ਜਮਹੂਰੀ ਕਿਸਾਨ ਸਭਾ ਵੱਲੋਂ ਸੂਬੇ ਭਰ 'ਚ ਧਰਨੇ

ਅੰਮ੍ਰਿਤਸਰ (ਜਸਬੀਰ ਸਿੰਘ)
ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਸੋਮਵਾਰ ਨੂੰ ਜਥੇਬੰਦੀ ਦੇ ਆਗੂਆਂ ਬਾਬਾ ਅਰਜਨ ਸਿੰਘ, ਬੂਟਾ ਸਿੰਘ, ਰਾਜ ਬਲਵੀਰ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਰਤਨ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਅੰਮ੍ਰਿਤਸਰ 'ਚ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ। ਆਗੂਆਂ ਮੰਗ ਕੀਤੀ ਕਿ ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਲਈ ਤੇ 10 ਏਕੜ ਜ਼ਮੀਨ ਦੇ ਮਾਲਕ ਕਿਸਾਨਾਂ ਦੇ ਸਾਰੇ ਕਰਜ਼ਿਆਂ 'ਤੇ ਲੀਕ ਫੇਰੀ ਜਾਵੇ, ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਵਾਰ ਨੂੰ 5 ਲੱਖ ਦਾ ਮੁਆਵਜ਼ਾ ਦਿੱਤਾ ਤੇ ਪਰਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਆਉਣ ਵਾਲੇ ਝੋਨੇ ਦੇ ਸੀਜ਼ਨ ਵਿਚ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਨਹਿਰੀ ਪਾਣੀ ਦੀ ਸਪਲਾਈ ਹਰ ਖੇਤ ਤੱਕ ਪਹੁੰਚਾਈ ਜਾਵੇ, ਵਰਖਾ ਦੇ ਪਾਣੀ ਦੀ ਸਾਂਭ-ਸੰਭਾਲ ਲਈ ਜੇਸੀ ਪੱਧਰ 'ਤੇ ਯਤਨ ਕੀਤੇ ਜਾਣ, ਬੰਜਰ ਜ਼ਮੀਨਾਂ ਦੇ ਅਬਾਦਕਾਰਾਂ ਨੂੰ ਮਾਲਕੀ ਦੇ ਹੱਕ ਦਿੱਤੇ ਜਾਣ, ਗੰਨੇ ਤੇ ਕਣਕ ਦੇ ਰਹਿੰਦੇ ਬਕਾਏ ਤੁਰੰਤ ਕਿਸਾਨਾਂ ਨੂੰ ਦਿੱਤੇ ਜਾਣ ਅਤੇ ਆਉਣ ਵਾਲੇ ਸੀਜ਼ਨ ਵਿੱਚ 15 ਅਕਤੂਬਰ ਤੋਂ ਖੰਡ ਮਿੱਲਾਂ ਚਲਾਈਆਂ ਜਾਣ।
ਮਜੀਠਾ-ਜਮਹੂਰੀ ਕਿਸਾਨ ਸਭਾ ਦੇ ਸੱਦੇ 'ਤੇ ਮਜੀਠਾ ਵਿਖੇ ਵੀ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਜਿਸ ਨੂੰ ਜਥੇਬੰਦੀ ਦੇ ਸਟੇਟ ਕਮੇਟੀ ਮੈਂਬਰ ਹਰਭਜਨ ਸਿੰਘ, ਕਾਰਜ ਸਿੰਘ ਮਜੀਠਾ ਅਤੇ ਕਰਮ ਸਿੰਘ ਝੰਡੇ ਨੇ ਸੰਬੋਧਨ ਕੀਤਾ।
ਬਾਬਾ ਬਕਾਲਾ-ਬਾਬਾ ਬਕਾਲਾ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਦਿੱਤੇ ਗਏ ਰੋਸ ਧਰਨੇ ਨੂੰ ਬਲਦੇਵ ਸਿੰਘ ਸੈਦਪੁਰ, ਗੁਰਮੇਜ ਸਿੰਘ ਤਿੰਮੋਵਾਲ, ਹਰਪ੍ਰੀਤ ਸਿੰਘ ਸਰਪੰਚ ਬੁਟਾਰ, ਨਿਸ਼ਾਨ ਸਿੰਘ ਅਤੇ ਧਰਮ ਸਿੰਘ ਧਿਆਨਪੁਰ ਨੇ ਸੰਬੋਧਨ ਕੀਤਾ।
ਅਜਨਾਲਾ-ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਅਜਨਾਲਾ ਕਸਬੇ ਵਿੱਚ ਦਿਤੇ ਗਏ ਰੋਸ ਧਰਨੇ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੀਤਲ ਸਿੰਘ ਤਲਵੰਡੀ, ਅਜੀਤ ਕੌਰ, ਸਾਬਕਾ ਸਰਪੰਚ ਗੁਰਨਾਮ ਸਿੰਘ ਉਮਰਪੁਰਾ ਅਤੇ ਕੁਲਵੰਤ ਸਿੰਘ ਮੋਲੋਨੰਗਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਤੋਂ ਕਿਸਾਨਾਂ ਦੀ ਭਲਾਈ ਦੀ ਕੋਈ ਆਸ ਨਹੀਂ ਰੱਖਣੀ ਚਾਹੀਦੀ। ਉਨ੍ਹਾ ਕਿਹਾ ਕਿ ਇਨ੍ਹਾਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਦੀ ਹਾਲਤ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਕਿਸਾਨ ਖੁਦਕੁਸ਼ੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਪ੍ਰੰਤੂ ਸਰਕਾਰਾਂ ਕਿਸਾਨਾਂ ਦੇ ਮਸਲੇ ਹੱਲ ਕਰਨ ਵਿੱਚ ਅਸਫਲ ਰਹੀਆਂ ਹਨ।
ਵੱਡੇ-ਵੱਡੇ ਉਦਗਪਤੀਆਂ ਦੇ ਕਰਜ਼ੇ ਮੁਆਫ ਕੀਤੇ ਜਾ ਰਹੇ ਹਨ, ਜਦੋਂ ਕਿ ਕਿਸਾਨਾਂ 'ਤੇ ਕਰਜ਼ੇ ਪਾਉਣ ਲਈ ਏਨਾ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਆਗੂਆਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਖੁਦਕੁਸ਼ੀਆਂ ਕਰਨ ਦੀ ਥਾਂ ਜਥੇਬੰਦਕ ਸੰਘਰਸ਼ ਦਾ ਰਾਹ ਅਖਤਿਆਰ ਕਰਨ।
ਲਹਿਰਾਗਾਗਾ (ਜਗਦੀਸ਼ ਪਾਪੜਾ)-ਜਮਹੂਰੀ ਕਿਸਾਨ ਸਭਾ ਦੇ ਸੱਦੇ ਉੱਤੇ ਤਹਿਸੀਲ ਕਮੇਟੀ ਲਹਿਰਾਗਾਗਾ ਵੱਲੋਂ ਇੱਕ ਜਥਾ ਮਾਰਚ ਕੀਤਾ ਗਿਆ। ਨਵੀਂ ਅਨਾਜ ਮੰਡੀ ਤੋਂ ਸ਼ੁਰੂ ਕਰਕੇ ਐੱਸ. ਡੀ. ਐੱਮ. ਦਫ਼ਤਰ ਤੱਕ ਮਾਰਚ ਕਰਨ ਉਪਰੰਤ ਇਕ ਰੈਲੀ ਕੀਤੀ ਗਈ। ਇਸ ਮਾਰਚ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਲੂਰ ਇਕਾਈ ਦੇ ਮਰਦ ਅਤੇ ਔਰਤਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ।
ਰੈਲੀ ਵਿਚ ਪੁੱਜੇ ਲੋਕਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਭੀਮ ਸਿੰਘ ਆਲਮਪੁਰ ਨੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹੇ ਕਰਜ਼ਿਆਂ ਉਤੇ ਲੀਕ ਮਾਰੀ ਜਾਵੇ। ਵੱਡੀਆਂ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਥੋਕ ਪੱਧਰ ਉੱਤੇ ਕਰਜ਼ੇ ਮੁਆਫ਼ ਕਰਨ ਦੀ ਨੀਤੀ ਬੰਦ ਕੀਤੀ ਜਾਵੇ। ਖ਼ੁਦਕੁਸ਼ੀ ਕਰ ਗਏ ਕਿਸਾਨਾਂ-ਮਜ਼ਦੂਰਾਂ ਦੇ ਪਰਵਾਰਾਂ ਨੂੰ ਸਰਕਾਰੀ ਨੌਕਰੀ ਅਤੇ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਬਲਵੀਰ ਜਲੂਰ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਜਲੂਰ ਦੇ ਆਪਣੇ ਹਿੱਸੇ ਦੀ ਪੰਚਾਇਤੀ ਜ਼ਮੀਨ ਉੱਤੇ ਮਹੀਨੇ ਭਰ ਤੋਂ ਕਬਜ਼ਾ ਕਰੀ ਬੈਠੇ ਮਜ਼ਦੂਰਾਂ ਦੀ ਗੱਲ ਸੁਣਨ ਦੀ ਥਾਂ ਪੁਲਸ ਪ੍ਰਸ਼ਾਸਨ ਨੇ ਕੁਝ ਬੰਦਿਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ, ਉਥੇ ਜਨਰਲ ਵਰਗ ਦੇ ਧਨਾਢ ਚੌਧਰੀਆਂ ਦਾ ਕਬਜ਼ਾ ਕਰਵਾ ਦਿੱਤਾ ਹੈ।
ਇਸ ਮੌਕੇ ਜਮਹੂਰੀ ਕਿਸਾਨ ਸਭਾ ਵੱਲੋਂ ਕਿਸਾਨਾਂ-ਮਜ਼ਦੂਰਾਂ ਦੀਆਂ 15 ਮੰਗਾਂ ਵਾਲਾ ਮੁੱਖ ਮੰਤਰੀ ਦੇ ਨਾਂਅ ਲਿਖਿਆ ਇੱਕ ਮੰਗ ਪੱਤਰ ਅਧਿਕਾਰੀਆਂ ਨੂੰ ਸੌਂਪਿਆ ਗਿਆ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕੁਲਦੀਪ ਕੌਰ, ਪਰਮਿੰਦਰ ਕੌਰ ਜਲੂਰ, ਸੁਖਦੇਵ ਸਿੰਘ ਜਖੇਪਲ, ਮਿੱਤ ਸਿੰਘ ਰਾਮਗੜ੍ਹ, ਕਰਨੈਲ ਸਿੰਘ ਗੁਰਨੇ ਅਤੇ ਸਰਬਜੀਤ ਕੌਰ ਨੇ ਵੀ ਸੰਬੋਧਨ ਕੀਤਾ।