਾਣਕਾਰੀ ਕੇਂਦਰੀ ਸਾਇੰਸ ਅਤੇ ਟੈਕਨਾਲੋਜੀ ਮੰਤਰੀ ਡਾ. ਹਰਸ਼ਵਰਧਨ ਨੇ ਐਮ.ਆਈ.ਏ. ਭਵਨ ਵਿਖੇ ਕੇਂਦਰ ਸਰਕਾਰ ਦੀਆਂ ਦੋ ਸਾਲ ਦੀਆਂ ਪ੍ਰਾਪਤੀਆਂ ਦਾ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਦੱਸਿਆ ਕਿ ਪਿਛਲੇ ਦੋ ਸਾਲਾਂ ਵਿਚ ਦੇਸ਼ ਲਗਾਤਾਰ ਤਰੱਕੀ ਵੱਲ ਵਧਿਆ ਹੈ ਅਤੇ ਵਿਸ਼ਵ ਪੱਧਰ 'ਤੇ ਹੁਣ ਭਾਰਤ ਨੇ ਆਪਣੀ ਨਿਵੇਕਲੀ ਪਛਾਣ ਬਣਾਈ ਹੈ ਅਤੇ ਹੁਣ ਸਾਡਾ ਮੁਲਕ ਦੁਨੀਆ ਦਾ ਵਿਦੇਸ਼ੀ ਨਿਵੇਸ਼ ਕਰਨ ਲਈ ਸਭ ਤੋਂ ਅਕਰਸ਼ਿਕ ਰਾਸ਼ਟਰ ਬਣ ਗਿਆ ਹੈ। ਡਾ. ਹਰਸ਼ਵਰਧਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੀ ਤਰੱਕੀ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਬਹੁਤ ਸਾਰੀਆਂ ਯੋਜਨਾਵਾਂ ਬਣਾ ਕੇ ਉਨਾਂ੍ਹ ਨੂੰ ਅਮਲੀ ਜਾਮਾ ਪਹਿਨਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਸਕੀਮਾ ਜਿਨਾਂ੍ਹ ਵਿਚ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਦੀਨਦਿਆਲ ਉਪਾਧਿਆ ਗਰਾਮ ਜਯੋਤੀ ਯੋਜਨਾ ਆਦਿ ਦਾ ਲਾਭ ਹੇਠਲੇ ਪੱਧਰ ਤੱਕ ਲੋਕਾਂ ਨੂੰ ਮਿਲਿਆ ਹੈ। ਉਨਾਂ੍ਹ ਦੱਸਿਆ ਕਿ ਜਨ ਧਨ ਯੋਜਨਾ ਤਹਿਤ ਦੇਸ਼ ਦੇ 22 ਕਰੋੜ ਲੋਕਾਂ ਦੇ ਖਾਤੇ ਖੋਲ੍ਹੇ ਗਏ ਹਨ। ਮੁਦਰਾ ਯੋਜਨਾ ਤਹਿਤ 3 ਕਰੋੜ 50 ਲੱਖ ਲੋੜਵੰਦ ਔਰਤਾਂ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਹੁਣ ਤੱਕ 1 ਲੱਖ 34 ਹਜ਼ਾਰ ਕਰੋੜ ਰੁਪਏ ਦਾ ਬਿਨਾਂ ਗਰੰਟੀ ਤੋਂ ਮੁਹੱਈਆ ਕਰਵਾਇਆ ਗਿਆ ਹੈ ਅਤੇ ਦੇਸ਼ ਵਿਚ ਆਪਣੇ ਪੱਧਰ 'ਤੇ ਰੋਸਈ ਗੈਸ ਸਬ ਸਿਡੀ ਛੱਡਣ ਨਾਲ ਦੇਸ਼ ਵਿਚ ਚੁੱਲ੍ਹਾ ਬਾਲਣ ਵਾਲੇ 5 ਕਰੋੜ ਘਰਾਂ ਨੂੰ ਗੈਸ ਕੁਨੈਕਸ਼ਨ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਤਹਿਤ ਹੁਣ ਤੱਕ ਦੇਸ਼ 'ਚ 1 ਕਰੋੜ 92 ਲੱਖ ਪਾਖਾਨੇ ਬਣਾਏ ਗਏ ਹਨ ਅਤੇ 4.50 ਲੱਖ ਸਕੂਲਾਂ ਵਿਚ ਲੜਕੀਆਂ ਦੀ ਸਹੂਲਤ ਲਈ ਪਾਖਾਨੇ ਉਸਾਰੇ ਗਏ ਹਨ। ਉਨਾਂ੍ਹ ਹੋਰ ਦੱਸਿਆ ਕਿ ਕੇਂਦਰੀ ਸਕੀਮਾਂ ਦੇ ਲਾਭ ਪਾਤਰੀਆਂ ਦੀ ਸਬਸਿਡੀ ਸਿੱਧੇ ਤੌਰ 'ਤੇ ਉਨਾਂ੍ਹ ਦੇ ਬੈਂਕ ਖਾਤਿਆਂ ਵਿਚ ਜਾਣ ਨਾਲ 36.50 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਈ ਹੈ। ਕੇਂਦਰੀ ਮੰਤਰੀ ਨੇ ਅੱਗੋਂ ਕਿਹਾ ਕਿ ਦੇਸ਼ ਦੇ ਹਰ ਪਿੰਡ ਨੂੰ ਇੰਟਰਨੈੱਟ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ ਅਤੇ 2.50 ਲੱਖ ਪੰਚਾਇਤਾਂ ਨੂੰ ਇੰਟਰਨੈੱਟ ਨਾਲ ਜੋੜਿਆ ਜਾਵੇਗਾ। ਉਨਾਂ੍ਹ ਹੋਰ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ 6 ਹਜ਼ਾਰ ਕਿਲੋਮੀਟਰ ਹਾਈ ਵੇ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਸਾਲ 2019 ਤੱਕ ਪਿੰਡਾਂ 'ਚ 2 ਲੱਖ 23 ਹਜ਼ਾਰ ਕਿਲੋਮੀਟਰ ਸੜਕਾਂ ਬਣਾਈਆਂ ਜਾਣਗੀਆਂ । ਕਾਂਗਰਸ ਸਰਕਾਰ ਵੇਲੇ ਦੇ ਅਟਕੇ ਹੋਏ 300 ਪ੍ਰਾਜੈਕਟਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਗਿਆ ਹੈ। ਉਨਾਂ੍ਹ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਦੇਸ਼ ਨੂੰ ਰੇਲਵੇ ਕਰਾਸਿੰਗ ਮੁਕਤ ਬਣਾ ਦਿੱਤਾ ਜਾਵੇਗਾ। ਕੇਂਦਰੀ ਮੰਤਰੀ ਨੇ ਦੱਸਿਆ ਕਿ ਕਿਸਾਨਾਂ ਦੀ ਭਲਾਈ ਲਈ 35 ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ । 20 ਹਜ਼ਾਰ ਕਰੋੜ ਰੁਪਏ ਸਿੰਚਾਈ ਸਹੂਲਤਾਂ ਲਈ ਰੱਖੇ ਗਏ ਹਨ। ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਤਹਿਤ ਕਿਸਾਨਾਂ ਦੀ ਫਸਲ ਦਾ 30 ਫੀਸਦੀ ਖ਼ਰਾਬਾ ਹੋਣ 'ਤੇ ਵੀ ਮੁਆਵਜ਼ਾ ਦਿੱਤਾ ਜਾਵੇਗਾ। ਉਨਾਂ੍ਹ ਹੋਰ ਦੱਸਿਆ ਕਿ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵੱਲੋਂ 11.50 ਮਿਲੀਅਨ ਕਿਸਾਨਾਂ ਨੂੰ ਟੈਲੀਫੋਨ ਤੇ ਐਸ.ਐਮ.ਐਸ ਰਾਹੀਂ ਮੌਸਮ, ਫਸਲਾਂ ਆਦਿ ਦੀ ਕਾਸ਼ਤ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਦੇਸ਼ ਦੇ 2 ਕਰੋੜ ਕਿਸਾਨਾਂ ਨੂੰ ਸੁਆਇਲ ਹੈਲਥ ਕਾਰਡ ਬਣਾ ਕੇ ਦਿੱਤੇ ਗਏ ਹਨ ਅਤੇ 14 ਕਰੋੜ ਕਿਸਾਨਾਂ ਨੂੰ ਹੋਰ ਦਿੱਤੇ ਜਾਣਗੇ। ਉਨਾਂ੍ਹ ਦੱਸਿਆ ਕਿ ਹੁਨਰ ਸਿਖਲਾਈ ਸਕੀਮ ਅਧੀਨ ਹੁਣ ਤੱਕ 20 ਲੱਖ ਨੌਜਵਾਨਾਂ ਨੂੰ ਹੁਨਰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਉਨਾਂ੍ਹ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦੇਸ਼ ਦੇ ਵਿਕਾਸ 'ਚ ਲੋਕਾਂ ਨੂੰ ਅਤੇ ਮੀਡੀਏ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਸਾਡਾ ਮੁਲਕ ਵਿਸ਼ਵ ਦਾ ਵਿਕਾਸ ਪੱਖੋਂ ਮੋਹਰੀ ਦੇਸ਼ ਬਣ ਸਕੇ।
ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣੀ ਸਰਕਾਰ ਦੇ ਦੋ ਸਾਲ ਪੂਰੇ ਹੋਣ 'ਤੇ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਲੋਕਾਂ ਦੀ ਕਚਹਿਰੀ ਵਿਚ ਰੱਖਣ ਲਈ ਦੇਸ਼ 'ਚ 200 ਵੱਖ-ਵੱਖ ਥਾਵਾਂ 'ਤੇ ਮੀਟਿੰਗਾਂ ਅਯੋਜਿਤ ਕੀਤੀਆਂ ਜਾ ਰਹੀਆਂ ਹਨ, ਜਿਸ ਲਈ 33 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨਾਂ੍ਹ ਮੀਟਿੰਗਾਂ ਵਿਚ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਨਾਲ-ਨਾਲ ਜੋ ਕੁਝ ਆਉਣ ਵਾਲੇ ਸਮੇਂ ਵਿਚ ਕਰਨ ਦੀ ਲੋੜ ਹੈ। ਲੋਕਾਂ ਦੀਆਂ ਇੱਛਾਵਾਂ ਮੁਤਾਬਕ ਕੀਤੇ ਜਾਣ ਵਾਲੇ ਕੰਮਾਂ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਇਸ ਮੌਕੇ ਭਾਜਪਾ ਦੇ ਕੌਮੀ ਸਕੱਤਰ ਮਹਿੰਦਰ ਸਿੰਘ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਭਗਤ ਸਿੰਘ ਕੋਸ਼ਿਆਰੀ, ਸਾਬਕਾ ਮੰਤਰੀ ਰਾਜ ਖੁਰਾਣਾ, ਭਾਜਪਾ ਦੇ ਸੀਨੀਅਰ ਆਗੂ ਸ੍ਰੀ ਦਿਨੇਸ਼, ਸ੍ਰੀ ਸੁਖਵਿੰਦਰ ਸਿੰਘ ਗੋਲਡੀ, ਖੁਸ਼ਵੰਤ ਰਾਏ ਗੀਗੇ, ਜ਼ਿਲਾ੍ਹ ਪ੍ਰਧਾਨ ਭਾਜਪਾ ਸ੍ਰੀ ਸੁਸੀਲ ਰਾਣਾ, ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਕਾਹਲੋਂ, ਸਾਬਕਾ ਪ੍ਰਧਾਨ ਜਸਵੰਤ ਸਿੰਘ ਭੁੱਲਰ, ਕੌਸਲਰ ਸ੍ਰੀ ਬੌਬੀ ਕੰਬੋਜ, ਸੈਂਬੀ ਆਨੰਦ, ਕਮਲਜੀਤ ਸਿੰਘ ਰੂਬੀ, ਸ੍ਰੀ ਅਰੁਣ ਸ਼ਰਮਾ, ਸ੍ਰੀ ਆਸ਼ੋਕ ਝਾ, ਐਮ.ਆਈ.ਏ ਦੇ ਪ੍ਰਧਾਨ ਰਾਜੀਵ ਵਸ਼ਿਸ਼ਟ ਅਤੇ ਭਾਜਪਾ ਦੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਇਸ ਤੋਂ ਉਪਰੰਤ ਡਾ. ਹਰਸ਼ਵਰਧਨ ਨੇ ਬੁਧੀਜੀਵੀਆਂ ਨਾਲ ਮੀਟਿੰਗ ਵੀ ਕੀਤੀ।

791 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper