ਟਾਪਰਜ਼ ਘੁਟਾਲਆ ਮੁੱਖ ਦੋਸ਼ੀ ਬੱਚਾ ਰਾਏ ਗ੍ਰਿਫ਼ਤਾਰ


ਪਟਨਾ (ਨਵਾਂ ਜ਼ਮਾਨਾ ਸਰਵਿਸ)
ਬਿਹਾਰ ਪੁਲਸ ਨੇ ਬਹੁ-ਚਰਚਿਤ ਟਾਪਰਜ਼ ਘੁਟਾਲੇ ਦੇ ਮੁੱਖ ਦੋਸ਼ੀ ਬੱਚਾ ਰਾਏ ਨੂੰ ਵੈਸ਼ਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਪੂਰੀ ਸਰਗਰਮੀ ਨਾਲ ਬੱਚਾ ਰਾਏ ਦੀ ਭਾਲ ਕਰ ਰਹੀ ਸੀ ਅਤੇ ਉਹ ਅੱਜ ਅਦਾਲਤ 'ਚ ਆਤਮ-ਸਮੱਰਪਣ ਲਈ ਆਇਆ ਤਾਂ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਬੱਚਾ ਰਾਏ ਵਿਸ਼ੁਨ ਰਾਏ ਕਾਲਜ ਦਾ ਪ੍ਰਿੰਸੀਪਲ ਹੈ। ਪਤਾ ਚੱਲਿਆ ਹੈ ਕਿ ਬੱਚਾ ਰਾਏ ਪੁਲਸ ਨੂੰ ਚਕਮਾ ਦੇ ਕੇ ਆਤਮ ਸਮੱਰਪਣ ਕਰਨ ਲਈ ਆਇਆ ਸੀ, ਪਰ ਪੁਲਸ ਨੂੰ ਸੂਹ ਮਿਲ ਗਈ ਅਤੇ ਪੁਲਸ ਨੇ ਉਸ ਨੂੰ ਆਤਮ ਸਮੱਰਪਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ। ਪੁਲਸ ਉਸ ਦੀ ਸਰਗਰਮੀ ਨਾਲ ਭਾਲ ਕਰ ਰਹੀ ਸੀ ਅਤੇ ਪੁਲਸ ਨੇ ਉਸ ਦੇ ਕਈ ਟਿਕਾਣਿਆਂ 'ਤੇ ਛਾਪੇ ਮਾਰੇ ਸਨ ਅਤੇ ਉਸ ਦੇ ਸੰਬੰਧ 'ਚ ਕਈ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਸੀ।
ਗ੍ਰਿਫ਼ਤਾਰੀ ਮਗਰੋਂ ਬੱਚਾ ਰਾਏ ਨੇ ਕਿਹਾ ਕਿ ਉਹ ਬੇਕਸੂਰ ਹੈ ਅਤੇ ਲਾਰਕੇਸ਼ਵਰ ਦਾ ਵੀ ਇਸ ਮਾਮਲੇ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾ ਕਿਹਾ ਕਿ ਉਸ ਨੂੰ ਇਸ ਮਾਮਲੇ 'ਚ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਆਰ ਜੇ ਡੀ ਵਿਧਾਇਕ ਸੁਬੋਧ ਰਾਏ ਨੇ ਦੋਸ਼ ਲਾਇਆ ਸੀ ਕਿ ਬੱਚਾ ਰਾਏ ਵਿਦਿਆਰਥੀਆਂ ਨੂੰ ਟਾਪ ਕਰਵਾਉਣ ਬਦਲੇ ਮੋਟੀਆਂ ਰਕਮਾਂ ਲੈਂਦਾ ਸੀ ਅਤੇ ਵਿਦਿਆਰਥੀਆਂ ਨੂੰ ਉਨ੍ਹਾ ਦੇ ਸਰਟੀਫਿਕੇਟ ਵੀ ਪੈਸੇ ਲੈ ਕੇ ਦਿੱਤੇ ਜਾਂਦੇ ਸਨ।