ਆਈ ਐੱਸ ਦਾ ਕਸ਼ਮੀਰ 'ਚ ਇਸਲਾਮੀ ਰਾਜ ਦਾ ਸੁਪਨਾ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇਸਲਾਮਿਕ ਸਟੇਟ (ਆਈ ਐੱਸ ਆਈ ਐੱਸ) ਕਸ਼ਮੀਰ ਵਿੱਚ ਇਸਲਾਮੀ ਰਾਜ ਦੇ ਸੁਪਨੇ ਦੇਖ ਰਿਹਾ ਹੈ ਅਤੇ ਉਹ ਚਾਹੁੰਦਾ ਹੈ ਕਿ ਕਸ਼ਮੀਰ ਵਿੱਚ ਭਾਰਤ ਜਾਂ ਪਾਕਿਸਤਾਨ ਦਾ ਨਹੀਂ ਸਗੋਂ ਖਲੀਫਾ ਦਾ ਰਾਜ ਚੱਲੇ। ਕੌਮੀ ਜਾਂਚ ਏਜੰਸੀ (ਆਈ ਐੱਨ ਏ) ਨੇ ਆਪਣੀ ਚਾਰਜਸ਼ੀਟ ਵਿੱਚ ਆਈ ਐੱਸ ਦੇ ਮੈਂਬਰ ਵੱਲੋਂ ਵੈੱਬ 'ਤੇ ਕੀਤੀ ਗਈ ਚੈਟ ਦੇ ਹਵਾਲੇ ਨਾਲ ਉਨ੍ਹਾ ਦੇ ਮਨਸੂਬਿਆਂ ਦਾ ਜ਼ਿਕਰ ਕੀਤਾ ਹੈ। ਇਸ ਵੈੱਬ ਚੈਟ ਤੋਂ ਪਤਾ ਚੱਲਦਾ ਹੈ ਕਿ ਭਾਰਤ ਅਤੇ ਦੂਜੇ ਦੇਸ਼ਾਂ ਦੇ ਮੈਂਬਰ ਆਈ ਐੱਸ ਦੇ ਖਲੀਫਾ ਅੱਬੂ ਬਦਰ ਅਲ ਬਗਦਾਦੀ 'ਤੇ ਭਰੋਸਾ ਪ੍ਰਗਟਾਉਂਦਿਆਂ ਕਸ਼ਮੀਰ ਨੂੰ ਖਿਲਾਫਤ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਇੰਡੀਅਨ ਆਇਲ ਦੇ ਅਸਿਸਟੈਂਟ ਮੈਨੇਜਰ ਮੁਹੰਮਦ ਸਿਰਾਜੂਦੀਨ ਵਿਰੁੱਧ ਦਾਇਰ ਕੀਤੀ ਗਈ ਐੱਨ ਆਈ ਏ ਦੀ ਚਾਰਜਸ਼ੀਟ ਵਿੱਚ ਸਿਰਾਜੂਦੀਨ ਦੇ ਵਾਟਸ ਐੱਪ, ਟੈਲੀਗ੍ਰਾਮ 'ਤੇ ਆਈ ਐੱਸ ਦੇ ਮੈਂਬਰਾਂ ਨਾਲ ਕੀਤੀ ਗਈ ਚੈਟ ਦਾ ਜ਼ਿਕਰ ਹੈ। ਸਿਰਾਜੂਦੀਨ ਨੂੰ ਲੱਗਦਾ ਸੀ ਕਿ ਜੇ ਕਸ਼ਮੀਰ ਵਿੱਚ ਆਈ ਐੱਸ ਲਈ ਲੜਾਈ ਦੀ ਸ਼ੁਰੂਆਤ ਕੀਤੀ ਗਈ ਤਾਂ ਲੜਾਈ ਦੋ ਮੋਰਚਿਆਂ 'ਤੇ ਹੇਵੇਗੀ। ਭਾਰਤੀ ਫੌਜ ਦੇ ਨਾਲ-ਨਾਲ ਲਸ਼ਕਰੇ ਤਾਇਬਾ, ਜੈਸ਼ ਏ ਮੁਹੰਮਦ ਅਤੇ ਹਿਜਬੁਲ ਮੁਜਾਹਦੀਨ ਵਰਗੀਆਂ ਜਥੇਬੰਦੀਆਂ ਵੀ ਆਈ ਐੱਸ ਆਈ ਐੱਸ ਨਾਲ ਨਹੀਂ ਜੁੜਨਗੀਆਂ ਅਤੇ ਉਹ ਵੀ ਕਸ਼ਮੀਰ ਵਿੱਚ ਆਈ ਐੱਸ ਆਈ ਐੱਸ ਦੇ ਦੁਸ਼ਮਣ ਬਣ ਜਾਣਗੇ।
ਇਸੇ ਤਰ੍ਹਾਂ ਇਕ ਹੋਰ ਖੁਲਾਸੇ ਤੋਂ ਪਤਾ ਚੱਲਿਆ ਹੈ ਕਿ ਆਈ ਐੱਸ ਦੇ ਮੈਂਬਰਾਂ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਅਸ਼ੋਕ ਸਿੰਘਲ ਦੀ ਮੌਤ 'ਤੇ ਜਸ਼ਨ ਮਨਾਇਆ ਸੀ ਅਤੇ ਸਿਰਾਜੂਦੀਨ ਨੇ ਸਿੰਘਲ ਦੀ ਮੌਤ ਨੂੰ ਗੁੱਡ ਨਿਊਜ਼ ਕਿਹਾ ਸੀ। ਭਾਰਤ ਵਿਰੁੱਧ ਜ਼ਹਿਰ ਉਗਲਣ ਵਾਲੇ ਹੈਦਰੀਬਾਨ ਤੇ ਸਿਰਾਜੂਦੀਨ ਨੇ ਭਾਰਤ ਵਿੱਚ ਆਈ ਐੱਸ ਦਾ ਸੁਆਗਤ ਕਰਨ ਲਈ ਸਪੈਸ਼ਲ ਕਰੰਸੀ ਨੋਟ ਵੀ ਬਣਾਇਆ ਸੀ। ਐੱਨ ਆਈ ਏ ਅਨੁਸਾਰ ਸਿਰਾਜੂਦੀਨ ਪੂਰੇ ਵਿਸ਼ਵ ਵਿੱਚ ਆਈ ਐੱਸ ਹਮਾਇਤੀਆਂ ਦੇ ਸੰਪਰਕ ਵਿੱਚ ਰਹਿੰਦੇ ਸੀ। ਹੈਰਾਨਕੁਨ ਗੱਲ ਹੈ ਕਿ ਸਿਰਾਜੂਦੀਨ ਅਲਕਾਇਦਾ ਨਾਲ ਵੀ ਜੁੜਿਆ ਹੋਇਆ ਹੈ। ਉਹ ਕਸ਼ਮੀਰ ਵਿੱਚ ਮਾਰੇ ਗਏ ਅੱਤਵਾਦੀਆਂ ਲਈ ਸ਼ਹੀਦ ਸ਼ਬਦ ਦੀ ਵਰਤੋਂ ਕਰਦਾ ਸੀ।