ਜੁਝਾਰ ਬੱਸ ਨੇ ਕੁਚਲੀਆਂ ਦੋ ਸਕੀਆਂ ਭੈਣਾਂ, ਦੋਵਾਂ ਦੀ ਮੌਕੇ 'ਤੇ ਮੌਤ

ਜਗਰਾਉਂ (ਸੰਜੀਵ ਅਰੋੜਾ)
ਸਰਕਾਰੀ ਸ਼ਹਿ 'ਤੇ ਸੜਕਾਂ 'ਤੇ ਚੱਲ ਰਹੀਆਂ ਤੇਜ਼ ਰਫਤਾਰ ਬੱਸਾਂ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਕੁਚਲਦੀਆਂ ਹਨ, ਜਿਨ੍ਹਾਂ ਕਾਰਨ ਰੋਜ਼ਾਨਾ ਬਹੁਗਿਣਤੀ ਲੋਕ ਅੰਗਾਂ-ਪੈਰਾਂ ਤੋਂ ਅਪਾਹਜ ਹੋ ਕੇ ਬੱਸ ਦੇ ਦਿੱਤੇ ਦਰਦ ਨੂੰ ਸਹਿਣ ਲਈ ਮਜਬੂਰ ਹਨ। ਇਨ੍ਹਾਂ ਬੱਸ ਕੰਪਨੀਆਂ ਉਪਰ ਸਰਕਾਰ ਦਾ ਹੱਥ ਹੋਣ ਕਾਰਨ ਪੁਲਸ ਅਤੇ ਪ੍ਰਸ਼ਾਸਨ ਇਨ੍ਹਾਂ ਨੂੰ ਰੋਕਣ ਅਤੇ ਟੋਕਣ ਤੋਂ ਬੇਵੱਸ ਹਨ। ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ 'ਤੇ ਸੇਮ ਪੁਲ ਉੱਪਰ ਸਵੇਰ ਸਮੇਂ ਵਾਪਰੇ ਦਰਦਨਾਕ ਹਾਦਸੇ 'ਚ ਦੋ ਸਕੀਆਂ ਭੈਣਾਂ ਦੀ ਮੌਤ ਹੋਣ ਅਤੇ ਉਨ੍ਹਾਂ ਦੇ ਭਰਾ ਦੇ ਜ਼ਖਮੀ ਹੋਣ ਸੰਬੰਧੀ ਪਤਾ ਲੱਗਿਆ। ਵਾਪਰੇ ਹਾਦਸੇ ਦੇ ਸ਼ਿਕਾਰ ਤਿੰਨੇ ਭੈਣ-ਭਰਾ ਆਪਣੇ ਮੋਟਰਸਾਈਕਲ 'ਤੇ ਜਗਰਾਉਂ ਤੋਂ ਜਵੱਦੀ ਲੁਧਿਆਣਾ ਨੂੰ ਜਾ ਰਹੇ ਸਨ। ਮੋਟਰਸਾਈਕਲ ਚਾਲਕ ਚਰਨ ਕਲਿਆਣ ਦੇ ਪਿੱਛੇ ਉਸ ਦੀ ਛੋਟੀ ਭੈਣ ਸਨੇਹਾ 12 ਅਤੇ ਸ੍ਰਿਸ਼ਟੀ 7 ਸਾਲ ਬੈਠੀ ਸੀ। ਜਦੋਂ ਇਹ ਸੇਮ ਪੁੱਲ ਪੁੱਜੇ ਤਾਂ ਫਿਰੋਜ਼ਪੁਰ-ਮੁਹਾਲੀ ਜਾ ਰਹੀ ਜੁਝਾਰ ਬੱਸ ਕੰਪਨੀ ਲੁਧਿਆਣਾ ਦੀ ਬੱਸ ਨੇ ਪਿੱਛੋਂ ਟੱਕਰ ਮਾਰਦੇ ਹੋਏ ਦੋਨੋਂ ਭੈਣਾਂ ਨੂੰ ਲਪੇਟ ਵਿੱਚ ਲੈਂਦੇ ਹੋਏ ਕੁਚਲ ਕੇ ਰੱਖ ਦਿੱਤਾ ਅਤੇ ਮੋਟਰਸਾਈਕਲ ਚਾਲਕ ਚਰਨ ਕਲਿਆਣ ਦੂਰ ਖਤਾਨਾਂ ਵਿੱਚ ਜਾ ਡਿੱਗਿਆ।
ਮੌਕੇ ਉੱਪਰ ਸੀਨੀਅਰ ਪੁਲਸ ਕਪਤਾਨ ਉਪਿੰਦਰਜੀਤ ਸਿੰਘ ਘੁੰਮਣ, ਐੱਸ.ਪੀ.ਐੱਚ ਮਨਦੀਪ ਸਿੰਘ ਗਿੱਲ, ਡੀ.ਐੱਸ.ਪੀ. ਰਛਪਾਲ ਸਿੰਘ ਰੰਧਾਵਾ, ਡੀ.ਐੱਸ.ਪੀ ਵਰਿਆਮ ਸਿੰਘ ਥਾਣਾ ਸ਼ਹਿਰੀ ਇੰਚਾਰਜ ਜਸਵਿੰਦਰ ਸਿੰਘ ਖੈਹਿਰਾ ਮੌਕੇ 'ਤੇ ਪੁੱਜੇ ਅਤੇ ਮੌਕੇ ਦੀ ਨਜਾਕਤ ਨੂੰ ਸਮਝਦੇ ਹੋਏ ਬੱਸ ਚਾਲਕ ਖਿਲਾਫ ਕਾਰਵਾਈ ਆਰੰਭ ਕੀਤੀ। ਸਥਾਨਕ ਲੋਕਾਂ ਨੂੰ ਜੁਝਾਰ ਬੱਸ ਕੰਪਨੀ 'ਤੇ ਪਹਿਲਾਂ ਤੋਂ ਹੀ ਗੁੱਸਾ ਸੀ। ਦਰਦਨਾਕ ਹਾਦਸੇ ਤਂੋ ਪ੍ਰਭਾਵਿਤ ਹੋਏ ਰਾਹਗੀਰਾਂ ਅਤੇ ਲੋਕਾਂ ਨੇ ਬੱਸ ਚਾਲਕ ਅਤੇ ਕੰਪਨੀ ਖਿਲਾਫ ਗੁੱਸਾ ਜ਼ਾਹਿਰ ਕਰਦੇ ਹੋਏ ਸੇਮ ਪੁਲ ਉੱਪਰ ਆਵਾਜਾਈ ਠੱਪ ਕਰ ਦਿੱਤੀ। ਲੋਕਾ ਦਾ ਕਹਿਣਾ ਕਿ ਇਹ ਬੱਸਾਂ ਰੋਜ਼ਾਨਾ ਤੇਜ਼ ਰਫਤਾਰੀ ਕਾਰਨ ਕਿਸੇ ਨਾ ਕਿਸੇ ਰਾਹਗੀਰ ਨੂੰ ਹਾਦਸੇ ਦਾ ਸ਼ਿਕਾਰ ਬਣਾਉਂਦੀਆਂ ਹਨ। ਪ੍ਰਸ਼ਾਸਨ ਅਤੇ ਪੁਲਸ ਦਾ ਇਨ੍ਹਾਂ ਦੀ ਬੇਬਾਕ ਰਫਤਾਰ 'ਤੇ ਕੋਈ ਕੰਟਰੋਲ ਨਹੀਂ ਹੈ, ਜਿਸ ਕਾਰਨ ਇਹ ਬੱਸਾ ਬਿਨਾਂ ਕਿਸੇ ਡਰ ਭੈਅ ਦੇ ਛੋਟੇ ਸਾਧਨ ਸਕੂਟਰ, ਮੋਟਰਸਾਈਕਲ, ਕਾਰਾਂ ਆਦਿ ਨੂੰ ਟੱਕਰਾ ਮਾਰਦੀਆਂ ਹੋਈਆਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅਪਾਹਜ ਕਰਦੀਆਂ ਹਨ।
ਲੋਕਾਂ ਦੇ ਗੁੱਸੇ ਅੱਗੇ ਸਥਾਨਕ ਪੁਲਸ ਬੇਵੱਸ ਨਜ਼ਰ ਆਉਣ ਲੱਗੀ ਤਾਂ ਉੱਚ ਅਧਿਕਾਰੀਆਂ ਨੇ ਆਪਣੀ ਸੂਝ ਤੋਂ ਕੰਮ ਲੈਂਦੇ ਹੋਏ ਮ੍ਰਿਤਕ ਲੜਕੀਆਂ ਦੀਆਂ ਲਾਸ਼ਾਂ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਪਹੁੰਚਾਈਆਂ ਅਤੇ ਉਨ੍ਹਾਂ ਦੇ ਭਰਾ ਚਮਨ ਕਲਿਆਣ ਨੂੰ ਇਲਾਜ ਲਈ ਹਸਪਤਾਲ ਭੇਜਿਆ। ਪੁਲਸ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਅਤੇ ਆਵਾਜਾਈ ਬਹਾਲ ਕਰਨ ਲਈ ਸੜਕ ਉੱਪਰ ਅੜੇ ਬੈਠੇ ਲੋਕਾਂ ਦੀਆਂ ਮਿੰਨਤਾ-ਤਰਲੇ ਕਰਨੇ ਪਏ। ਅਖੀਰ ਪੁਲਸ ਨੇ ਬੱਸ ਨੰ. ਪੀ.ਬੀ.29ਆਰ. 6176 ਨੂੰ ਆਪਣੇ ਕਬਜ਼ੇ ਵਿੱਚ ਲੈਂਦੇ ਹੋਏ ਉਸ ਦੇ ਚਾਲਕ ਬਲਵਿੰਦਰ ਸਿੰਘ ਵਾਸੀ ਪਿੰਡ ਮਹਿਣਾ ਜ਼ਿਲ੍ਹਾ ਮੋਗਾ ਖਿਲਾਫ ਮ੍ਰਿਤਕ ਲੜਕੀਆਂ ਦੀ ਮਾਤਾ ਪਰਮਜੀਤ ਕੌਰ ਵਾਸੀ ਜਵੱਦੀ ਲੁਧਿਆਣਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ। ਇਸ ਮਾਮਲੇ ਦੀ ਪੜਤਾਲ ਕਰ ਰਹੇ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਮੌਕਾ ਏ ਵਾਰਦਾਤ ਤੋਂ ਡਰਾਈਵਰ ਖਿਸਕ ਗਿਆ, ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪੇ ਮਾਰੇ ਗਏ ਹਨ। ਇਸ ਮਾਮਲੇ ਨੂੰ ਸੀਨੀਅਰ ਪੁਲਸ ਕਪਤਾਨ ਸ੍ਰੀ ਘੁੰਮਣ ਨੇ ਆਖਿਆ ਕਿ ਅਜਿਹੇ ਬੱਸ ਚਾਲਕਾਂ ਖਿਲਾਫ ਵਿਭਾਗੀ ਕਾਰਵਾਈ ਕਰਨ ਤੋਂ ਦੇਰ ਨਹੀਂ ਕੀਤੀ ਜਾਵੇਗੀ ਅਤੇ ਪੀੜਤ ਪਰਵਾਰ ਨੂੰ ਇਨਸਾਫ ਦਿੱਤਾ ਜਾਵੇਗਾ।
ਇਥੇ ਜ਼ਿਕਰਯੋਗ ਹੈ ਕਿ ਇਸ ਹਾਦਸੇ ਤੋਂ ਪਹਿਲਾਂ ਵੀ ਪੰਜਾਬ ਦੀ ਧਰਤੀ 'ਤੇ ਵੱਖ-ਵੱਖ ਥਾਵਾਂ ਉੱਪਰ ਇਨ੍ਹਾਂ ਬੱਸਾ ਨੇ ਕਈ ਲੋਕ ਕੁਚਲੇ ਹਨ ਅਤੇ ਪਰਵਾਰਾਂ ਦੇ ਪਰਵਾਰ ਖਾਲੀ ਕੀਤੇ ਹਨ। ਲੋਕਾਂ ਨੇ ਮੌਤ ਦੀ ਸੁਦਾਗਰ ਇਨ੍ਹਾਂ ਬੱਸਾ ਖਿਲਾਫ ਸਰਕਾਰ ਪ੍ਰਸ਼ਾਸਨ ਨੂੰ ਸ਼ਿਕੰਜਾ ਕੱਸਣ ਦੀ ਅਪੀਲ ਕੀਤੀ ਹੈ।